ਜ਼ਿਲ੍ਹਾ ਬਰਨਾਲਾ ਦੇ ਪਿੰਡ ਕਲਾਲ ਮਾਜਰਾ ਸਮੇਤ ਸੂਬੇ ਦੇ ਹੋਰ ਕਈ ਪਿੰਡਾਂ ’ਚ ਵੱਖ ਵੱਖ ਕੰਮਾਂ ਦਾ ਰੱਖਿਆ ਨੀਂਹ ਪੱਥਰ
ਪੇਂਡੂ ਖੇਤਰਾਂ ਦੇ ਹਰ ਘਰ ਤੱਕ ਸਾਫ ਪਾਣੀ ਅਤੇ ਸਫਾਈ ਸਬੰਧੀ ਸ਼ੁਰੂ ਕੀਤੇ ਜਾ ਰਹੇ ਹਨ ਉਪਰਾਲੇ: ਡਿਪਟੀ ਕਮਿਸ਼ਨਰ
ਹਰਿੰਦਰ ਨਿੱਕਾ , ਬਰਨਾਲਾ, 1 ਫਰਵਰੀ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਦੇ ਵੱਖ ਵੱਖ ਜ਼ਿਲਿਆਂ ਵਿਚ ਮਿਸ਼ਨ ਹਰ ਘਰ ਪਾਣੀ, ਹਰ ਘਰ ਸਫਾਈ ਦੀ ਸ਼ੁਰੂਆਤ ਕੀਤੀ ਗਈ। ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਨੇ ਸ਼ੁਰੂ ਕੀਤੇ ਇਸ ਮਿਸ਼ਨ ਤਹਿਤ ਦੱਸਿਆ ਕਿ ਵੱਖ ਵੱਖ ਪਿੰਡਾਂ ਵਿਚ ਸਾਫ ਪੀਣ ਵਾਲਾ ਪਾਣੀ ਦੇਣ ਲਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਮੁਕੰਮਲ ਕੀਤੇ ਗਏ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਪਹਿਲਾਂ ਸੂਬੇ ਦੇ ਮਾਲਵਾ ਖੇਤਰ ਵਿਚ ਕੈਂਸਰ ਦਾ ਫੈਲਾਅ ਜ਼ਿਆਦਾ ਸੀ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਬੀਕਾਨੇਰ (ਰਾਜਸਥਾਨ) ਇਲਾਜ ਖਾਤਰ ਜਾਣਾ ਪੈਂਦਾ ਸੀ, ਪਰ ਹੁਣ ਇਸ ਸਥਿਤੀ ਵਿਚ ਕਾਫੀ ਸੁਧਾਰ ਹੋਇਆ ਹੈ। ਜਿੱਥੇ ਸਰਕਾਰ ਵੱਲੋਂ ਪਿੰਡ ਪੱਧਰ ਉੱਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਸਾਫ-ਸਫਾਈ ਵੱਲ ਜ਼ਿਆਦਾ ਧਿਆਨ ਦਿੰਦੇ ਹੋਏ ਪਖਾਨਿਆਂ ਦੀ ਉਸਾਰੀ ਅਤੇ ਉਨਾਂ ਦੇ ਰੱਖ-ਰਖਾਅ ਸਬੰਧੀ ਵੀ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁੁੱਖ ਮੰਤਰੀ ਪੰਜਾਬ ਵੱਲੋਂ ਜਿਨਾਂ ਪੇਂਡੂ ਖੇਤਰਾਂ ਵਿਚ ਪ੍ਰਾਜੈਕਟਾਂ ਦੇ ਵਰਚੁਅਲ ਨੀਂਹ ਪੱਥਰ ਰੱਖੇ ਗਏ, ਉਨਾਂ ਵਿਚ ਜ਼ਿਲਾ ਬਰਨਾਲਾ ਦੇ ਪਿੰਡ ਕਲਾਲ ਮਾਜਰਾ ਵਿਖੇ ਜਨਤਕ ਸੈਨੇਟਰੀ ਕੰਪਲੈਕਸ ਵੀ ਸ਼ਾਮਲ ਹੈ। ਇਸ ਕੰਪਲੈਕਸ ਵਿਚ 4 ਪਖਾਨੇ ਬਣਾਏ ਜਾ ਰਹੇ ਹਨ, ਜਿਨਾਂ ਵਿਚੋਂ 2 ਔਰਤਾਂ ਅਤੇ 2 ਪੁਰਸ਼ਾਂ ਲਈ ਹਨ। ਇਕ ਪਖਾਨਾ ਦਿਵਿਆਂਗ (ਅਪਾਹਿਜ) ਵਿਅਕਤੀਆਂ ਲਈ ਬਣਾਇਆ ਜਾਵੇਗਾ। ਇਸ ਦੀ ਕੁਲ ਲਾਗਤ 3.10 ਰੁਪਏ ਲੱਖ ਹੈ, ਜਿਸ ਵਿਚੋਂ 2.10 ਲੱਖ ਰੁਪਏ ਸਵੱਛ ਭਾਰਤ ਮਿਸ਼ਨ ਅਧੀਨ ਅਤੇ 90,000 ਰੁਪਏ 15ਵੇਂ ਵਿੱਤ ਕਮਿਸ਼ਨ ਅਧੀਨ ਦਿੱਤੇ ਜਾਣਗੇ। ਇਸ ਸਬੰਧੀ ਵਰਚੁਅਲ ਸਮਾਗਮ ਵਿਚ ਜ਼ਿਲਾ ਸਦਰ ਮੁਕਾਮ ਤੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਿਆ ਡੇਚਲਵਾਲ, ਕਾਰਜਕਾਰੀ ਇੰਜੀਨਿਅਰ ਵਾਟਰ ਸਪਲਾਈ ਗੁਰਵਿੰਦਰ ਸਿੰਘ ਢੀਂਡਸਾ ਤੇ ਹੋਰ ਸ਼ਾਮਲ ਸਨ।