ਸਾਂਝੇ ਕਿਸਾਨ ਸੰਘਰਸ਼ ਦਾ 98 ਵਾਂ ਦਿਨ -ਦਾਣਾ ਮੰਡੀ ਤੋਂ ਰੇਲਵੇ ਸਟੇਸ਼ਨ ਤੱਕ 800 ਤੋਂ ਵਧੇਰੇ ਟਰੈਕਟਰਾਂ ਦਾ ਵਿਸ਼ਾਲ ਟਰੈਕਟਰ ਮਾਰਚ
ਹਰਿੰਦਰ ਨਿੱਕਾ , ਬਰਨਾਲਾ 7 ਜਨਵਰੀ 2021
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਰੇਲਵੇ ਸਟੇਸ਼ਨ ਪਾਰਕਿੰਗ ਵਿੱਚ ਭੁੱਖ ਹੜਤਾਲ ਜਾਰੀ ਰਹੀ। ਅੱਜ ਦਾਣਾ ਮੰਡੀ ਤੋਂ ਰੇਲਵੇ ਸਟੇਸ਼ਨ ਬਰਨਾਲਾ ਤੱਕ 800 ਤੋਂ ਵਧੇਰੇ ਟਰੈਕਟਰਾਂ ਦੀ ਸ਼ਮੂਲੀਅਤ ਵਾਲਾ ਵਿਸ਼ਾਲ ਟਰੈਕਟਰ ਮਾਰਚ ਸ਼ਹਿਰ ਬਰਨਾਲਾ ਦੇ ਬਜਾਰਾਂ ਵਿੱਚੋਂ ਕੱਢਿਆ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ , ਮਾ. ਨਿਰੰਜਣ ਸਿੰਘ, ਕੁਲਵੀਰ ਸਿੰਘ, ਗੁਰਜੰਟ ਸਿੰਘ, ਗੁਰਚਰਨ ਸਿੰਘ ਸਰਪੰਚ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਜਸਪਾਲ ਕੌਰ, ਬਾਬੂ ਸਿੰਘ ਖੁੱਡੀਕਲਾਂ, ਨੇਕਦਰਸ਼ਨ ਸਿੰਘ, ਬਾਰਾ ਸਿੰਘ ਬਦਰਾ, ਗੁਰਨਾਮ ਸਿੰਘ ਠੀਕਰੀਵਾਲ, ਹਰਚਰਨ ਚੰਨਾ ਆਦਿ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮੁਲਾਜਮ ਵਿਰੋਧੀ ਨੀਤੀਆਂ ਖਿਲ਼ਾਫ ਗੁੱਸਾ ਹੋਰ ਵਧੇਰੇ ਤੀਬਰਤਾ ਨਾਲ ਸੜਕਾਂ ਤੇ ਨਿੱਕਲ ਰਿਹਾ ਹੈ। ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਆਵਾਜ ਘਰ-ਘਰ ਦੀ ਅਵਾਜ ਬਣਕੇ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਅੱਜ ਦਾ ਟਰੈਕਟਰ ਮਾਰਚ ਮਹਿਜ ਟਰੇਲਰ ਹੈ, ਅਸਲ ਟੱਕਰ ਤਾਂ ਸਾਂਝੇ ਕਿਸਾਨ ਮੋਰਚੇ ਵੱਲੋਂ ਐਲਾਨੀ 26 ਜਨਵਰੀ ਸਮਾਨ ਅੰਤਰ ਗਣਤੰਤਰ ਦਿਵਸ ਵਾਲੇ ਦਿਨ ਹੋਵੇਗੀ। ਇਸ ਵਾਸਤੇ ਹਜਾਰਾਂ ਟਰੈਕਟਰ ਦਿੱਲੀ ਵੱਲ ਵੀ ਰਵਾਨਾ ਹੋਣਗੇ। ਸਮੁੱਚੇ ਮੁਲਕ ਅੰਦਰ ਹਰ ਘਰ ਵਿੱਚੋਂ ਮੋਦੀ ਹਕੂਮਤ ਖਿਲਾਫ ਰੋਹਲੀ ਲਲਕਾਰ ਗੂਜੇਗੀ। ਅੱਜ ਟੈਕਨੀਕਲ ਸਰਵਸਿਜ ਯੂਨੀਅਨ (ਰਜਿ) ਸਰਕਲ ਬਰਨਾਲਾ ਦਾ ਕਾਫਲਾ ਬਲਵੰਤ ਸਿੰਘ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ। ਇਹ ਕਾਫਲੇ ਆਏ ਦਿਨ ਵਧਦੇ ਜਾ ਰਹੇ ਹਨ। ਮੋਦੀ ਹਕੂਮਤ ਦੇ ਧੱਕੜਸ਼ਾਹ, ਅੜੀਅਲ, ਸਜਿਸ਼ੀ ਵਤੀਰੇ ਖਿਲਾਫ ਸੰਯੁਕਤ ਮੋਰਚੇ ਵੱਲੋਂ ਐਲਾਨ ਕੀਤੇ ਅਗਲੇਰੇ ਸੰਘਰਸ਼ਾਂ ਦੀ ਕੜੀ ਵਜੋਂ ਅੱਜ ਦਾਣਾ ਮੰਡੀ ਤੋਂ ਰੇਲਵੇ ਸਟੇਸ਼ਨ ਤੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। 800 ਤੋਂ ਵਧੇਰੇ ਟਰੈਕਟਰਾਂ ਦੀ ਅਗਵਾਈ ਵਾਲਾ ਅਕਾਸ਼ ਗੁੰਜਾਊ ਨਾਹਰੇ ਮਾਰਦਾ ਟਰੈਕਟਰ ਮਾਰਚ ਜਿਉਂ ਹੀ ਦਾਣਾ ਮੰਡੀ ਤੋਂ ਬਰਨਾਲਾ ਸ਼ਹਿਰ ਵੱਲ ਵਧਿਆ ਤਾਂ ਸ਼ਹਿਰ ਦੇ ਹਰ ਪਾਸੇ ‘‘ਹਰੇ ਰੰਗ ਦੇ ਝੰਡਿਆਂ ਦਾ ਝਲਕਾਰਾ ਅਤੇ ਮੋਦੀ ਸਰਕਾਰ ਮੁਰਦਾਬਾਦ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’’ ਦੇ ਅਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ। ਬੁਲਾਰਿਆਂ ਕਿਹਾ ਕਿ 12 ਜਨਵਰੀ ਤੱਕ ਜਾਗਰੂਕਤਾ ਹਫਤਾ ਮਨਾਉਂਦਿਆਂ, 13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਦੁੱਲੇ ਭੱਟੀ ਦੇ ਵਾਰਸ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ। 18 ਜਨਵਰੀ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਕਰਕੇ ਕਿਸਾਨ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਹੋਰ ਵਧੇਰੇ ਜਰਬਾਂ ਦਿੱਤੀਆਂ ਜਾਣਗੀਆਂ। 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰੰਦਰ ਬੋਸ ਨੂੰ ਯਾਦ ਕੀਤਾ ਜਾਵੇਗਾ। 26 ਜਨਵਰੀ ਸਮਾਨਅੰਤਰ ਕਿਸਾਨ ਦਿਵਸ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ। ਬੁਲਾਰਿਆਂ ਮੋਦੀ ਹਕੂਮਤ ਵੱਲੋਂ ਦੋਹਰੇ ਪੈਮਾਨੇ ਅਪਨਾਉਣ ਬਦਲੇ ਚੋਟ ਨਿਸ਼ਾਨਾ ਬਣਾਇਆ ਅਤੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਜਿਹੀਆਂ ਸ਼ਾਤਰ, ਫੁੱਟਪਾਊ ਚਾਲਾਂ ਤੋਂ ਬਾਜ ਆਵੇ। ਕਿਉਂਕਿ ਇੱਕ ਪਾਸੇ ਸਾਂਝੇ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗਾਂ, ਦੂਜੇ ਪਾਸੇ ਇਹੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦਰਸਾਉਣ ਦਾ ਰਾਗ ਅਲਾਪ ਰਹੀ ਹੈ। ਅਜਿਹੀ ਦੋਹਰੀ ਨੀਤੀ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਗੂਆਂ ਕਿਹਾ ਕਿ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਨੂੰ ਸੰਗਰਾਮ ਦੇ ਰਣ ਤੱਤੇ ਮੈਦਾਨ’ਚ ਨਾਲ ਲੈਂਦਿਆਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਉੱਪਰ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਵਿਸ਼ਾਲ ਅਧਾਰ ਵਾਲਾ ਜੁਝਾਰੂ ਪਿਰਤਾਂ ਪਾਉਣ ਵਾਲਾ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਇਹੀ ਸਾਂਝਾ ਕਿਸਾਨ/ਲੋਕ ਸੰਘਰਸ਼ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਦਰਸ਼ਨ ਸਿੰਘ, ਸੁਰਜੀਤ ਸਿੰਘ, ਗਿੰਦਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਲੀਲਾ ਸਿੰਘ, ਰਾਮ ਸਿੰਘ, ਹਰਬੰਸ ਸਿੰਘ, ਅਮਰੀਕ ਸਿੰਘ, ਲਾਭ ਸਿੰਘ, ਬੇਅੰਤ ਸਿੰਘ, ਸੁਰਜੀਤ ਸਿੰਘ ਆਦਿ ਸ਼ਾਮਿਲ ਹੋਏ। । ਵੱਖ-ਵੱਖ ਪਿੰਡਾਂ/ਸ਼ਹਿਰੀ ਸੰਸਥਾਵਾਂ ਵੱਲੋਂ ਲੰਗਰ ਦੀ ਸੇਵਾ ਨਿਰਵਿਘਨ ਜਾਰੀ ਰਹੀ। ਜਗਤਾਰ ਬੈਂਸ, ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ।