ਸੁਣ ਵੇ ਰਾਜ ਕਰੇਂਦਿਆ
ਸੁਣ ਵੇ ਰਾਜ ਕਰੇਂਦਿਆ ,ਤੇਰੀ ਬੁੱਧੀ ਗਈ ਉਲੱਥ,
ਤੂੰ ਖਾਵੇ ਖੇਤ ਹੀ ਆਪਣੇ,ਤੇਰੀ ਗਿੱਟਿਆਂ ਦੇ ਵਿੱਚ ਮੱਤ।
ਸੁਣ ਵੇ ਰਾਜ ਕਰੇਂਦਿਆ,ਤੇਰੇ ਪੁੱਠੇ ਬੜੇ ਕਾਨੂੰਨ,
ਪਰ ਚੱਲਣ ਅਸੀਂ ਨਾ ਦੇਵਣੇ,ਸਾਡੇ ਖੂਨ ਚ ਇਹੋ ਜਨੂੰਨ।
ਸੁਣ ਵੇਂ ਰਾਜ ਕਰੇਂਦਿਆ,ਤੇਰੀ ਟੇਡੀ ਮੇਢੀ ਚਾਲ,
ਅਸਾਂ ਬੰਨ੍ਹ ਲਈ ਪਗੜੀ ਮੌਤ ਦੀ,ਤੇਰੇ ਪੈਰੀਂ ਪਊ ਭੂਚਾਲ।
ਸੁਣ ਵੇ ਰਾਜ ਕਰੇਂਦਿਆ,ਸਾਡੀ ਖੇਤੀ ਸਾਡਾ ਧਰਮ,
ਤੈਨੂੰ ਕਿਰਤ ਸਮਝ ਨਾ ਆਵਣੀ, ਕਿਉ ਲੱਥੀ ਤੇਰੀ ਸ਼ਰਮ।
ਸੁਣ ਵੇ ਰਾਜ਼ ਕਰੇਂਦਿਆ , ਵੇ ਕੀ ਅਕਾਸ਼ ਪਤਾਲ,
ਅਸੀ ਸਭ ਚਤੁਰਾਈ ਸਮਝਦੇ,ਨਾ ਪਾ, ਸ਼ਬਦਾਂ ਦੇ ਜਾਲ।
ਸੁਣ ਵੇ ਰਾਜ ਕਰੇਂਦਿਆ ,ਅਸੀਂ ਹਾਂ ਨਾਨਕ ਦੇ ਜਾਏ,
ਤੇਰੇ ਵਰਗੇ ਬਾਬਰ-ਕੇ ਕਈ , ਹਨ ਨਰਕਾਂ ਨੂੰ ਪਾਏ,
ਸੁਣ ਵੇ ਰਾਜ ਕਰੇਂਦਿਆ ,ਇਥੇ ਕਈ ਆਏ ਕਈ ਗਏ,
“ਰਾਜਨ” ਰਾਜ ਸਦਾ ਨਹੀਂ ਰਹਿੰਦੇ , ਝੱਟ ਤਖ਼ਤੇ ਪਲਟ ਗਏ।
ਰਾਜਨਦੀਪ ਕੌਰ ਮਾਨ
6239326166