ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਭਲਕੇ ਸੰਘਰਸ਼ੀ ਪਿੜ ਰੇਲਵੇ ਸਟੇਸ਼ਨ ਬਰਨਾਲਾ ਵਿੱਚ ਹੀ ਮਨਾਇਆ ਜਾਵੇਗਾ-ਮਾਂਗੇਵਾਲ
ਹਰਿੰਦਰ ਨਿੱਕਾ,ਬਰਨਾਲਾ 19 ਜਨਵਰੀ 2021
ਤਿੰਨ ਕਾਲੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਦੇ ਬਾਹਰ ਸੰਘਰਸ਼ੀ ਪਿੜ ਮੱਲੀ ਬੈਠੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਧਰਨੇ ਦਾ 111 ਵਾਂ ਦਿਨ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ 87 ਵੀਂ ਬਰਸੀ ਨੂੰ ਸਮਰਪਿਤ ਰਿਹਾ। ਅੱਜ ਬੁਲਾਰੇ ਆਗੂਆਂ ਗੁਰਦੇਵ ਮਾਂਗੇਵਾਲ, ਬਾਰਾ ਸਿੰਘ ਬਦਰਾ,ਨਿਰੰਜਣ ਸਿੰਘ ਠੀਕਰੀਵਾਲ, ਸਾਹਿਬ ਸਿੰਘ ਬਡਬਰ, ਗੁਲਾਬ ਸਿੰਘ, ਸਾਧੂ ਸਿੰਘ ਛੀਨੀਵਾਲ ਕਲਾਂ, ਗੁਰਚਰਨ ਸਿੰਘ, ਬਿੱਕਰ ਸਿੰਘ ਔਲਖ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲ ਦੀ ਲਾਸਾਨੀ ਕਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਸ. ਸੇਵਾ ਸਿੰਘ ਠੀਕਰੀਵਾਲ ਉਸ ਸਮੇਂ ਜਮੀਨਾਂ ਉੱਪਰ ਡਾਕੇ ਮਾਰਨ , ਲੋਕਾਂ ਉੱਪਰ ਜਬਰ ਢਾਹੁਣ ਵਾਲੇ ਰਾਜੇ ਮਹਾਰਾਜਿਆਂ ਖਿਲਾਫ ਬੇਖੌਫ ਹੋਕੇ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ। ਪਰ ਉਨਾਂ ਰਾਜਿਆਂ ਅੱਗੇ ਈਨ ਮੰਨਣ ਤੋਂ ਇਨਕਾਰ ਕਰਦਿਆਂ ਅੰਤਲੇ ਦਮ ਤੱਕ ਲੋਕਾਂ ਸੰਗ ਵਫਾ ਪਾਲੀ। ਕਿਉਂਕਿ ਪਰਜਾ ਮੰਡਲ ਲਹਿਰ ਹੀ ਪੈਪਸੂ ਦੀ ਮੁਜਾਰਾ ਲਹਿਰ ਦਾ ਮੁੱਖ ਅਧਾਰ ਸੀ। ਜਿਸ ਨੇ ਅਨੇਕਾਂ ਪਿੰਡਾਂ ਦੀਆਂ ਜਮੀਨਾਂ ਰਾਜਿਆਂ ਮਹਾਰਾਜਿਆਂ, ਜਗੀਰਦਾਰਾਂ, ਅਹਿਲਕਾਰਾਂ ਖਿਲ਼ਾਫ ਜਾਨ ਹੂਲਵੀਂ ਜੰਗ ਲੜਦਿਆਂ ਅਨੇਕਾਂ ਸ਼ਹਾਦਤਾਂ ਦੇ ਕੇ ਜਮੀਨਾਂ ਮੁਕਤ ਕਰਵਾਈਆਂ ਸਨ। ਅਜੋਕੇ ਦੌਰ ਅੰਦਰ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਫੰਡ ਦੀਆਂ ਨੀਤੀਆਂ/ਦਿਸ਼ਾ ਨਿਰਦੇਸ਼ਨਾ ਤਹਿਤ ਕਿਸਾਨਾਂ ਨੂੰ ਜਮੀਨਾਂ ਤੋਂ ਵਾਂਝੇ ਕਰਨ ਲਈ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਹਨ।
ਨਵੀਂ ਸ਼ਕਲ ਦੇ ਧੰਨਾਂ ਸੇਠਾਂ ਖਿਲ਼ਾਫ ਚੱਲ ਰਹੀ ਵਡੇਰੇ ਹਿੱਤਾਂ ਦੀ ਜੰਗ ਦੀ ਚਰਚਾ ਕਰਦਿਆਂ ਆਗੂਆਂ ਕਿਹਾ ਕਿ ਇਹ ਲੜਾਈ ਸਿਫਤੀ/ਨਾਜੁਕ ਦੌਰ‘ਚ ਪੁੱਜ ਗਈ ਹੈ। ਇੱਕ ਪਾਸੇ ਹਾਕਮ/ਜੋਕ ਧੜਾ ਸਾਡੇ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਹਰ ਹਰਬਾ ਵਰਤ ਰਹੇ ਹਨ। ਕਿਸਾਨ/ਲੋਕ ਵਿਰੋਧੀ ਕਾਨੂੰਨਾਂ ਨੂੰ ਜਾਇਜ ਠਹਿਰਾਉਣ ਲਈ ਸਰਕਾਰ ਪੱਖੀ ਅਖੌਤੀ ਕਿਸਾਨ ਯੂਨੀਅਨਾਂ ਖੜੀਆਂ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਦੂਜੇ ਪਾਸੇ ਲੋਕਾਂ ਦਾ ਸੰਘਰਸ਼ ਆਏ ਦਿਨ ਵਿਸ਼ਾਲ ਹੋ ਰਿਹਾ ਹੈ। ਹੁਣ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁਕਾਬਲੇ ਤੇ ਗਣਤੰਤਰ ਦਿਵਸ ਦੀ ਕਿਸਾਨ ਪਰੇਡ ਕੱਢਣ ਦੀਆਂ ਮੁਲਕ ਪੱਧਰੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਦਿਨ ਪੰਜਾਬ ਦਾ ਹਰ ਬਸ਼ਿੰਦਾ ਕਿਸੇ ਨਾਂ ਕਿਸੇ ਰੂਪ ਵਿੱਚ ਇਸ ਸਾਂਝੇ ਕਿਸਾਨ/ਲੋਕ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਵੇਗਾ। ਮੁਲਕ ਦੀਆਂ ਹੱਦਾਂ ਬੰਨੇ ਟੱਪ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਇਹ ਕਿਸਾਨ/ਲੋਕ ਸੰਘਰਸ਼ ਹਾਕਮਾਂ ਨੂੰ ਤਰੇਲੀਆਂ ਰਿਹਾ ਹੈ। ਕਿਉਂਕਿ ਹਾਕਮਾਂ ਦੀ ਕਿਸਾਨ/ਲੋਕ ਵਿਰੋਧੀ ਨੀਤੀ ਨੂੰ ਮੁਲਕ ਦੇ ਲੋਕ ਭਲੀ ਭਾਂਤ ਸਮਝ ਚੁੱਕੇ ਹਨ। 20 ਜਨਵਰੀ ਨੂੰ ਗੁਰੂ ਗੋਬਿੰਦ ਦਾ ਪ੍ਰਕਾਸ਼ ਉਤਸਵ ਵੀ ਸੰਘਰਸ਼ ਦੇ ਮੈਦਾਨ ਵਿੱਚ ਹੀ ਮਨਾਇਆ ਜਾਵੇਗਾ। ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਵਿਰਸੇ ਨੂੰ ਯਾਦ ਕਰਦਿਆਂ ਲੋਕ ਮਨਾਂ ਦਾ ਹਿੱਸਾ ਬਣਾਇਆ ਜਾਵੇਗਾ। ‘‘ ਦੇਹਿ ਸ਼ਿਵਾ ਵਰ ਮੋਹਿ ਇਹੈ, ਸੂਰਾ ਸੋ ਪਹਿਚਾਨੀਐ- ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ-ਕਬਹੂੰ ਨਾਂ ਛਾਡੈ ਖੇਤ ’’ ਸੂਰਬੀਰਤਾ ਭਰਪੂਰ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਆਗੂਆਂ ਨੇ ਲੋਕਾਂ ਨੂੰ 11 ਵਜੇ ਤੋਂ 2ਵਜੇ ਤੱਕ ਸੰਘਰਸ਼ੀ ਅਖਾੜੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਮਨਾਏ ਜਾਣ ਵਾਲੇ ਪ੍ਰਕਾਸ਼ ਉਤਸਵ ਵਿੱਚ ਹੁੰਮ ਹੁਮਾਕੇ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ। ਅੱਜ ਭਾਵੇਂ ਸ਼ਹੀਦ ਸੇਵਾ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਮਰਦਾਂ ਦੇ ਸ਼ਾਮਿਲ ਹੋਏ ਪਰ ਰੇਲਵੇ ਸਟੇਸ਼ਨ ਵਿਖੇ ਲੋਕ ਮਨਾਂ ਦਾ ਹਕੂਮਤ ਖਿਲਾਫ ਗੁੱਸਾ ਬਰਕਰਾਰ ਰਿਹਾ । ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲੇ ਜਥੇ ਵਿੱਚ ਬਬਲੀ ਸਿੰਘ, ਕਰਤਾਰ ਸਿੰਘ, ਗੁਰਚਰਨ ਸਿੰਘ, ਸ਼ੇਰ ਸਿੰਘ ਭੱਠਲ ਆਦਿ ਸ਼ਾਮਿਲ ਹੋਏ। ਜਗਰਾਜ ਠੁੱਲੀਵਾਲ ,ਸ਼ਿੰਦਰ ਧੌਲਾ ਅਤੇ ਸੁਦਰਸ਼ਨ ਗੁੱਡੂ ਗੀਤਕਾਰਾਂ ਨੇ ਕਿਸਾਨੀ/ਮਜਦੂਰਾਂ ਪੱਖੀ ਰਚਨਾਵਾਂ ਪੇਸ਼ ਕੀਤੀਆਂ।
ਇਸੇ ਹੀ ਤਰਾਂ ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋੋਂ 108 ਵੇਂ ਦਿਨ ਘਿਰਾਓ ਜਾਰੀ ਰਿਹਾ। ਬੁਲਾਰਿਆਂ ਪਰਮਿੰਦਰ ਹੰਢਿਆਇਆ, ਰਾਮ ਸਿੰਘ ਕਲੇਰ, ਨਿਰਮਲ ਸਿੰਘ,ਬਲਵੀਰ ਸਿੰਘ ਪੱਪੂ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ ਅਤੇ ਮਨਜੀਤ ਸਿੰਘ ਕਰਮਗੜ ਆਦਿ ਨੇ ਕਿਹਾ ਕਿ ਕੱਲ ਵਾਲੀ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਬਾਰੇ ਜੋ ਪਹਿਲਾਂ ਅੱਜ ਹੋਣੀ ਤਹਿ ਹੋਈ ਸੀ, ਹੁਣ ਕੱਲ੍ਹ 20 ਜਨਵਰੀ ਨੂੰ ਹੋਵੇਗੀ ਬਾਰੇ ਦੱਸਿਆ ਕਿ ਕਿਵੇਂ ਹਾਲੇ ਵੀ ਮੋਦੀ ਹਕੂਮਤ ਦੀ ਮਨਸਾ ਖੇਤੀ ਕਾਨੂੰਨਾਂ ਪ੍ਰਤੀ ਸਾਫ ਨਹੀਂ ਹੈ। ਮੋਦੀ ਹਕੂਮਤ ਦੀਆਂ ਇਨਾਂ ਸਾਜਿਸ਼ਾਂ ਨੂੰ ਚਕਨਾਚੂਰ ਕਰਦਿਆਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਖਿਲ਼ਾਫ ਸੰਘਰਸ ਨੂੰ ਹੋਰ ਵਧੇਰੇ ਵਿਸਾਲ ਅਤੇ ਤੇਜ ਕਰਨਾ ਹੋਵੇਗਾ। 26 ਜਨਵਰੀ ਕਿਸਾਨ ਪਰੇਡ ਦੀਆਂ ਤਿਆਰੀਆਂ ਨੂੰ ਹੋਰ ਵਧੇਰੇ ਜਰਬਾਂ ਦੇਣ ਲਈ ਬੁਲਾਰਿਆਂ ਜੋਰਦਾਰ ਅਪੀਲ਼ ਕੀਤੀ।