ਐਸ.ਐਸ.ਪੀ. ਗੋਇਲ ਨੇ ਮੌਕੇ ਤੇ ਹੀ ਦਿੱਤੇ ਕਾਨੂੰਨੀ ਕਾਰਵਾਈ ਦੇ ਹੁਕਮ, 20 ਮਿੰਟ ਬਾਅਦ ਹੀ ਬਿਆਨ ਕਲਮਬੰਦ ਪਹੁੰਚਿਆ ਏ.ਐਸ.ਆਈ
ਰਘਵੀਰ ਹੈਪੀ , ਬਰਨਾਲਾ 2 ਮਾਰਚ 2021
ਸੰਘੇੜਾ ਪਿੰਡ ਦੀ ਰਹਿਣ ਵਾਲੀ ਸਹੁਰੇ ਦੀ ਕਥਿਤ ਕੁੱਟਮਾਰ ਤੋਂ ਸਤਾਈ ਹੋਈ ਸਿਪਾਹੀ ਦੀ ਘਰਵਾਲੀ ਨੇ ਹਸਪਤਾਲ ਪਹੁੰਚੇ ਐਸ.ਐਸ.ਪੀ. ਨੂੰ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ। ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ 5 ਘੰਟਿਆਂ ਦੇ ਅੰਦਰ ਅੰਦਰ ਹੀ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤਾ ਮਨਦੀਪ ਕੌਰ ਪਤਨੀ ਸਿਪਾਹੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਸੌਹਰੇ ਉਜਾਗਰ ਸਿੰਘ ਨੇ ਉਸ ਨੂੰ ਸਿਰ ਦੇ ਵਾਲਾਂ ਤੋਂ ਫੜ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਉਨਾਂ ਝਗੜੇ ਦੀ ਵਜ੍ਹਾ ਬਾਰੇ ਦੱਸਿਆ ਕਿ ਜਦੋਂ ਵੀ ਅਸੀਂ ਆਪਣੇ ਸੌਹਰੇ ਤੋਂ ਜਾਇਦਾਦ ਵਿੱਚੋਂ ਆਪਣਾ ਹੱਕ ਮੰਗਦੇ ਹਾਂ ਤਾਂ ਸੌਹਰਾ ਉਜਾਗਰ ਸਿੰਘ। ਸੱਸ ਬਿਮਲਜੀਤ ਕੌਰ ਅਤੇ ਜੇਠ ਅਮਰਜੀਤ ਸਿੰਘ ਉਨਾਂ ਦੀ ਅਵਾਜ ਦਬਾਉਣ ਲਈ ਕੁੱਟਮਾਰ ਕਰਦੇ ਹਨ, ਅਜਿਹਾ ਕਈ ਵਾਰ ਹੋ ਚੁੱਕਾ ਹੈ। ਉਨਾਂ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਨੂੰ ਉਕਤ ਵਿਅਕਤੀਆਂ ਤੋਂ ਜਾਨ ਦਾ ਖਤਰਾ ਬਣਿਆ ਹੋਇਆ। ਉਨਾਂ ਰੋਂਦਿਆਂ ਕਿਹਾ ਕਿ ਜੇਕਰ ਮੈਨੂੰ,ਮੇਰੇ ਪਤੀ ਜਾਂ ਬੱਚਿਆਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਜਿੰਮੇਵਾਰ ਉਕਤ ਵਿਅਕਤੀ ਹੀ ਹੋਣਗੇ।
ਉੱਧਰ ਜਿਵੇਂ ਹੀ ਐਸਐਸਪੀ ਗੋਇਲ ਉਥੋਂ ਨਿੱਕਲੇ ਤਾਂ ਕਰੀਬ 20 ਕੁ ਮਿੰਟਾਂ ਬਾਅਦ ਹੀ ਥਾਣਾ ਸਿਟੀ 1 ਦਾ ਏ.ਐਸ.ਆਈ. ਸਤਵਿੰਦਰ ਪਾਲ ਸਿੰਘ ਪੀੜਤ ਦੇ ਬਿਆਨ ਕਲਮਬੰਦ ਕਰਨ ਲਈ ਹਸਪਤਾਲ ਪਹੁੰਚ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸਤਵਿੰਦਰ ਪਾਲ ਸਿੰਘ ਨੇ ਕਿਹਾ ਕਿ ਜਖਮੀ ਮਨਦੀਪ ਕੌਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਨਾਮਜ਼ਦ ਦੋਸ਼ੀਆਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।