ਪ੍ਰੇਸ਼ਾਨ ਕੁੜੀ ਨੇ ਖਾ ਲਈ ਉਵਰਡੋਜ ਦਵਾਈ, ਡੀ.ਐਮ.ਸੀ. ਦਾਖਿਲ
ਮੰਗੇਤਰ ਕੁੜੀ ਦੇ ਪਤੀ ਅਤੇ ਸੱਸ ਖਿਲਾਫ ਕੇਸ ਦਰਜ਼,ਦੋਸ਼ੀਆਂ ਦੀ ਤਲਾਸ਼ ਵਿੱਚ ਲੱਗੀ ਪੁਲਿਸ
ਹਰਿੰਦਰ ਨਿੱਕਾ, ਬਰਨਾਲਾ 28 ਜਨਵਰੀ 2021
ਆਪਣੀ ਮੰਗੇਤਰ ਤੋਂ ਹੋਰ ਜਿਆਦਾ ਸੋਹਣੀ ਕੁੜੀ ਨਾਲ ਰਿਸ਼ਤਾ ਕਰਵਾਉਣ ਦੀ ਲਾਲਸਾ ਨੇ ਅਮਿਤ ਕੁਮਾਰ ਬਾਘਾ ਪੁਰਾਣਾ ਅਤੇ ਉਸ ਦੀ ਮਾਂ ਨੂੰ ਦੋਸ਼ੀ ਬਣਾ ਕੇ ਕਟਿਹਰੇ ਵਿੱਚ ਖੜ੍ਹਨ ਨੂੰ ਮਜਬੂਰ ਕਰ ਦਿੱਤਾ। ਅਪਣੇ ਮੰਗੇਤਰ ਅਤੇ ਸੱਸ ਦੇ ਰਵੱਈਏ ਤੋਂ ਪ੍ਰੇਸ਼ਾਨ ਹੋਈ ਧਨੌਲਾ ਵਾਸੀ ਕੁੜੀ ਨੇ ਆਪਣੀ ਮਾਂ ਦੀ ਹਾਰਟ ਦੀ ਉਵਰਡੋਜ ਦਵਾਈ ਖਾ ਲਈ। ਜਿਸ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਡੀ.ਐਮ.ਸੀ. ਲੁਧਿਆਣਾ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਅਤੇ ਡੀ.ਏ ਲੀਗਲ ਦੀ ਰਾਇ ਤੋਂ ਬਾਅਦ ਦੋਸ਼ੀ ਮਾਂ ਤੇ ਪੁੱਤ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਨੀਤਿਕਾ ਰਾਣੀ ਪੁੱਤਰੀ ਸੁਰਿੰਦਰ ਸਿੰਘ ਵਾਸੀ ਡਰੀਮ ਸਿਟੀ ਧਨੌਲਾ ਨੇ ਦੱਸਿਆ ਕਿ 22 ਨਵੰਬਰ 2020 ਨੂੰ ਅਮਿਤ ਗੋਇਲ ਪੁੱਤਰ ਜਗਦੀਸ਼ ਰਾਏ ਵਾਸੀ ਬਾਘਾਪੁਰਾਣਾ,ਜਿਲ੍ਹਾ ਮੋਗਾ ਨਾਲ ਉਸ ਦਾ ਰਿਸ਼ਤਾ ਤੈਅ ਹੋਇਆ ਸੀ। ਸ਼ਗਨ ਸਮੇਂ ਉਸ ਦੇ ਪੇਕੇ ਪਰਿਵਾਰ ਨੇ ਸੌਹਰਿਆਂ ਦੀ ਮੰਗ ਅਨੁਸਾਰ 1 ਸੋਨੇ ਦੀ ਚੈਨੀ ਅਤੇ ਅੰਗੂਠੀ ਵਜਨ ਕਰੀਬ 3 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਗਰ ਰਾਸ਼ੀ ਅਮਿਤ ਕੁਮਾਰ ਦੀ ਝੋਲੀ ਵਿੱਚ ਬਤੌਰ ਅਮਾਨਤ ਸ਼ਗਨ ਪਾਇਆ। ਸ਼ਗਨ ਦੀ ਰਸਮ ਤੋਂ ਥੋੜ੍ਹਾ ਸਮਾਂ ਬਾਅਦ ਹੀ ਅਮਿਤ ਗੋਇਲ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੇ ਤੋਂ ਸੋਹਣੀ ਕੁੜੀ ਨਾਲ ਰਿਸ਼ਤਾ ਕਰਵਾਉਣਾ ਸੀ। ਅਜਿਹੀਆਂ ਗੱਲਾਂ ਸੁਣ ਕੇ ਮੈਂ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਈ ਅਤੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਹੀ ਉਸਨੇ ਆਪਣੀ ਮਾਤਾ ਦੀ ਹਾਰਟ ਦੀ ਦਵਾਈ ਦੀ ਉਵਰਡੋਜ ਲੈ ਲਈ। ਜਿਸ ਨਾਲ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਡੀ.ਐਮ.ਸੀ. ਲੁਧਿਆਣਾ ਦਾਖਿਲ ਕਰਵਾਇਆ ਗਿਆ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦਾਖਿਲ ਨੀਤਿਕਾ ਰਾਣੀ ਦੇ ਬਿਆਨ ਕਲਮਬੰਦ ਕਰਕੇ ਕਾਨੂੰਨੀ ਰਾਇ ਹਾਸਿਲ ਕਰਨ ਲਈ ਡੀ.ਏ. ਲੀਗਲ ਸ੍ਰੀ ਅਸੀਮ ਗੋਇਲ ਨੂੰ ਫਾਈਲ ਭੇਜੀ ਗਈ। ਕਾਨੂੰਨੀ ਰਾਇ ਦੇ ਅਧਾਰ ਤੇ ਨੀਤਿਕਾ ਦੇ ਮੰਗੇਤਰ ਪਤੀ ਅਮਿਤ ਗੋਇਲ ਅਤੇ ਉਸ ਦੀ ਸੱਸ ਸ਼ਬਨਮ ਰਾਏ ਪਤਨੀ ਜਗਦੀਸ਼ ਰਾਏ ਬਾਘਾਪੁਰਾਣਾ ਦੇ ਖਿਲਾਫ ਅਧੀਨ ਜੁਰਮ 406 ਆਈ.ਪੀ.ਸੀ. ਤਹਿਤ ਥਾਣਾ ਧਨੌਲਾ ਕੇਸ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਛੇਤੀ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।