ਰਿਟਰਨਿੰਗ ਅਫਸਰ ਦੇ ਦਫਤਰ ‘ਚ ਗੂੰਜਿਆਂ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਦੇ ਖਿਲਾਫ ਦਰਜ ਠੱਗੀ ਦਾ ਮਾਮਲਾ

Advertisement
Spread information

ਅਜ਼ਾਦ ਉਮੀਦਵਾਰ ਸਰੋਜ ਰਾਣੀ ਨੇ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਤੇ ਲਾਇਆ ਸੀ ਨਾਮਜਦਗੀ ਸਮੇਂ ਤੱਥ ਲੁਕਾਉਣ ਦਾ ਦੋਸ਼

ਦੋਵੇਂ ਧਿਰਾਂ ਦੇ ਵਕੀਲਾਂ ਦੀ ਭਖਵੀਂ ਬਹਿਸ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਸਰਲਾ ਦੇਵੀ ਤੇ ਲੱਗੇ ਇਤਰਾਜ ਕੀਤੇ ਰੱਦ

ਭਾਜਪਾ ਦੇ ਸੂਬਾਈ ਨੇਤਾ ਨੀਰਜ ਜਿੰਦਲ ਅਤੇ ਸਰੋਜ ਰਾਣੀ ਨੇ ਕਿਹਾ ਸਰਕਾਰ ਦੀ ਸ਼ਹਿ ਤੇ ਇਤਰਾਜ ਕੀਤੇ ਰੱਦ, ਹੁਣ ਰਿਟਰਨਿੰਗ ਅਫਸਰ ਦੇ ਫੈਸਲੇ ਖਿਲਾਫ ਜਾਵਾਂਗੇ ਹਾਈਕੋਰਟ


ਹਰਿੰਦਰ ਨਿੱਕਾ ,ਬਰਨਾਲਾ 4 ਫਰਵਰੀ 2021

              ਨਗਰ ਕੌਂਸਲ ਚੋਣਾਂ ਲਈ ਦਾਖਿਲ ਨਾਮਜਦਗੀ ਪੇਪਰਾਂ ਦੀ ਪੜਤਾਲ ਦੇ ਦੌਰਾਨ ਅੱਜ ਦਿਨ ਭਰ ਰਿਟਰਨਿੰਗ ਅਫਸਰ ਤੇ ਐਸਡੀਐਮ ਬਰਨਾਲਾ ਦੇ ਦਫਤਰ ‘ਚ ਵਾਰਡ ਨੰਬਰ 15 ਤੋਂ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਅਤੇ ਬਰਨਾਲਾ ਕਲੱਬ ਦੇ ਸੈਕਟਰੀ ਰਾਜੀਵ ਲੂਬੀ ਦੀ ਮਾਤਾ ਦੇ ਖਿਲਾਫ ਦਰਜ ਠੱਗੀ ਦਾ ਮਾਮਲਾ ਗੂੰਜਦਾ ਰਿਹਾ। ਸਰਲਾ ਦੇਵੀ ਤੇ ਇਹ ਇਤਰਾਜ ਉਸ ਦੀ ਮੁੱਖ ਵਿਰੋਧੀ ਅਜਾਦ ਉਮੀਦਵਾਰ ਸਰੋਜ ਰਾਣੀ ਅਤੇ ਭਾਜਪਾ ਦੇ ਯੁਵਾ ਮੋਰਚਾ ਦੇ ਸੂਬਾਈ ਸਕੱਤਰ ਦੀ ਮਾਤਾ ਨੇ ਲਿਖਤੀ ਰੂਪ ਵਿੱਚ ਲਾਇਆ ਸੀ। ਸਰੋਜ ਰਾਣੀ ਨੇ ਰਿਟਰਨਿੰਗ ਅਫਸਰ ਨੂੰ ਦਿੱਤੇ ਲਿਖਤੀ ਇਤਰਾਜ ‘ਚ ਕਿਹਾ ਸੀ ਕਿ ਸਰਲਾ ਦੇਵੀ ਦੇ ਖਿਲਾਫ 20 ਸਤੰਬਰ 2017 ਨੂੰ ਥਾਣਾ ਸਿਟੀ ਬਰਨਾਲਾ ਵਿਖੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਸਬੰਧ ਵਿੱਚ ਐਫ.ਆਈ.ਆਰ ਨੰਬਰ 297 ਅਧੀਨ ਜੁਰਮ 420/120 B, IPC ਦਰਜ ਹੈ। ਪਰੰਤੂ ਸਰਲਾ ਦੇਵੀ ਨੇ ਆਪਣੇ ਨਾਮਜਦਗੀ ਪੇਪਰ ਦਾਖਿਲ ਕਰਨ ਸਮੇਂ ਇਹ ਗੱਲ ਲੁਕੋ ਕੇ ਚੋਣ ਕਮਿਸ਼ਨ ਵੱਲੋਂ ਜਾਰੀ ਹਿਦਾਇਤਾਂ ਦੀ ਉਲੰਘਣਾ ਕੀਤੀ ਹੈ। ਪਰੰਤੂ ਕਰੀਬ 6 ਵਜੇ ਰਿਟਰਨਿੰਗ ਅਧਿਕਾਰੀ ਤੇ ਐਸਡੀਐਮ ਵਰਜੀਤ ਸਿੰਘ ਵਾਲੀਆਂ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਸਰਲਾ ਦੇਵੀ ਦੀ ਨਾਮਜਦਗੀ ਤੇ ਲਗਾਏ ਇਤਰਾਜ ਰੱਦ ਕਰ ਦਿੱਤੇ। ਇਸ ਫੈਸਲੇ ਨੂੰ ਸਰੋਜ ਰਾਣੀ ਤੇ ਉਸਦੇ ਸਮਰਥਕਾਂ ਨੇ ਸਰਕਾਰ ਦੇ ਦਬਾਅ ਅਧੀਨ ਕੀਤਾ ਫੈਸਲਾ ਕਰਾਰ ਦਿੰਦਿਆਂ ਹਿਸ ਦੀ ਅਪੀਲ ਸਮਰੱਥ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਕਰਨ ਦਾ ਐਲਾਨ ਕੀਤਾ ਹੈ। ਬੇਸ਼ੱਕ ਰਿਟਰਨਿੰਗ ਅਧਿਕਾਰੀ ਨੇ ਸਰਲਾ ਦੇਵੀ ਦੇ ਨਾਮਜਦਗੀ ਪੇਪਰਾਂ ਤੇ ਲਾਇਆ ਇਤਰਾਜ ਰੱਦ ਕਰ ਦਿੱਤਾ ਹੈ। ਫਿਰ ਵੀ ਸਰਲਾ ਦੇਵੀ ਖਿਲਾਫ ਕਈ ਸਾਲ ਪਹਿਲਾਂ ਦਰਜ ਠੱਗੀ ਦਾ ਮਾਮਲਾ ਚੋਣਾਂ ਦੌਰਾਨ, ਉਸਦਾ ਪਿੱਛਾ ਨਹੀਂ ਛੱਡੇਗਾ। ਸਰੋਜ ਰਾਣੀ ਦੇ ਸਮਰਥਕ ਇਸ ਕੇਸ ਨੂੰ ਇੱਕ ਹਥਿਆਰ ਦੇ ਤੌਰ ਦੇ ਜਰੂਰ ਵਰਤਦੇ ਰਹਿਣਗੇ। ਇੱਕ ਗੱਲ ਹੋਰ, ਸ਼ਹਿਰ ਦੇ ਲੋਕਾਂ ਵਿੱਚ ਕਾਂਗਰਸੀ ਉਮੀਦਵਾਰ ਖਿਲਾਫ ਦਰਜ਼ ਠੱਗੀ ਦੀ ਐਫ.ਆਈ.ਆਰ. ਨੂੰ ਜਾਣਨ ਬਾਰੇ ਸਭ ਤੋਂ ਵਧੇਰੇ ਉਤਸਕਤਾ ਬਣ ਗਈ ਹੈ। 

Advertisement

ਇਤਰਾਜ ਲੱਗਦਿਆਂ ਹੀ, ਕਾਂਗਰਸੀ ਉਮੀਦਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ

           ਉਮੀਦਵਾਰ ਸਰੋਜ ਰਾਣੀ ਵੱਲੋਂ ਸਰਲਾ ਦੇਵੀ ਦੀ ਨਾਮਜਦਗੀ ਤੇ ਇਤਰਾਜ ਲਾਉਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਤੇ ਉਸਦੇ ਸਮਰਥਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦੀ ਮੁੱਖ ਵਜ੍ਹਾ ਇਹ ਵੀ ਰਹੀ ਕਿ ਸਰਲਾ ਦੇਵੀ ਨੇ ਆਪਣਾ ਕਿਸੇ ਕਵਰਿੰਗ ਉਮੀਦਵਾਰ ਦੇ ਨਾਮਜਦਗੀ ਪੱਤਰ ਵੀ ਦਾਖਿਲ ਨਹੀਂ  ਕੀਤੇ ਸਨ। ਮੁਕਾਬਲਾ ਆਹਮਣੇ-ਸਾਹਮਣੇ ਦਾ ਹੋਣ ਕਾਰਣ ਨਾਮਜਦਗੀ ਪੱਤਰ ਰੱਦ ਹੋਣ ਦੀ ਹਾਲਤ ਵਿੱਚ ਸਰੋਜ ਰਾਣੀ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾਣ ਦਾ ਖਤਰਾ ਕਾਂਗਰਸੀਆਂ ਦੇ ਸਿਰ ਮੰਡਰਾਉਣ ਲੱਗ ਪਿਆ ਸੀ। ਸੂਤਰਾਂ ਅਨੁਸਾਰ ਹਲਕਾ ਇੰਚਾਰਜ ਅਤੇ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਧਿਆਨ ਵਿੱਚ ਵੀ ਇਹ ਮੁੱਦਾ ਲਿਆਂਦਾ ਗਿਆ।

ਚੋਣ ਅਧਿਕਾਰੀ ਨੇ ਠਰੰਮੇ ਨਾਲ ਸੁਣੀਆਂ ਦਲੀਲਾਂ, ਫੈਸਲਾ ਵੀ ਤੱਥ ਪੇਸ਼ ਕਰਕੇ ਸੁਣਾਇਆ

             ਰਿਟਰਨਿੰਗ ਅਧਿਕਾਰੀ ਤੇ ਐਸਡੀਐਮ ਵਰਜੀਤ ਸਿੰਘ ਵਾਲੀਆਂ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਵਕੀਲਾਂ ਰਾਹੀਂ ਪੇਸ਼ ਕਰਨ ਦਾ ਵੀ ਮੌਕਾ ਦਿੱਤਾ ਗਿਆ। ਸਰੋਜ ਰਾਣੀ ਦੇ ਵਕੀਲ ਐਡਵੋਕੇਟ ਵਿਸ਼ਾਲ ਵਾਤਿਸ਼ ਨੇ ਕਿਹਾ ਕਿ ਉਮੀਦਵਾਰ ਨੇ ਸੰਗੀਨ ਜੁਰਮ ਤਹਿਤ ਦਰਜ਼ ਕੇਸ ਦੇ ਤੱਥ ਛੁਪਾਏ ਹਨ, ਮਾਮਲਾ ਕਾਫੀ ਗੰਭੀਰ ਹੈ। ਇਸ ਲਈ ਨਾਮਜਦਗੀ ਪੇਪਰ ਰੱਦ ਕਰਨੇ ਬਣਦੇ ਹਨ। ਉੱਧਰ ਸਰਲਾ ਦੇਵੀ ਦੇ ਵਕੀਲ ਅਭੇ ਕੁਮਾਰ ਜਿੰਦਲ ,ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ, ਐਡਵੋਕੇਟ ਕੁਲਵਿਜੇ ਸਿੰਘ ਤਪਾ ਆਦਿ ਨੇ ਕਿਹਾ ਕਿ ਨਾਮਜਦਗੀ ਪੇਪਰਾਂ ਵਿੱਚ ਪੈਂਡਿੰਗ ਕੇਸ ਦਾ ਵੇਰਵਾ ਦੇਣ ਬਾਰੇ ਲਿਖਿਆ ਗਿਆ ਹੈ। ਜਦੋਂ ਕਿ ਇਸ ਮਾਮਲੇ ਦੀ ਪੁਲਿਸ ਨੇ ਕੈਂਸਲੇਸ਼ਨ ਵੀ ਭਰ ਦਿੱਤੀ ਹੈ। ਯਾਨੀ ਇਹ ਮਾਮਲਾ ਅਦਾਲਤ ਵਿੱਚ ਪੈਂਡਿੰਗ ਨਹੀਂ, ਬਲਕਿ ਪੁਲਿਸ ਦੀ ਤਫਤੀਸ਼ ਹੀ ਚੱਲ ਰਹੀ ਹੈ। ਇਸ ਲਈ ਇਸ ਕੇਸ ਦਾ ਜਿਕਰ ਕਰਨ ਲਈ ਪ੍ਰੋਫਾਰਮੇ ਵਿੱਚ ਕਿਧਰੇ ਕੋਈ ਜਿਕਰ ਹੀ ਨਹੀਂ ਹੈ।  ਦੋਵਾਂ ਧਿਰਾਂ ਦੇ ਵਕੀਲਾਂ ਨੇ ਬਾ ਦਲੀਲ ਆਪਣੀਆਂ ਦਲੀਲਾਂ ਰੱਖੀਆਂ। ਜਿਨ੍ਹਾਂ ਨੂੰ ਰਿਟਰਨਿੰਗ ਅਫਸਰ ਨੇ ਬੜੇ ਹੀ ਠਰੰਮੇ ਨਾਲ ਸੁਣਿਆ ਵੀ। ਫੈਸਲਾ ਦੇਣ ਵਿੱਚ ਵੀ ਕੋਈ ਜਲਦਬਾਜੀ ਵੀ ਨਹੀਂ ਦਿਖਾਈ। ਬਲਕਿ ਨਾਮਜਦਗੀ ਤੇ ਲੱਗੇ ਇਤਰਾਜ ਰੱਦ ਕਰਨ ਲਈ, ਉਸਦੀ ਕਾਨੂੰਨੀ ਵਜ੍ਹਾਂ ਵੀ ਦੋਵਾਂ ਧਿਰਾਂ ਸਾਹਮਣੇ ਦਿਖਾਈ। ਆਖਿਰ ਵਿੱਚ ਉਨਾਂ ਸਰਲਾ ਦੇਵੀ ਦੇ ਨਾਮਜਦਗੀ ਪੇਪਰਾਂ ਤੇ ਲਾਏ ਇਤਰਾਜ ਨੂੰ ਰੱਦ ਕਰ ਦਿੱਤਾ। ਇਸ ਫੈਸਲੇ ਤੋਂ ਬਾਅਦ ਕਾਂਗਰਸੀ ਉਮੀਦਵਾਰ ਦੇ ਬੇਟੇ ਅਤੇ ਬਰਨਾਲਾ ਕਲੱਬ ਦੇ ਸੈਕਟਰੀ ਐਡਵੋਕੇਟ ਰਾਜੀਵ ਲੂਬੀ ਨੇ ਕਿਹਾ ਕਿ ਫੈਸਲੇ ਤੋਂ ਉਹ ਖੁਸ਼ ਹਨ, ਰਿਟਰਨਿੰਗ ਅਧਿਕਾਰੀ ਨੇ ਫੈਸਲਾ ਤੱਥਾਂ ਦੇ ਅਧਾਰ ਤੇ ਹੀ ਕੀਤਾ ਹੈ। ਉਨਾਂ ਆਪਣੀ ਮਾਤਾ ਤੇ ਉਮੀਦਵਾਰ ਸਰਲਾ ਦੇਵੀ ਖਿਲਾਫ ਲਾਏ ਇਤਰਾਜਾਂ ਨੂੰ ਸੌੜੀ ਰਾਜਨੀਤੀ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਆਪਣੀ ਹਾਰ ਤੋਂ ਬੁਖਲਾ ਕੇ ਅਜਿਹੇ ਬੇਬੁਨਿਆਦ ਦੋਸ਼ ਲਾ ਰਹੇ ਹਨ।  

Advertisement
Advertisement
Advertisement
Advertisement
Advertisement
error: Content is protected !!