ਮੁੜ ਪਟੜੀ ’ਤੇ ਆਉਣ ਲੱਗੀ ਜ਼ਿੰਦਗੀ, ਸਕੂਲਾਂ ਵਿਚ ਰੌਣਕਾਂ ਪਰਤੀਆਂ

Advertisement
Spread information

ਪ੍ਰਾਇਮਰੀ ਅਤੇ ਮਿਡਲ ਸਕੂਲ ਖੋਲ੍ਹਣ ਦਾ ਸਿੱਖਿਆ ਸਟਾਫ ਅਤੇ ਮਾਪਿਆਂ ਵੱਲੋਂ ਸਵਾਗਤ


ਬਲਵਿੰਦਰ ਅਜਾਦ , ਬਰਨਾਲਾ,  7 ਜਨਵਰੀ 2021
             ਪੰਜਾਬ ਸਰਕਾਰ ਵੱਲੋਂ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਲ ਨਾਲ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀ ਤਾਲਾਬੰਦੀ ਖਤਮ ਕੀਤੇ ਜਾਣ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਆਮਦ ਨਾਲ ਰੌਣਕਾਂ ਪਰਤ ਆਈਆਂ ਹਨ। ਸਰਕਾਰ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਸਨ ਅਤੇ ਹੁਣ ਸਰਕਾਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਤੇ ਮਾਪਿਆਂ ਵੱਲੋਂ ਲਗਾਤਾਰ ਬੱਚਿਆਂ ਦੀ ਪੜ੍ਹਾਈ ਪ੍ਰਤੀ ਜ਼ਾਹਿਰ ਕੀਤੀ ਜਾ ਰਹੀ ਚਿੰਤਾ ਦੇ ਮੱਦੇਨਜ਼ਰ ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਵੀ ਸਕੂਲ ਖੋਲ੍ਹ ਦਿੱਤੇ ਗਏ ਹਨ। ਸੂਬਾ ਸਰਕਾਰ ਦੇ ਇਸ ਫੈਸਲੇ ਦਾ ਸਰਕਾਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਸਵਾਗਤ ਕੀਤਾ ਹੈ।
        ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ. ਸਰਬਜੀਤ ਸਿੰਘ ਤੂਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀਮਤੀ ਜਸਬੀਰ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤਾਂ ਦੇ ਵਿਦਿਆਰਥੀ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲੀਂ ਪੁੱਜੇ। ਲੰਬੇ ਅਰਸੇ ਮਗਰੋਂ ਰੌਣਕਾਂ ਬਣਕੇ ਪਰਤੇ ਵਿਦਿਆਰਥੀਆਂ ਦਾ ਸਕੂਲ ਪੁੱਜਣ ’ਤੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਜੀ ਆਇਆਂ ਕਿਹਾ ਗਿਆ।
             ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਵਸੁੰਧਰਾ ਕਪਿਲਾ ਨੇ ਕਿਹਾ ਕਿ ਅੱਜ ਸਕੂਲ ਖੁੱਲ੍ਹਣ ਮੌਕੇ ਸਿੱਖਿਆ ਵਿਭਾਗ ਵੱਲੋਂ ਪਹਿਲਾ ਤੋਂ ਹੀ ਤੈਅ ਮਾਪੇ-ਅਧਿਆਪਕ ਮਿਲਣੀਆਂ ਮੌਕੇ ਵੱਡੀ ਗਿਣਤੀ ਵਿਚ ਮਾਪੇ ਆਪਣੇ ਬੱਚਿਆਂ ਸਮੇਤ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈਣ ਲਈ ਸਕੂਲੀਂ ਪੁੱਜੇ।
             ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨੂੰ ਵਿਭਾਗ ਦੇ ਉਪਰਾਲਿਆਂ ਬਾਰੇ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਦੱਸਣ ਦੇ ਨਾਲ-ਨਾਲ ਕੋਵਿਡ-19 ਸਬੰਧੀ ਨਿਯਮਾਂ ਲਈ ਬੱਚਿਆਂ ਨੂੰ ਸੁਚੇਤ ਕਰਨ ਬਾਰੇ ਵੀ ਮਾਪਿਆਂ ਨੂੰ ਜਾਗਰੂਕ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਹਰੇਕ ਸਕੂਲ ਮੁਖੀ ਅਤੇ ਅਧਿਆਪਕ ਨੇ ਵੀ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਅਤੇ ਬੱਚਿਆਂ ਨੂੰ ਨਿਯਮਾਂ ਦੀ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਵਿਭਾਗ ਦੇ ਨਵੇਂ ਟੀਚਿਆਂ, ਮਿਸ਼ਨ ਸ਼ਤ ਪ੍ਰਤੀਸ਼ਤ, ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ, ਆਧੁਨਿਕੀਕਰਨ, ਸਮਾਰਟ ਕਲਾਸ ਰੂਮਜ਼ ਮੁਹਿੰਮ ਤੇ ਹੋਰਨਾਂ ਨਿਵੇਕਲੇ ਪਹਿਲੂਆਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਹੁਤ ਸਾਰੇ ਸਕੂਲਾਂ ਵਿਚ ਬੱਚੇ ਵੀ ਆਪਣੇ ਅਧਿਆਪਕਾਂ ਨੂੰ ਲੰਬੇ ਅਰਸੇ ਬਾਅਦ ਮਿਲਣ ’ਤੇ ਖੁਸ਼ ਨਜ਼ਰ ਆਏ।
                 ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁ) ਧਨੌਲਾ ਦੇ ਪਿ੍ਰੰਸੀਪਲ ਸ੍ਰੀਮਤੀ ਨਿਰਮਲਾ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੇ ਪਿ੍ਰੰਸੀਪਲ ਡਾ. ਰਵਿੰਦਰਪਾਲ ਸਿੰਘ, ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮ) ਸ਼ਹਿਣਾ ਦੇ ਪਿ੍ਰੰਸੀਪਲ ਸ੍ਰੀਮਤੀ ਇਕਬਾਲ ਕੌਰ ਉਦਾਸੀ, ਸਰਕਾਰੀ ਮਿਡਲ ਸਕੂਲ ਅਤਰਗੜ੍ਹ ਦੇ ਮੁਖੀ ਸ੍ਰੀਮਤੀ ਇੰਦਰਜੀਤ ਕੌਰ, ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੇ ਹੈਡਮਿਸਟ੍ਰੈਸ ਸ੍ਰੀਮਤੀ ਸੁਰੇਸ਼ਟਾ ਰਾਣੀ, ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਮੁਖੀ ਸ. ਦਰਸ਼ਨ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਦੱਖਣੀ ਦੇ ਹੈਡਟੀਚਰ ਸ. ਮਾਲਵਿੰਦਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਦੇ ਹੈਡਟੀਚਰ ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅੱਜ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਨਾਲ ਜਿੱਥੇ ਬੱਚਿਆਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ, ਉੱਥੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਬਹੁਤ ਸਾਰੇ ਮਾਪਿਆਂ ਨੇ ਕਰੋਨਾ ਸੰਕਟ ਦੌਰਾਨ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਸਬੰਧੀ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਪਹਿਲਾ ਤੋਂ ਹੀ ਕੋਵਿਡ-19 ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਹੁਣ ਬੱਚਿਆਂ ਦੀ ਗਿਣਤੀ ਵਧਣ ਨਾਲ ਵੀ ਨਿਯਮਾਂ ਦੀ ਪਾਲਣਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪਿੰਡ ਅਤਰਗੜ੍ਹ ਦੇ ਸਰਪੰਚ ਸ. ਗੁਰਧਿਆਨ ਸਿੰਘ ਔਲਖ ਨੇ ਸਕੂਲ ਖੋਲ੍ਹਣ ਦੇ ਸਰਕਾਰ ਦੇ ਫੈਸਲੇ ਸ਼ਲਾਘਾ  ਕੀਤੀ

Advertisement
Advertisement
Advertisement
Advertisement
Advertisement
error: Content is protected !!