ਇੰਤਕਾਲਾਂ ਦੇ ਸਮਾਂਬੱਧ ਨਿਬੇੜੇ ਲਈ ਵਿਸ਼ੇਸ਼ ਮੁਹਿੰਮ -ਲੋਕਾਂ ਨੂੰ ਖਾਨਗੀ ਤਕਸੀਮ ਲਈ ਵੀ ਕੀਤਾ ਜਾਵੇਗਾ ਉਤਸ਼ਾਹਿਤ
ਹਰਿੰਦਰ ਨਿੱਕਾ , ਬਰਨਾਲਾ, 12 ਜਨਵਰੀ2021
ਹੁਣ ਮਾਲ ਵਿਭਾਗ ਨਾਲ ਸਬੰਧਤ ਦਰਖਾਸਤਾਂ ਦੇ ਜਲਦ ਨਿਬੇੜੇ ਦੇ ਨਾਲ ਨਾਲ ਅਧਿਕਾਰੀਆਂ ਅਤੇ ਆਮ ਲੋਕਾਂ ਵਿੱਚ ਰਾਬਤਾ ਹੋਰ ਵਧੇਗਾ। ਇਸ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਸਰਕਲ ਰੈਵੇਨਿਊ ਅਫਸਰ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨਾਲ ਰਾਬਤਾ ਵਧਾਉਣਗੇ ਤਾਂ ਜੋ ਮਾਲ ਵਿਭਾਗ ਨਾਲ ਸਬੰਧਤ ਲੋਕ ਮਸਲਿਆਂ ਦਾ ਜਲਦ ਨਿਬੇੜਾ ਹੋ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਆਮ ਤੌਰ ’ਤੇ ਦੇਖਣ ਵਿੱਚ ਆਉਂਦਾ ਹੈ ਕਿ ਕਈ ਕਾਰਨਾਂ ਕਰ ਕੇ ਵਸੀਅਤ ਜਾਂ ਹੋਰ ਇੰਤਕਾਲ, ਤਕਸੀਮ ਆਦਿ ਦੇ ਮਸਲੇ ਲਟਕਦੇ ਰਹਿੰਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮਸਲਿਆਂ ਦੇ ਹੱਲ ਵਾਸਤੇ ਹੁਣ ਸਰਕਲ ਰੈੈਵੇਨਿਊ ਅਫਸਰਾਂ ਨੂੰ ਹਰ ਮਹੀਨੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਲੋਕਾਂ ਨਾਲ ਵਾਰੀ ਸਿਰ ਹਰ ਮਹੀਨੇ ਰਾਬਤਾ ਬਣਾਉਣਗੇ ਅਤੇ ਪਿੰਡ ਦੇ ਦੌਰੇ ਦੌਰਾਨ ਹਾਜ਼ਰ ਹੋ ਕੇ ਇੰਤਕਾਲ ਦੀ ਕਾਰਵਾਈ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਸਰਕਲ ਰੈਵੇਨਿਊ ਅਫਸਰ ਹਰ ਮਹੀਨੇ ਪਿੰਡਾਂ ਦੇ ਦੌਰਿਆਂ ਦਾ ਅਗਾਊਂ ਸ਼ਡਿਊਲ ਤਿਆਰ ਕਰਨਗੇ, ਜਿਸ ਬਾਰੇ ਆਮ ਲੋਕਾਂ ਨੂੰ ਅਗਾਊਂ ਸੂਚਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਲ ਰੈਵੇਨਿਊ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਿੰਡਾਂ ਦੇ ਦੌਰੇ ਦੌਰਾਨ ਆਮ ਲੋਕਾਂ ਨੂੰ ਖਾਨਗੀ ਤਕਸੀਮ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਆਦੇਸ਼ ਦਿੱਤੇ ਕਿ ਗਿਰਦਾਵਰੀ ਮੌਕੇ ’ਤੇ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਸਬੰਧਤ ਹਲਕਾ ਪਟਵਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਸਬੰਧਤ ਪਿੰਡਾਂ ਦੀਆਂ ਸਮੇਂ ਸਿਰ ਗਿਰਦਾਵਰੀਆਂ ਕਰਨ ਅਤੇ ਸਬੰਧਤ ਕਾਨੂੰਗੋ ਵੱਲੋਂ ਸਹੀ ਤਰੀਕੇ ਨਾਲ ਪੜਤਾਲ ਕੀਤੀ ਜਾਵੇ।
ਲੋਕ ਮਸਲਿਆਂ ਦਾ ਸਮਾਂਬੱਧ ਹੱਲ ਪਹਿਲੀ ਤਰਜੀਹ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਅਤੇ ਦਰਖਾਸਤਾਂ ਦੇ ਸਮਾਂਬੱੱਧ ਅਤੇ ਪਾਰਦਰਸ਼ੀ ਨਿਬੇੜੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵਾਰ ਵਾਰ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ। ਇਸ ਵਾਸਤੇ ਸਰਕਲ ਰੈਵੇਨਿਊ ਅਫਸਰਾਂ ਨੂੰ ਪਿੰਡਾਂ ਦੇ ਦੌਰੇ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।
ਐਸਡੀਐਮ ਵੱਲੋਂ ਪਿੰਡ ਕਲਾਲਾ ਤੇ ਚੰਨਣਵਾਲ ਦਾ ਦੌਰਾ
ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਤਹਿਤ ਐਸਡੀਐਮ ਸ੍ਰੀ ਵਰਜੀਤ ਵਾਲੀਆ ਵੱਲੋਂ ਪਿੰਡ ਕਲਾਲਾ ਅਤੇ ਚੰਨਣਵਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਲਾਲਾ ਦੇ ਪਟਵਾਰ ਭਵਨ ਵਿਖੇ ਐਸਡੀਅੇੈਮ ਦੀ ਹਾਜ਼ਰੀ ਵਿਚ ਸੀਆਰਓ ਕਮ ਤਹਿਸੀਲਦਾਰ ਬਰਨਾਲਾ ਸ੍ਰੀ ਹਰਬੰਸ ਸਿੰਘ ਵੱਲੋਂ ਦੋਵਾਂ ਪਿੰਡਾਂ ਨਾਲ ਸਬੰਧਤ ਇੰਤਕਾਲਾਂ ਦਾ ਮੌਕੇ ’ਤੇ ਲੋਕਾਂ ਦੀ ਹਾਜ਼ਰੀ ਵਿਚ ਫੈਸਲਾ ਕੀਤਾ ਗਿਆ। ਇਸ ਮਗਰੋਂ ਸ੍ਰੀ ਵਾਲੀਆ ਨੇ ਪਿੰਡੇ ਚੰਨਣਵਾਲ ਦੇ ਲੋਕਾਂ ਦੇ ਸਹਿਯੋਗ ਨਾਲ ਬਣੀ ਲਾਇਬ੍ਰੇਰੀ ਅਤੇ ਨਿਰਮਾਣ ਅਧੀਨ ਸਟੇਡੀਅਮ ਦਾ ਦੌਰਾ ਕੀਤਾ। ਇਸ ਮੌਕੇ ਪਟਵਾਰ ਹਸਨਪ੍ਰੀਤ ਭਾਰਦਵਾਜ, ਕਾਨੂੰਗੋ ਬੂਟਾ ਸਿੰਘ, ਸਰਪੰਚ ਰਣਜੀਤ ਸਿੰਘ (ਕਲਾਲਾ), ਗੁਰਜੰਟ ਸਿੰਘ ਤੇ ਨੰਬਰਦਾਰ ਕੋਮਲਜੀਤ ਸਿੰਘ ਹਾਜ਼ਰ ਸਨ।