ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀਆਂ ਦਲੀਲਾਂ ਨਾਲ ਸਹਿਮਤ ਹੋਏ ਸ਼ੈਸਨ ਜੱਜ
ਖਾਲਸਾ ਨੇ ਕਿਹਾ, ਐਸ.ਆਈ. ਗੈਂਗਰੇਪ ਦੀ ਸਾਜਿਸ਼ ਦਾ ਹਿੱਸਾ
ਹਰਿੰਦਰ ਨਿੱਕਾ, ਬਰਨਾਲਾ 10 ਮਾਰਚ 2021
ਤਾਂਤਰਿਕ ਗੈਂਗਰੇਪ ਕੇਸ ਦੇ ਦੋਸ਼ਾਂ ‘ਚ ਘਿਰੇ ਥਾਣਾ ਸਿਟੀ 1 ਬਰਨਾਲਾ ਦੇ ਤਤਕਾਲੀ ਐਡੀਸ਼ਨਲ ਐਸ ਐਚ ਉ SI ਗੁਲਾਬ ਸਿੰਘ ਅਤੇ ਗੈਂਗਰੇਪ ਦੇ ਦੋਸ਼ੀ ਤੇ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲੇ ਦੀ ਅਗਾਊਂ ਜਮਾਨਤ ਦੀ ਅਰਜੀ ਸ਼ੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਰੱਦ ਕਰ ਦਿੱਤੀ। ਦੋਵਾਂ ਨਾਮਜਦ ਦੋਸ਼ੀਆਂ ਨੇ ਆਪਣੇ ਵੱਖ ਵੱਖ ਵਕੀਲਾਂ ਦੇ ਰਾਹੀਂ ਅਦਾਲਤ ‘ਚ ਐਂਟੀਸਪੇਟਰੀ ਜਮਾਨਤ ਲਈ ਅਰਜੀ ਦਾਇਰ ਕੀਤੀ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਡੀ ਐਸ ਪੀ ਲਖਵੀਰ ਸਿੰਘ ਟਿਵਾਣਾ ਅਤੇ ਥਾਣਾ ਸਿਟੀ 1 ਦੇ ਐਸ ਐਚ ਉ ਲਖਵਿੰਦਰ ਸਿੰਘ ਪੁਲਿਸ ਦਾ ਰਿਕਾਰਡ ਲੈ ਕੇ ਅਦਾਲਤ ਵਿੱਚ ਹਾਜਿਰ ਹੋਏ।
ਦੋਵਾਂ ਨਾਮਜਦ ਦੋਸ਼ੀਆਂ ਦੇ ਵਕੀਲਾਂ ਨੇ ਜਿੱਥੇ ਦੋਵਾਂ ਦੋਸ਼ੀਆਂ ਦਾ ਬੇਕਸੂਰ ਹੋਣ ਸਬੰਧੀ ਦਲੀਲਾਂ ਦਿੱਤੀਆਂ। ਜਦੋਂਕਿ ਗੈਂਗਰੇਪ ਪੀੜਤ ਮੁਦਈ ਲੜਕੀ ਦੀ ਤਰਫੋਂ ਪੇਸ਼ ਹੋਏ ਪ੍ਰਸਿੱਧ ਫੌਜਦਾਰੀ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਅਦਾਲਤ ਨੂੰ ਦੱਸਿਆ ਕਿ ਐਸ.ਆਈ. ਗੁਲਾਬ ਸਿੰਘ ਬੇਸ਼ੱਕ ਖੁਦ ਐਸ.ਸੀ ਕੈਟਾਗਰੀ ਨਾਲ ਸਬੰਧਿਤ ਹੈ ਅਤੇ ਉਸਦੇ ਖਿਲਾਫ ਡਿਊਟੀ ਵਿੱਚ ਲਾਪਰਵਾਹੀ ਵਰਤਣ ਦਾ ਹੀ ਜੁਰਮ ਹੈ। ਪਰੰਤੂ ਉਸਦੀ ਲਾਪਰਵਾਹੀ ਦੀ ਵਜ੍ਹਾ ਕਾਰਣ ਹੀ ਲੜਕੀ ਨਾਲ ਗੈਂਗਰੇਪ ਦੀ ਘਟਨਾ ਵਾਪਰੀ ਹੈ ਅਤੇ ਕਰੀਬ 9 ਮਹੀਨਿਆਂ ਤੱਕ ਪੀੜਤ ਨੂੰ ਅੱਤਿਆਚਾਰਾਂ ਦਾ ਸ਼ਿਕਾਰ ਹੋਣਾ ਪਿਆ। ਇਸ ਲਈ ਐਸ ਆਈ ਵੀ ਗੈਂਗਰੇਪ ਦੀ ਸਾਜਿਸ਼ ‘ਚ ਸ਼ਾਮਿਲ ਹੈ ਉਨ੍ਹਾਂ ਧਰਮਿੰਦਰ ਘੜੀਆਂ ਵਾਲਾ ਬਾਰੇ ਅਦਾਲਤ ਨੂੰ ਦੱਸਿਆ ਕਿ ਉਹ ਤਾਂ ਗੈਂਗਰੇਪ ਦਾ ਹੀ ਸਿੱਧੇ ਤੌਰ ਤੇ ਮੁਜਰਮ ਹੈ। ਖਾਲਸਾ ਨੇ ਕਿਹਾ ਕਿ ਧਰਮਿੰਦਰ ਤਾਂ ਉਹ ਗੈਂਗ ਦਾ ਮੈਂਬਰ ਹੈ ,ਜੋ ਨਾਬਾਲਿਗ ਲੜਕੇ ਦਾ ਜਨਮ ਸਰਟੀਫਿਕੇਟ ਵੀ ਬਦਲਕੇ ਉਸਦਾ ਵਿਆਹ ਤੱਕ ਕਰਵਾਉਣ ਵਿੱਚ ਮਾਹਿਰ ਹੈ।
ਐਡਵੋਕੇਟ ਖਾਲਸਾ ਨੇ ਕਿਹਾ ਕਿ ਦੋਵਾਂ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਜਰੂਰੀ ਹੈ। ਮਾਨਯੋਗ ਅਦਾਲਤ ਨੇ ਐਡਵੋਕੇਟ ਖਾਲਸਾ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਨਾਮਜਦ ਦੋਸ਼ੀਆਂ ਦੀਆਂ ਅਗਾਊਂ ਜਮਾਨਤ ਦੀਆਂ ਅਰਜੀਆਂ ਖਾਰਿਜ ਕਰ ਦਿੱਤੀਆਂ।