ਚੋਣ ਆਬਜਰਬਰ ਕੇ.ਕੇ. ਬਾਵਾ ਨੇ ਕਿਹਾ, ਚੋਣ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟ ਦੇਵੇਗੀ ਕਾਂਗਰਸ

Advertisement
Spread information

ਜਿਲ੍ਹੇ ਦੀ ਮੀਟਿੰਗ ‘ਚ ਕੇ.ਕੇ. ਬਾਵਾ ਤੇ ਹੋਰ ਆਗੂਆਂ ਨੇ ਕੀਤਾ ਢਿੱਲੋਂ ਦਾ ਗੁਣਗਾਣ

ਕੇਵਲ ਢਿੱਲੋਂ ਦਾ ਐਲਾਨ-ਹਰ ਵਾਰਡ ਦਾ ਵੱਖਰਾ ਵੱਖਰਾ ਹੋਵੇਗਾ ਚੋਣ ਮੈਨੀਫੈਸਟੋ ਤੇ ਜਿਲ੍ਹੇ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ


ਹਰਿੰਦਰ ਨਿੱਕਾ/ਰਘਵੀਰ ਹੈਪੀ , ਬਰਨਾਲਾ 7 ਜਨਵਰੀ 2021

                ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਵਰਕਰਾਂ ਦੀ ਰਾਇ ਜਾਣਨ ਲਈ ਨਗਰ ਕੌਂਸਲ ਬਰਨਾਲਾ ਦੇ ਪਾਰਟੀ ਦੇ ਆਬਜ਼ਰਵਰ ਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ,ਨਗਰ ਕੌਂਸਲ ਧਨੌਲਾ ਦੇ ਆਬਜ਼ਰਵਰ ਅਤੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ , ਨਗਰ ਕੌਂਸਲ ਤਪਾ ਦੇ ਆਬਜਰਬਰ ਕੁਲਵੰਤ ਰਾਏ ਗੋਇਲ ਅਤੇ ਭਦੌੜ ਦੇ ਆਬਜ਼ਰਵਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਵੇਦਾਰਾਂ ਦੀ ਇੱਕ ਮੀਟਿੰਗ ਰੈਸਟ ਹਾਊਸ ਬਰਨਾਲਾ ਵਿਖੇ ਹੋਈ। ਇਸ ਮੌਕੇ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਭਦੌੜ ਦੀ ਸੀਨੀਅਰ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ, ਮਹਿੰਦਰ ਪਾਲ ਸਿੰਘ ਪੱਖੋ ਅਤੇ ਨਗਰ ਕੌਂਸਲ ਬੋਹਾ ਦੇ ਆਬਜ਼ਰਵਰ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਮਹਿਲਾ ਆਗੂ ਸੁਖਜੀਤ ਕੌਰ ਸੁੱਖੀ ਅਤੇ ਹੋਰ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪਾਰਟੀ ਵਰਕਰਾਂ ਵਿੱਚ ਟਿਕਟ ਲੈਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਇਸ ਮੌਕੇ ਆਬਜ਼ਰਵਰ ਕੇ.ਕੇ. ਬਾਵਾ ਨੇ ਕਿਹਾ ਕਿ ਵਰਕਰਾਂ ਦੇ ਉਤਸਾਹ ਨੂੰ ਦੇਖ ਕੇ ਉਹ ਪੂਰੇ ਆਸਵੰਦ ਹੋ ਗਏ ਕਿ ਜਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲ ਚੋਣਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੀ ਜਿੱਤਣਗੇ। ਉਨਾਂ ਪਾਰਟੀ ਟਿਕਟ ਦੇ ਚਾਹਵਾਨਾਂ ਨੂੰ ਕਿਹਾ ਕਿ ਉਹ 12 ਜਨਵਰੀ ਤੱਕ ਟਿਕਟ ਲੈਣ ਲਈ ਅਰਜੀ ਪਾਰਟੀ ਦੇ ਵੱਖ ਵੱਖ ਆਬਜ਼ਰਵਰਾਂ ਕੋਲ ਦੇ ਸਕਦੇ ਹਨ। ਇਸ ਤੋਂ ਇਲਾਵਾ ਸੂਬਾ ਚੋਣ ਕਮੇਟੀ ਕੋਲ ਸਿੱਧੇ ਤੌਰ ਤੇ ਵੀ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਪਾਰਟੀ ਦੇ ਪੁਰਾਣੇ ਵਰਕਰਾਂ, ਅਜਾਦੀ ਘੁਲਾਟੀਆਂ ਅਤੇ ਅੱਤਵਾਦ ਪੀੜਤ ਪਾਰਟੀ ਵਰਕਰਾਂ ਦੇ ਪਰਿਵਾਰਾਂ ਨੂੰ ਟਿਕਟ ਦੇਣ ਲਈ ਪਹਿਲ ਦਿੱਤੀ ਜਾਵੇਗੀ। ਬਾਵਾ ਨੇ ਇਹ ਵੀ ਦੱਸਿਆ ਕਿ ਚੰਗੀ ਕਾਰਗੁਜਾਰੀ ਵਾਲੇ ਪੁਰਾਣੇ ਵਫਾਦਾਰ ਕੌਂਸਲਰਾਂ ਨੂੰ ਵੀ ਟਿਕਟ ਦੇਣ ਲਈ ਫਿਰ ਤੋਂ ਵਿਚਾਰਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਟਿਕਟ ਮੰਗਣਾ ਹਰ ਪਾਰਟੀ ਵਰਕਰ ਦਾ ਹੱਕ ਹੈ, ਪਰੰਤੂ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਸਾਰੇ ਬੁਲਾਰਿਆਂ ਨੇ ਕੇਵਲ ਢਿੱਲੋਂ ਦੀ ਅਗਵਾਈ ਵਿੱਚ ਚੋਣ ਜਿੱਤਣ ਦਾ ਦਾਅਵਾ ਕੀਤਾ। ਮੀਟਿੰਗ ਦੇ ਸ਼ੁਰੂ ਤੋਂ ਅੰਤ ਤੱਕ ਪਾਰਟੀ ਆਗੂਆਂ ਤੇ ਵਰਕਰਾਂ ਨੇ ਢਿੱਲੋਂ ਦੁਆਰਾ ਕਰਵਾਏ ਵਿਕਾਸ ਕੰਮਾਂ ਨੂੰ ਲੈ ਕੇ ਗੁਣਗਾਣ ਕੀਤਾ।

Advertisement

-ਨਗਰ ਕੌਂਸਲ ਚੋਣਾਂ ਵਿਧਾਨ ਸਭਾ 2022 ਦਾ ਸੈਮੀਫਾਈਨਲ- ਬਾਵਾ

ਕੇ.ਕੇ. ਬਾਵਾ ਨੇ ਕਿਹਾ ਕਿ ਫਰਵਰੀ ਮਹੀਨੇ ਜਾਂ ਕੁਝ ਦੇਰ ਨਾਲ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ , ਵਿਧਾਨ ਸਭਾ ਚੋਣ 2022 ਦਾ ਸੈਮੀਫਾਈਨਲ ਮੈਚ ਹੀ ਹੈ। ਇਹ ਚੋਣ ਜਿੱਤਣ ਲਈ ਪਾਰਟੀ ਕੋਈ ਕਸਰ ਨਹੀਂ ਛੱਡੇਗੀ। ਉਨਾਂ ਪਾਰਟੀ ਵਰਕਰਾਂ ਨੂੰ ਹੁਣੇ ਤੋਂ ਹੀ ਚੋਣ ਦੀਆਂ ਤਿਆਰੀਆਂ ਵਿੱਚ ਜੁਟ ਜਾਣਾ ਚਾਹੀਦਾ ਹੈ। ਕਿਉਂਕਿ ਟਿਕਟ ਕਿਸੇ ਨੂੰ ਵੀ ਮਿਲੇ ਹਰ ਪਾਰਟੀ ਵਰਕਰ ਨੂੰ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ ਦੀ ਲੋੜ ਹੈ। ਪਾਰਟੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਆਬਜਰਬਰ ਕੇ.ਕੇ. ਬਾਵਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਲਗਾਤਾਰ 3 ਵਾਰ ਚੋਣ ਜਿੱਤਣ ਦਾ ਰਿਕਾਰਡ ਕਾਇਮ ਕਰਨ ਵਾਲੇ ਮਹੇਸ਼ ਕੁਮਾਰ ਲੋਟਾ ਨੂੰ ਵੀ ਥਾਪੀ ਦੇ ਕੇ ਗਿਆ। ਜਦੋਂ ਕਿ ਲੋਟਾ ਸਾਰੀ ਮੀਟਿੰਗ ਦੇ ਦੌਰਾਨ ਅਗਲੀ ਕਤਾਰ ਦੇ ਆਗੂਆਂ ਵਿੱਚ ਬੈਠਣ ਦੀ ਬਜਾਏ ਵਰਕਰਾਂ ਦੇ ਵਿੱਚ ਹੀ ਬੈਠੇ ਰਹੇ। ਬਾਵਾ ਤੇ ਲੋਟਾ ਦੀ ਮਿਲਣੀ ਕਈ ਤਰਾਂ ਦੀ ਚਰਚਾ ਪਿੱਛੇ ਛੱਡ ਗਈ। ਪੁੱਛਣ ਤੇ ਮਹੇਸ਼ ਲੋਟਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਹੀ ਉਨਾਂ ਦੇ ਆਗੂ ਹਨ, ਪਰੰਤੂ ਸ੍ਰੀ ਬਾਵਾ ਨਾਲ ਵੀ ਪਾਰਟੀ ਵਰਕਰ ਹੋਣ ਦੇ ਨਾਤੇ ਉਨਾਂ ਦੀ ਪੁਰਾਣੀ ਸਾਂਝ ਜਰੂਰ ਹੈ।

ਸਾਬਕਾ ਵਿਧਾਇਕ ਕੇਵਲ ਢਿੱਲੋਂ ਨੇ ਕਿਹਾ ਕਿ ਹਰ ਵਾਰਡ ਦਾ ਵੱਖਰਾ ਵੱਖਰਾ ਚੋਣ ਮੈਨੀਫੈਸਟੋ ਉੱਥੋਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਅਧਾਰ ਤੇ ਹੀ ਜਾਰੀ ਕੀਤਾ ਜਾਵੇਗਾ। ਉਨਾਂ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਕਾਂਗਰਸ ਦਾ ਮੁਕਾਬਲਾ ਕਿਸੇ ਵੀ ਪਾਰਟੀ ਨਾਲ ਨਹੀਂ, ਪਾਰਟੀ ਜਿਲ੍ਹੇ ਦੀਆਂ ਸਾਰੀਆਂ ਸੀਟਾਂ ਤੇ ਵਿਰੋਧੀਆਂ ਦਾ ਸੂਫੜਾ ਸਾਫ ਕਰ ਦੇਵੇਗੀ। ਮੀਟਿੰਗ ਦੇ ਅੰਤ ਵਿੱਚ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਮੀਟਿੰਗ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।  

Advertisement
Advertisement
Advertisement
Advertisement
Advertisement
error: Content is protected !!