60ਫ਼ੀਸਦੀ ਅਬਾਦੀ ਨੂੰ ਪਹਿਲਾਂ ਹੀ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ,
ਬਾਕੀ ਰਹਿੰਦੀ 40ਫ਼ੀਸਦੀ ਅਬਾਦੀ ਨੂੰ ਮਾਰਚ 2022 ਤੱਕ ਦਿੱਤਾ ਜਾਵੇਗਾ ਪੀਣ ਵਾਲਾ ਪਾਣੀ
11 ਪਿੰਡਾਂ ਚ ਵਾਟਰ ਵਰਕਸ ਉਸਾਰੀ ਦਾ ਕੰਮ ਜਲਦ ਹੋਵੇਗਾ ਸ਼ੁਰੂ
ਹਰਿੰਦਰ ਨਿੱਕਾ/ਰਘਵੀਰ ਹੈਪੀ ,ਬਰਨਾਲਾ, 4 ਫਰਵਰੀ 2021
ਜ਼ਿਲ੍ਹੇ ਦੇ ਸਾਰੇ 74274 ਪੇਂਡੂ ਇਲਾਕਿਆਂ ਵਿਚ ਸਥਿਤ ਘਰਾਂ ਨੂੰ ਮਾਰਚ 2022 ਤੱਕ ਟੂਟੀਆਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਹਰ ਘਰ ਪਾਣੀ ਹਰ ਘਰ ਸਫ਼ਾਈ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਘਰ-ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਦੇ 60ਫ਼ੀਸਦੀ ਪੇਂਡੂ ਘਰਾਂ ਵਿੱਚ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਚੁੱਕਿਆ ਹੈ। ਪਿੰਡ ਖਿਲਾਲੀ ਤੋਂ ਗਮਦੂਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਟਰ ਵਰਕਸ 4 ਸਾਲ ਪਹਿਲਾਂ ਬਣ ਚੁੱਕਿਆ ਸੀ ਪ੍ਰੰਤੂ ਪੀਣ ਵਾਲੀ ਪਾਣੀ ਹਰ ਇੱਕ ਘਰ ਤੱਕ ਨਹੀਂ ਸੀ ਪੁੱਜਿਆ। ਪਿੰਡ ਦੀ ਸਰਪੰਚ ਹਰਪਿੰਦਰਜੀਤ ਕੌਰ ਨੇ ਕਿਹਾ ਕਿ ਸਭ ਤੋਂ ਵੱਧ ਔਖੇ ਸਨ। ‘‘ਅਮੀਰ ਘਰ ਤਾਂ ਪਾਣੀ ਦਾ ਪੰਪ ਲਗਾ ਕੇ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਪੀਣ ਵਾਲੇ ਪਾਣੀ ਦਾ ਜੁਗਾੜ ਕਰ ਲੈਂਦੇ ਸਨ, ਪਰ ਗਰੀਬਾਂ ਕੋਲ ਇਸ ਦਾ ਕੋਈ ਹੱਲ ਨਹੀਂ ਸੀ। ਪਰ ਹੁਣ ਪੰਜਾਬ ਸਰਕਾਰ ਦੀ ਮੱਦਦ ਨਾਲ ਅਸੀਂ ਪਿੰਡ ਵਿੱਚ ਪਾਈਪਾਂ ਪਾ ਦਿੱਤੀਆਂ ਹਨ ਅਤੇ 250 ਦੇ ਕਰੀਬ ਘਰਾਂ ਨੂੰ ਪੀਣ ਵਾਲਾ ਪਾਣੀ ਪਹੁੰਚਾ ਦਿੱਤਾ ਹੈ। ਪਿੰਡ ਤੋਂ ਬਾਹਰ ਫਿਰਨੀਆਂ ਤੇ ਵਸਦੇ ਘਰਾਂ ਨੂੰ ਵੀ ਪੀਣ ਵਾਲੇ ਪਾਣੀ ਦੀ ਸਹੂਲਤ ਮਿਲ ਰਹੀ ਹੈ’’।
ਉਨ੍ਹਾਂ ਨੇ ਕਿ ਇਸੇ ਤਰ੍ਹਾਂ ਚੁੰਗ ਪਿੰਡ ਦੇ ਵਾਸੀ ਰੁਲਦੂ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਾਇਪਾਂ ਪਾਉਣ ਦਾ ਕੰਮ ਹੁਣੇ ਹੀ ਮੁਕੰਮਲ ਕੀਤਾ ਗਿਆ ਹੈ ਅਤੇ ਇਸ ਨਾਲ ਹੀ 200 ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਵਾਸੀ ਧਰਤੀ ਹੇਠਲਾ ਪਾਣੀ ਪੀਣ ਲਈ ਮਜ਼ਬੂਰ ਸਨ, ਜਿਹੜਾ ਕਿ ਸਰੀਰ ਨੂੰ ਨੁਕਸਾਨਦੇਹ ਸੀ। ਪ੍ਰੰਤੂ ਹੁਣ ਸਾਫ਼ ਪਾਣੀ ਦੀ ਸਪਲਾਈ ਨਾਲ ਪਿੰਡ ਵਾਸੀਆਂ ਨੂੰ ਬੜੀ ਰਾਹਤ ਮਿਲੀ ਹੈ। ਪਿੰਡ ਦੇ ਸਰਪੰਚ ਮਹਿੰਗਾ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਜਿੱਥੇ ਰਾਹਤ ਮਿਲੀ ਹੈ, ਉਥੇ ਹੀ ਉਨ੍ਹਾਂ ਵੱਲੋਂ ਆਪਸੀ ਭਾਈਚਾਰੇ ਨਾਲ ਪੈਸਾ ਇਕੱਠਾ ਕਰਕੇ ਵਾਟਰ ਵਰਕਸ ਦੇ ਬਿੱਲਾਂ ਦੀ ਅਦਾਇਗੀ ਵੀ ਕੀਤੀ ਜਾਂਦੀ ਹੈ, ਹਰ ਵਾਰ 7500 ਰੁਪਏ ਤੋਂ ਲੈ ਕੇ 8000 ਰੁਪਏ ਤੱਕ ਦਾ ਬਿਜਲੀ ਬਿੱਲ ਆਉਂਦਾ ਹੈ।
ਡਿਪਟੀ ਕਮਿਸ਼ਨ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਹਰ ਘਰ ਪਾਣੀ-ਹਰ ਘਰ ਸਫ਼ਾਈ ਮਿਸ਼ਨ ਤਹਿਤ ਹਰ ਇੱਕ ਘਰ ਨੂੰ ਪੀਣ ਵਾਲਾ ਪਾਣੀ ਅਤੇ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਅੱਗੇ ਵਧ ਚੜ੍ਹ ਕੇ ਆਪਣੇ ਕੰਮ ਕਰਵਾਉਣ ਅਤੇ ਆਪਸੀ ਭਾਗੀਦਾਰੀ ਨਾਲ ਇਨ੍ਹਾਂ ਦੀ ਦੇਖ-ਰੇਖ ਕਰਨ।
ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਬਰਨਾਲਾ ਸ਼੍ਰੀ ਗੁਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਜਲਦ ਹੀ 11 ਪਿੰਡਾਂ ਵਿੱਚ ਨਵੇਂ ਵਾਟਰ ਵਰਕਸ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਪਿੰਡ ਬੀਹਲਾ ਖੁਰਦ, ਮੱਲ੍ਹੀਆਂ, ਮਹਿਤਾ, ਚੰਨਣਵਾਲ, ਜਵੰਧਾਪਿੰਡੀ, ਸ਼ੀਨੀਵਾਲ ਕਲਾਂ, ਮੂੰਮ, ਪੰਧੇਰ, ਸਹੌੜ, ਵਿਧਾਤੇ ਅਤੇ ਨੰਗਲ ਸ਼ਾਮਲ ਹਨ।