ਰਹਿੰਦੇ 199 ਸੈਂਟਰਾਂ ਵਿਚ ਵੀ ਸ਼ੁੱੱਧ ਪੀਣਯੋਗ ਪਾਣੀ ਦੀ ਸਹੂਲਤ ਮੁਹੱਈਆ: ਜ਼ਿਲਾ ਪੋ੍ਗਰਾਮ ਅਫਸਰ
ਰਘਵੀਰ ਹੈਪੀ , ਬਰਨਾਲਾ, 12 ਮਾਰਚ 2021
ਸਰਕਾਰ ਵੱਲੋਂ ਚਲਾਏ ਜਾ ਰਹੇ ‘ਜਲ ਜੀਵਨ ਮਿਸ਼ਨ’ ਤਹਿਤ ਜਿੱਥੇ ਸਾਫ ਪੀਣਯੋਗ ਪਾਣੀ ਘਰ ਘਰ ਮੁਹੱਈਆ ਕਰਾਉਣ ਦੇ ਉਪਰਾਲੇ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਕੀਤੇ ਜਾ ਰਹੇ ਹਨ, ਉਥੇ ਜਨਤਕ ਇਮਾਰਤਾਂ ਵਿੱਚ ਵੀ ਇਹ ਸਹੂਲਤ ਯਕੀਨੀ ਬਣਾਈ ਜਾ ਰਹੀ ਹੈ। ਇਸ ਮਿਸ਼ਨ ਤਹਿਤ ਜ਼ਿਲਾ ਬਰਨਾਲਾ ਦੇ ਸਾਰੇ ਆਂਗਣਵਾੜੀ ਸੈਂਟਰਾਂ ਨੂੰ ਕਵਰ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਬਰਨਾਲਾ ਦੇ ਸਾਰੇ ਆਂਗਣਵਾੜੀ ਕੇਂਦਰਾਂ ਨੂੰ ਜਲ ਜੀਵਨ ਮਿਸ਼ਨ ਅਧੀਨ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਜ਼ਿਲਾ ਬਰਨਾਲਾ ਵਿਚ ਕੁੱਲ 669 ਆਂਗਣਵਾੜੀ ਸੈਂਟਰ ਪਿੰਡਾਂ ਅਤੇ ਸ਼ਹਿਰਾਂ ਵਿਚ ਚੱਲ ਰਹੇ ਹਨ। ਇਨਾਂ ਵਿੱਚੋਂ 199 ਹੋਰ ਆਂਗਣਵਾੜੀ ਸੈਂਟਰਾਂ ਨੂੰ ਸਾਫ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਇਨਾਂ ਵਿਚੋਂ 164 ਸੈਂਟਰ ਪਿੰਡਾਂ ਨਾਲ ਸਬੰਧਤ ਅਤੇ 35 ਆਂਗਣਵਾੜੀ ਸੈਂਟਰ ਸ਼ਹਿਰਾਂ ਨਾਲ ਸਬੰਧਤ ਹਨ। ਇਨਾਂ 199 ਆਂਗਣਵਾੜੀ ਸੈਂਟਰਾਂ ਵਿਚ ਇਹ ਸਹੂਲਤ ਮੁਹੱਈਆ ਕਰਾਉਣ ਨਾਲ ਸਾਰੇ ਆਂਗਣਵਾੜੀ ਸੈਂਟਰ ਮਿਸ਼ਨ ਅਧੀਨ ਕਵਰ ਕਰ ਲਏ ਗਏ ਹਨ ਤਾਂ ਜੋ ਕੋਈ ਵੀ ਆਂਗਣਵਾੜੀ ਸੈਂਟਰ ਸਾਫ ਤੇ ਸ਼ੁੱਧ ਪੀਣਯੋਗ ਪਾਣੀ ਦੇ ਕੁਨੈਕਸ਼ਨ ਤੋਂ ਵਾਂਝਾ ਨਾ ਰਹੇ।