ਮੁੱਖ ਮੰਤਰੀ ਨੇ ਮੰਨਿਆ ਲਿੰਕ ਸੜਕਾਂ ਖ਼ਰਾਬ,ਵਿੱਤੀ ਸਾਲ ‘ਚ ਕਰਵਾਂਗੇ ਠੀਕ
ਏ.ਐਸ. ਅਰਸ਼ੀ , ਚੰਡੀਗੜ੍ਹ 2 ਮਾਰਚ 2021
ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਹਲਕਾ ਬਠਿੰਡਾ ਦਿਹਾਤੀ ਦੀਆਂ ਟੁੱਟ ਚੁੱਕੀਆਂ ਲਿੰਕ ਸੜਕਾਂ ਦੇ ਮੁੱਦੇ ਤੋਂ ਹੋਈ। ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅੱਗੇ ਦਿਹਾਤੀ ਦੀ ਪਿੰਡ ਤਿਉਣਾ ਤੋਂ ਬਾਹੋ ਸਿਵਿਆਂ, ਪਿੰਡ ਜੈ ਸਿੰਘ ਵਾਲਾ ਤੋਂ ਪਿੰਡ ਸੰਗਤ, ਪਿੰਡ ਤਿਉਣਾ ਮੀਆਂ ਤੋਂ ਪਿੰਡ ਨਰੂਆਣਾ, ਪਿੰਡ ਬੱਲੂਆਣਾ ਤੋਂ ਪਿੰਡ ਬੁਰਜ ਮਹਿਮਾ, ਪਿੰਡ ਚੁੱਘੇ ਕਲਾਂ ਤੋਂ ਪਿੰਡ ਚੁੱਘੇ ਖ਼ੁਰਦ ਅਤੇ ਪਿੰਡ ਝੁੰਬਾ ਤੋਂ ਪਿੰਡ ਬਾਹੋ ਯਾਤਰੀ ਦੀਆਂ ਲਿੰਕ ਸੜਕਾਂ ਨੂੰ ਨਵੇਂ ਸਿਰੇ ਤੋਂ ਬਨਵਾਉਣ ਦੀ ਮੰਗ ਰੱਖੀ। ਜਿਸ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਨਿਆ ਕਿ ਹਲਕਾ ਬਠਿੰਡਾ ਦਿਹਾਤੀ ਦੀਆਂ ਇਹਨਾਂ ਲਿੰਕ ਸੜਕਾਂ ਵਿੱਚ ਟੋਏ ਪਏ ਹੋਏ ਹਨ ਇਹਨਾਂ ਲਿੰਕ ਸੜਕਾਂ ਨੂੰ ਨਵਾਂ ਨਹੀਂ ਬਣਾਇਆ ਜਾ ਸਕਦਾ ਹੈ ਲੇਕਿਨ ਇਹਨਾਂ ਲਿੰਕ ਸੜਕਾਂ ਦੀ ਰਿਪੇਅਰ ਵਿੱਤੀ ਸਾਲ ਵਿੱਚ ਕਰਵਾ ਦਿੱਤੀ ਜਾਵੇਗੀ।
ਇਸ ਜੁਆਬ ਉੱਪਰ ਸੰਤੁਸ਼ਟੀ ਜਾਹਰ ਨਾ ਕਰਦੇ ਹੋਏ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇਹਨਾਂ ਲਿੰਕ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਲਿੰਕ ਸੜਕਾਂ ਦਾ ਕੇਂਦਰ ਪਿੰਡ ਘੁੱਦਾ ਹੈ, ਜਿੱਥੇ ਸਬ ਡਿਵੀਜ਼ਨਲ ਹਸਪਤਾਲ ਤੋਂ ਇਲਾਵਾ ਸੈਂਟਰਲ਼ ਯੂਨੀਵਰਸਿਟੀ, ਰੀਜਨਲ ਕਾਲਜ, ਪਾਲੀਟੈਕਨਿਕ ਕਾਲਜ਼, ਸਰਕਾਰੀ ਸਪੋਰਟਸ ਸਕੂਲ ਸਥਾਪਿਤ ਹਨ ਜਿਹਨਾਂ ਵਿੱਚ ਸੈਂਕੜੇ ਲੋਕ ਰੋਜ਼ਾਨਾ ਘੁੱਦਾ ਆਉਂਦੇ ਜਾਂਦੇ ਹਨ ਅਤੇ ਸੰਗਤ ਮੰਡੀ ਅਤੇ ਘੁੱਦਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸਹੂਲਤਾਂ ਲੈਣ ਵਾਲੀਆਂ ਗਰਭਵਤੀ ਔਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿੰਕ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਇਆ ਜਾਵੇ। ਇਹ ਸਮੱਸਿਆ ਨਾਲ ਬਠਿੰਡਾ ਦਿਹਾਤੀ ਦੇ ਲੋਕ ਲੰਮੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਦਿਹਾਤੀ ਖ਼ੇਤਰ ਦੀਆਂ ਲਿੰਕ ਸੜਕਾਂ ਤੱਕ ਨਹੀਂ ਬਣਾ ਸਕੀ ਜਦਕਿ ਹੁਣ ਸੂਬਾ ਸਰਕਾਰ ਦਾ ਇੱਕ ਸਾਲ ਬਾਕੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਅਮਰਿੰਦਰ ਸਿੰਘ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ ਹਨ ਜਿਸ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਸਾਲ 2022 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਬੱਜਟ ਸੈਸ਼ਨ ਦੌਰਾਨ ਕਿਸਾਨੀ, ਸਿਹਤ ਅਤੇ ਹੋਰ ਸਥਾਨਿਕ ਮੁੱਦਿਆਂ ਉੱਪਰ ਉਹਨਾਂ ਵਲੋਂ ਸਰਕਾਰ ਨੂੰ ਘੇਰ ਕੇ ਵਿਰੋਧੀ ਧਿਰ ਦਾ ਫਰਜ਼ ਨਿਭਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਲ 2022 ਵਿੱਚ ਆਪ ਦੀ ਸਰਕਾਰ ਸੱਤਾ ਵਿੱਚ ਆਉਣ ਤੇ ਬਠਿੰਡਾ ਦਿਹਾਤੀ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।