ਮਿਸ਼ਨ ਫਤਹਿ-ਜ਼ਿਲਾ ਸੰਗਰੂਰ ’ਚ ਸਿਰਫ 21 ਪਾਜ਼ਟਿਵ ਕੇਸ ਬਾਕੀ-ਡੀਸੀ
ਹਰਿੰਦਰ ਨਿੱਕਾ , ਸੰਗਰੂਰ, 27 ਜਨਵਰੀ 2021
ਜਿਲਾ ਸੰਗਰੂਰ ਅੰਦਰ ਹੋਰਨਾ ਵੱਡੇ ਜ਼ਿਲਿਆਂ ਦੇ ਮੁਕਾਬਲੇ ਕੋਵਿਡ-19 ਦੇ ਕੇਸਾਂ ਦੀ ਗਿਣਤੀ ਘੱਟ ਹੋਣਾ ਖੁਸ਼ੀ ਦੀ ਗੱਲ ਹੈ, ਜੋ ਕਿ ਸਿਹਤ ਵਿਭਾਗ ਦੀਆਂ ਟੀਮਾ, ਵੱਖ-ਵੱਖ ਵਿਭਾਗੀ ਅਧਿਕਾਰੀਆਂ ਅਤੇ ਜ਼ਿਲਾ ਵਾਸੀਆਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਦੀ ਬਾਰੇ ਜਾਣਕਾਰੀ ਦੇਣ ਲਈ ਕੀਤੇ ਹਫ਼ਤਾਵਾਰੀ ਫ਼ੇਸਬੁੱਕ ਲਾਇਵ ਦੌਰਾਨ ਕੀਤਾ
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਕੋਰੋਨਾਵਾਇਰਸ ਕਾਰਣ ਪੂਰੀ ਦੁਨੀਆ ਦੇ ਨਾਲ ਨਾਲ ਪੰਜਾਬ ਦੇ ਲੋਕ ਵੀ ਪ੍ਰਭਾਵਿਤ ਹੋਏ, ਪਰੰਤੂ ਰਾਜ ਸਰਕਾਰ ਦੇ ਉਪਰਾਲਿਆਂ ਸਦਕਾ ਕੋਵਿਡ ਪਾਜ਼ਟਿਵ ਕੇਸਾਂ ’ਚ ਲਗਾਤਾਰ ਸੁਧਾਰ ਆਇਆ ਹੈ ਅਤੇ ਵੈਕਸੀਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ 12 ਸਿਹਤ ਬਲਾਕਾਂ ਵਿਚੋ 3 ਸਿਹਤ ਬਲਾਕਾਂ ਧੂਰੀ, ਅਮਰਗੜ ਅਤੇ ਅਹਿਮਦਗੜ ਅੰਦਰ ਹਾਲ ਦੀ ਘੜੀ ਕੋਵਿਡ-19 ਦਾ ਕੋਈ ਵੀ ਐਕਟਿਵ ਮਰੀਜ਼ ਨਹੀ ਹੈ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਕੋਵਿਡ-19 ਕਾਰਨ ਸੂਬੇ ਦੀ ਆਰਥਿਕਤਾ ਪ੍ਰਭਾਵਿਤ ਹੋਈ ਅਤੇ ਹੁਣ ਵਿੱਦਿਅਕ ਅਦਾਰੇ ਅਤੇ ਵਪਾਰਕ ਸੰਸਥਾਵਾਂ ਖੁੱਲ ਚੁੱਕੀਆਂ ਹਨ। ਇਸ ਸਮੇ ਦੌਰਾਨ ਜ਼ਰੂਰੀ ਹੋ ਜਾਂਦਾ ਹੈ ਕਿ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਚਿੱਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ, ਹੱਥਾਂ ਨੂੰ ਸਾਬਣ ਜਾਂ ਸੈਨੇਟਾਇਜ਼ ਨਾਲ ਸਾਫ਼ ਕੀਤਾ ਜਾਵੇ। ਜਦੋ ਤੱਕ ਹਰ ਵਿਅਕਤੀ ਨੂੰ ਵੈਕਸੀਨ ਨਹੀ ਲੱਗ ਜਾਦੀ ਉਦੋ ਤੱਕ ਸਾਵਧਾਨੀਆ ’ਤੇ ਖਾਸ ਧਿਆਨ ਦੇਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ 207289 ਵਿਅਕਤੀਆਂ ਦੇ ਕੋਵਿਡ-19 ਦੀ ਜਾਚ ਲਈ ਸੈਪਲ ਲੈ ਕੇ ਭੇਜੇ ਗਏ ਹਨ। ਇਹਨਾ ਨਮੂਨਿਆਂ ਵਿੱਚੋ 202847 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। 4217 ਵਿਅਕਤੀ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਜ਼ਿਲੇ ਅੰਦਰ ਹਾਲ ਦੀ ਘੜੀ 21 ਐਕਟਿਵ ਮਰੀਜ਼ ਹਨ। ਇਸ ਤੋਂ ਇਲਾਵਾ ਅੱਜ ਜ਼ਿਲੇਅੰਦਰ 2 ਹੋਰ ਕੋਰੋਨਾ ਪਾਜ਼ਟਿਵ ਮਰੀਜ਼ਾਂ ਨੇ ਹੋਮਆਈਸੋਲੇਸ਼ਨ ਤੋਂ ਕੋਵਿਡ ਦੇ ਜਿੱਤ ਹਾਸਿਲ ਕੀਤੀ।