ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਦੂਸਰਿਆਂ ਪ੍ਰਤੀ ਸੇਵਾ ਭਾਵਨਾ ਦੇ ਮਹੱਤਵ ਨੂੰ ਪ੍ਰੇਰਦਾ ਹੈ : ਵਿਦਿਆਰਥੀ
ਰਘਵੀਰ ਹੈਪੀ, ਬਰਨਾਲਾ 4 ਫਰਵਰੀ:2021
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੀ ਸਰਪਰਸਤੀ ਹੇਠ ਸ਼੍ਰੀ ਗੁਰੁ ਤੇਗ ਬਹਾਦੁਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਰਮਗੜ੍ਹ ਵਿਖੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਭਾਸ਼ਣ ਮੁਕਾਬਲੇ ’ਚ ਛੇਵੀਂ ਤੋਂ ਬਾਰਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।
ਇਸ ਭਾਸ਼ਣ ਮੁਕਾਬਲੇ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ ਗਈ। ਮੁਕਾਬਲੇ ਦੌਰਾਨ 9ਵੀਂ ਕਲਾਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਕੋਮਲ ਨੇ ਗੁਰੂ ਸਾਹਿਬ ਦੇ ਬਲੀਦਾਨ ਭਰੇ ਜੀਵਨ ਨੂੰ ਬਿਆਨ ਕਰਦੇ ਹੋਏ ਦੂਜਿਆਂ ਪ੍ਰਤੀ ਸੇਵਾ ਭਾਵਨਾ ਦੀ ਮਹੱਤਤਾ ਨੂੰ ਪੇਸ਼ ਕੀਤਾ। ਇਸ ਮੁਕਾਬਲੇ ਤੋਂ ਪਹਿਲਾ ਸਿੱਖਿਆ ਵਿਭਾਗ ਦੁਆਰਾ ਕਰੋਨਾ ਲਾਕਡਾਊਨ ਦੌਰਾਨ ਵੀ ਸ਼੍ਰੀ ਗੁਰੁ ਤੇਗ ਬਹਾਦੁਰ ਜੀ ਦੇ ਜੀਵਨ ਬਾਰੇ ਆਨਲਾਇਨ 11 ਤਰ੍ਹਾਂ ਦੇ ਵਿਦਿਅਕ ਮੁਕਾਬਲੇ ਕਰਵਾਏ ਜਾ ਚੁੱਕੇ ਹਨ, ਜਿੰਨਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਭਾਗ ਲੈ ਚੁੱਕੇ ਹਨ।
ਇਸ ਮੌਕੇ ਸਕੂਲ ਪਿ੍ੰਸੀਪਲ ਸ਼੍ਰੀ ਰਾਜੇਸ਼ ਕੁਮਾਰ ਨੇ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਦੱਸਿਆ ਕੇ ਇਹ ਮੁਕਾਬਲੇ ਬੱਚਿਆਂ ਵਿਚ ਚੰਗੇ ਗੁਣਾ ਨੂੰ ਪੈਦਾ ਕਰਨ ਦੇ ਨਾਲ-ਨਾਲ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਵੀ ਜਾਣੂ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਗੋਰਾਮ ਕਰਵਾਉਣਾ ਸਮੇਂ ਦੀ ਲੋੜ ਵੀ ਹੈ। ਇਸ ਭਾਸ਼ਣ ਮੁਕਾਬਲੇ ਦਾ ਪ੍ਰਬੰਧ ਸ੍ਰੀ ਮਨਦੀਪ ਸਿੰਘ, ਸ੍ਰੀਮਤੀ ਹਰਮਨਦੀਪ ਕੌਰ ਨੇ ਕੀਤਾ। ਸਟੇਜ ਸੰਚਾਲਨ ਸ੍ਰੀਮਤੀ ਅੰਜਨਾ ਕੁਮਾਰੀ ਦੁਆਰਾ ਕੀਤਾ ਗਿਆ। ਅੰਤ ਵਿਚ ਜੇਤੂ ਵਿਦਿਆਰਥੀਆ ਨੂੰ ਇਨਾਮ ਵੰਡੇ ਗਏ।