ਹਰਿੰਦਰ ਨਿੱਕਾ, ਬਰਨਾਲਾ 4 ਫਰਵਰੀ 2021
ਪਿਛਲੇ ਕਈ ਦਿਨ ਤੋਂ ਪੁਲਿਸ ਅਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਰਮਿਆਨ ਚੱਲ ਰਹੀ ਖਿੱਚੋਤਾਣ ਦਾ ਅੰਤ ਉਸ ਸਮੇਂ ਆਖਿਰ ਹੋ ਹੀ ਗਿਆ। ਜਦੋਂ ਪੁਲਿਸ ਨੇ ਕਰੀਬ 2 ਘੰਟੇ ਪਹਿਲਾਂ ਪੁਲਿਸ ਪਾਰਟੀ ਨੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਮਹਿੰਦਰ ਖੰਨਾ ਨੂੰ ਫਰਵਾਹੀ ਬਜਾਰ ਵਿਚੋਂ ਹਿਰਾਸਤ ਵਿੱਚ ਲੈ ਲਿਆ। ਥਾਣਾ ਸਿਟੀ 1 ਬਰਨਾਲਾ ਦੇ ਐਸ ਐਚ ਉ ਨੇ ਖੰਨਾ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ। ਪਰੰਤੂ ਇਸਦਾ ਕੋਈ ਕਾਰਣ ਦੱਸਣ ਤੋਂ ਉਨ੍ਹਾਂ ਟਾਲਮਟੋਲ ਕੀਤੀ। ਘਟਨਾ ਸਬੰਧੀ ਜਾਣਕਾਰੀ ਵੀਨਾ ਖੰਨਾ ਪਤਨੀ ਮਹਿੰਦਰ ਖੰਨਾ ਨੇ ਦੱਸਿਆ ਕਿ ਉਹ ਆਪਣੇ ਪਤੀ ਸਮੇਤ ਫਰਵਾਹੀ ਬਜਾਰ ਬਰਨਾਲਾ ਕਿਸੇ ਕੰਮ ਸਬੰਧੀ ਗਏ ਸੀ ਤਾਂ ਉੱਥੇ ਅਚਾਨਕ ਪਹੁੰਚੀ ਪੁਲਿਸ ਪਾਰਟੀ ਨੇ ਉਨ੍ਹਾਂ ਯਾਨੀ ਮਹਿੰਦਰ ਖੰਨਾ ਨੂੰ ਹਿਰਾਸਤ ਵਿੱਚ ਲੈ ਲਿਆ, ਪਰੰਤੂ ਹਿਰਾਸਤ ਵਿੱਚ ਲੈਣ ਦੀ ਕੋਈ ਜਾਣਕਾਰੀ ਪੁੱਛਣ ਦੇ ਬਾਵਜੂਦ ਵੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੇਰਾ ਪਤੀ ਹਾਰਟ ਦਾ ਮਰੀਜ਼ ਹੈ। ਜੇਕਰ ਉਨ੍ਹਾਂ ਨੂੰ ਕੋਈ ਜਾਨੀ ਨੁਕਸਾਨ ਹੋਇਆ ਤਾਂ ਇਸ ਦੀ ਪੂਰੀ ਜਿੰਮੇਵਾਰੀ ਪੁਲਿਸ ਦੀ ਹੋਵੇਗੀ। ਐਸ ਐਚ ਉ ਲਖਵਿੰਦਰ ਸਿੰਘ ਨੇ ਪਹਿਲਾਂ ਕਿਹਾ ਕਿ ਖੰਨਾ ਖਿਲਾਫ ਐਫ.ਆਈ ਆਰ ਦਰਜ ਹੈ। ਪਰੰਤੂ ਕਿਹੜੇ ਜੁਰਮ ਤਹਿਤ ਐਫ ਆਈ ਆਰ ਹੈ,ਇਹ ਪੁੱਛਣ ਤੇ ਉਹ ਚੁੱਪ ਹੋ ਗਏ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੀਆਈਏ ਪੁਲਿਸ ਕੋਲ ਹੈ। ਇਸ ਸਬੰਧੀ ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਹੈ। ਵਰਨਣਯੋਗ ਹੈ ਕਿ ਕ੍ਰਿਕੇਟ ਐਸੋਸੀਏਸ਼ਨ ਤੇ ਕਥਿਤ ਚਹੇਤਿਆਂ ਦਾ ਕਬਜ਼ਾ ਕਰਵਾਉਣ ਲਈ ਕਾਫੀ ਦਿਨਾਂ ਤੋਂ ਪੁਲਿਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ। ਇਸ ਬਾਰੇ ਖੁਲਾਸਾ ਬਰਨਾਲਾ ਟੂਡੇ ਦੁਆਰਾ 29 ਜਨਵਰੀ ਨੂੰ ਹੀ ਵਿਸਥਾਰ ਸਹਿਤ ਕੀਤਾ ਗਿਆ ਸੀ।