ਸਮਾਗਮ ਦੇ ਪਹਿਲੇ ਦਿਨ ਕਿਸਾਨ ਆਗੂਆਂ ਤੇ ਸਿੱਖ ਚਿੰਤਕਾਂ ਨੇ ਕੀਤੀਆਂ ਸਰਧਾਂਜਲੀਆਂ ਭੇਟ
ਸ੍ਰ: ਸੇਵਾ ਸਿੰਘ ਠੀਕਰੀਵਾਲਾ ਸੂਰਮੇ ਦੇ ਨਾਲ ਨਾਲ ਸੰਤ ਵੀ ਸਨ : ਅਜਮੇਰ ਸਿੰਘ
ਸੋਨੀ ਪਨੇਸਰ/ਰਘਬੀਰ ਹੈਪੀ/ਰਵੀ ਸੈਣ, ਬਰਨਾਲਾ, 19 ਜਨਵਰੀ 2021
ਅਮਰ ਸ਼ਹੀਦ ਸ੍ਰ: ਸੇਵਾ ਸਿੰਘ ਠੀਕਰੀਵਾਲਾ ਜੀ ਦੇ 87 ਵੇਂ ਸ਼ਹੀਦੀ ਸਮਾਗਮ ਦੇ ਪਹਿਲੇ ਦਿਨ ਸ਼ਰਧਾਂਜਲੀ ਸਮਾਗਮ ਤੇ ਕਿਸਾਨੀ ਸੰਘਰਸ਼ ਦਾ ਰੰਗ ਚੜ੍ਹਿਆ। ਇਸ ਵਾਰ ਪ੍ਰਬੰਧਕਾਂ ਵੱਲੋਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਗਿਆ ਹੈ। ਸਟੇਜ ਤੋਂ ਸਿਰਫ ਕਿਸਾਨ ਆਗੂਆਂ ਅਤੇ ਸਿੱਖ ਚਿੰਤਕਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ। ਇਸ ਮੌਕੇ ਸ਼ਹੀਦ ਸ੍ਰ: ਸੇਵਾ ਸਿੰਘ ਦੇ ਦੋਹਤਰੇ ਕੈਪਟਨ ਅਮਰਜੀਤ ਸਿੰਘ ਜੇਜੀ ਨੇ ਕਿਹਾ ਕਿ ਇਸ ਵਾਰ ਪਿੰਡ ਵਾਸੀਆਂ ਨੇ ਸਿਆਸੀ ਆਗੂਆਂ ਨੂੰ ਸੱਦਣ ਦੀ ਬਜਾਏ ਸਹੀਦੀ ਸਮਾਗਮ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਹੈ। ਜਿਸ ਦਾ ਉਹ ਭਰਵਾਂ ਸਵਾਗਤ ਕਰਦੇ ਹਨ। ਉਘੇ ਸਿੱਖ ਚਿੰਤਕ ਸ੍ਰ: ਅਜਮੇਰ ਸਿੰਘ ਨੇ ਸ੍ਰ: ਸੇਵਾ ਸਿੰਘ ਠੀਕਰੀਵਾਲਾ ਨੇ ਸਰਧਾਂਜ਼ਲੀਆਂ ਭੇਟ ਕਰਦਿਆਂ ਕਿਹਾ ਕਿ ਉਹ ਇੱਕ ਅਮੀਰ ਘਰਾਣੇ ਵਿੱਚ ਜੰਮੇ ਅਤੇ ਉੱਚੀ ਤੇ ਸੁੱਚੀ ਭਾਵਨਾ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਉਹ ਵੱਡੇ ਰੁਤਬੇ, ਵੱਡੀ ਜਾਇਦਾਦ ਅਤੇ ਪਰਵਾਰ ਦਾ ਮੋਹ ਤਿਆਗ ਕੇ ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਸਹਾਦਤ ਵੱਲ ਵਧੇ, ਇਸੇ ਕਾਰਨ ਹੀ ਪਟਿਆਲਾ ਦੇ ਮਹਾਰਾਜਾ ਵੱਲੋਂ ਦਿੱਤੇ ਨਿਰਦਈ ਅਤੇ ਜਾਲਮਾਨਾ ਤਸੀਹਿਆਂ ਨੂੰ ਉਹ ਭਾਣਾ ਮੰਨ ਕੇ ਝੱਲਦੇ ਰਹੇ। ਸ੍ਰ: ਸੇਵਾ ਸਿੰਘ ਠੀਕਰੀਵਾਲੇ ਇੱਕਲੇ ਸੂਰਮੇ ਹੀ ਨਹੀਂ, ਸਗੋਂ ਉਹ ਸੰਤ ਵੀ ਸਨ। ਇਸੇ ਤਰ੍ਹਾਂ ਨੌਜਵਾਨ ਸਿੱਖ ਚਿੰਤਕ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸ੍ਰ: ਸੇਵਾ ਸਿੰਘ ਠੀਕਰੀਵਾਲਾ ਲਾਸਾਨੀ ਸ਼ਹੀਦ ਸਨ, ਕਿਉਂਕਿ ਉਹਨਾਂ ਦੀ ਸੋਚ ਬਹੁਤ ਵੱਡੀ ਸੀ। ਉਹ ਧਰਮ ਨਾਲ ਜੁੜੇ ਹੋਏ ਅਜਿਹੇ ਸ਼ਹੀਦ ਹੋਏ ਹਨ, ਜਿਹਨਾਂ ਨੇ ਕਿਰਸਾਨੀ ਦੇ ਹੱਕ ਵਿੱਚ ਵੱਡਾ ਸੰਘਰਸ਼ ਵਿੱਢਿਆ। ਇਸ ਮੌਕੇ ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਅਕਸਰ ਗਰੀਬੀ ਵਿੱਚ ਰਹਿੰਦੇ ਲੋਕ ਆਪਣੇ ਲਈ ਅਤੇ ਆਪਣੇ ਸਮਾਜ ਲਈ ਸੰਘਰਸ ਕਰਦੇ ਦੇਖੇ ਜਾਂਦੇ ਹਨ, । ਪਰ ਸ੍ਰ: ਸੇਵਾ ਸਿੰਘ ਠੀਕਰੀਵਾਲਾ ਨੇ ਮਹਾਰਾਜਾ ਪਟਿਆਲਾ ਨਾਲ ਰਿਸਤੇਦਾਰੀਆਂ, ਵੱਡੀ ਜਾਇਦਾਦ ਅਤੇ ਵੱਡੇ ਰੁਤਬੇ ਦੇ ਹੁੰਦਿਆਂ ਗਰੀਬ ਕਿਸਾਨਾਂ ਅਤੇ ਕਿਰਤੀਆਂ ਲਈ ਸੰਘਰਸ ਕੀਤਾ ਅਤੇ ਆਪਣਾ ਬਲੀਦਾਨ ਦਿੱਤਾ ਹੈ। ਅੱਜ 90 ਸਾਲ ਬਾਅਦ ਵੀ ਕਿਸਾਨੀ ਦਾ ਉਹੋ ਸੰਘਰਸ ਜਾਰੀ ਹੈ ਅਤੇ ਇਸ ਜੰਗ ਵਿੱਚ ਸਾਨੂੰ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਅੱਜ ਇਹੀ ਸ੍ਰ: ਸੇਵਾ ਸਿੰਘ ਠੀਕਰੀਵਾਲਾ ਨੂੰ ਸੱਚੀ ਸਰਧਾਂਜਲੀ ਹੈ। ਇਸ ਮੌਕੇ ਇਨਕਲਾਬੀ ਕੇਂਦਰ ਦੇ ਆਗੂ ਨਰਾਇਣ ਦੱਤ, ਕਿਸਾਨ ਵਿਕਾਸ ਫਰੰਟ ਦੇ ਆਗੂ ਸੁਖਦੇਵ ਸਿੰਘ ਭੂਪਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਪੈਸਟੀਸਾਇਡ ਵਰਕਰ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਮੰਡੇਰ, ਪ੍ਰੋ: ਗੁਰਤੇਜ ਸਿੰਘ ਠੀਕਰੀਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਢਾਡੀ ਜਥਿਆਂ ਵੱਲੋਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਜਨ ਸਿੰਘ ਭੁੱਲਰ, ਖਜਾਨਚੀ ਅਵਤਾਰ ਸਿੰਘ ਨੰਬਰਦਾਰ, ਸਰਪੰਚ ਕਰਨਦੀਪ ਸਿੰਘ ਹੈਪੀ, ਸਾਬਕਾ ਸਰਪੰਚ ਗੁਰਦਿਆਲ ਸਿੰਘ ਮਾਨ, ਉਜਾਗਰ ਸਿੰਘ ਮਾਨ, ਅਵਤਾਰ ਸਿੰਘ ਔਲਖ, ਬਲਦੇਵ ਸਿੰਘ ਨਹਿਲ, ਹਰਦੇਵ ਸਿੰਘ ਢਿਲੋਂ, ਮੁਖਤਿਆਰ ਸਿੰਘ ਅਤੇ ਸ੍ਰ: ਦਰਸ਼ਨ ਸਿੰਘ ਵੱਲੋਂ ਆਏ ਹੋਏ ਕਿਸਾਨ ਆਗੂਆਂ ਅਤੇ ਸਿੱਖ ਚਿੰਤਕਾਂ ਦਾ ਸਨਮਾਨ ਕੀਤਾ ਗਿਆ। ਹਾਕਮ ਸਿੰਘ ਵੱਲੋਂ ਸਟੇਜ ਸਕੱਤਰ ਦਾ ਫਰਜ ਨਿਭਾਇਆ ਗਿਆ