ਹੋਰਨਾਂ ਥਾਣਿਆਂ ਨੂੰ ਵੀ ਬਣਾਇਆ ਜਾਵੇਗਾ ਮਾਡਰਨ : ਆਈ.ਜੀ. ਪਟਿਆਲਾ ਰੇਂਜ
ਆਮ ਪਬਲਿਕ ਦੀ ਸਹੂਲਤ ਨੂੰ ਧਿਆਨ ‘ਚ ਰੱਖਕੇ ਬਣਾਇਆ ਮਾਡਰਨ ਥਾਣਾ : ਐਸ.ਐਸ.ਪੀ.
ਵੀਜ਼ਨ 2021 ਤਹਿਤ ਮਾਡਰਨ ਪੁਲਿਸ ਥਾਣੇ ਬਣਾਉਣ ਵੱਲ ਪਟਿਆਲਾ ਪੁਲਿਸ ਦੀ ਪਹਿਲ ਕਦਮੀ
ਰਾਜੇਸ਼ ਗੋਤਮ ਪਟਿਆਲਾ, 29 ਦਸੰਬਰ:2020
ਆਮ ਲੋਕਾਂ ਨੂੰ ਪੁਲਿਸ ਥਾਣਿਆਂ ‘ਚ ਕੰਮ ਕਰਵਾਉਣ ਲਈ ਆਉਣ ਸਮੇਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਪੁਲਿਸ ਦਾ ਲੋਕਾਂ ਨਾਲ ਰਾਬਤਾ ਹੋਰ ਵਧੇਰੇ ਦੋਸਤਾਨਾ ਬਣਾਉਣ ਦੇ ਮਕਸਦ ਨਾਲ ਪਟਿਆਲਾ ਜ਼ਿਲ੍ਹੇ ਦੇ ਅਰਬਨ ਅਸਟੇਟ ਥਾਣੇ ਨੂੰ ਜ਼ਿਲ੍ਹੇ ਦਾ ਪਹਿਲਾ ਮਾਡਰਨ ਪੁਲਿਸ ਥਾਣਾ ਬਣਾਇਆ ਗਿਆ ਹੈ, ਜਿਸ ਦਾ ਉਦਘਾਟਨ ਅੱਜ ਸ਼ਾਮ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ, ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਡੀ.ਐਸ.ਪੀ. ਸਿਟੀ-2 ਸ੍ਰੀ ਸੌਰਭ ਜਿੰਦਲ ਵੀ ਮੌਜੂਦ ਸਨ।
ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਨੇ ਪਟਿਆਲਾ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਇਸ ਨਾਲ ਜਿਥੇ ਆਮ ਪਬਲਿਕ ਦਾ ਪੁਲਿਸ ਨਾਲ ਰਾਬਤਾ ਹੋਰ ਚੰਗਾ ਹੋਵੇਗਾ, ਉਥੇ ਹੀ ਥਾਣੇ ‘ਚ ਬਣਾਏ ਹੈਲਪ ਡੈਸਕ ਰਾਹੀਂ ਆਮ ਲੋਕਾਂ ਨੂੰ ਆਪਣੀਆਂ ਦਰਖਾਸਤਾਂ ਅਤੇ ਮੁਕੱਦਮਿਆਂ ਨਾਲ ਸਬੰਧਤ ਸੂਚਨਾ ਪ੍ਰਾਪਤ ਕਰਨ ਵਿੱਚ ਹੋਰ ਵੀ ਜ਼ਿਆਦਾ ਸਹੂਲਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਹੈਲਪ ਡੈਸਕ ਨਾਲ ਲਗਾਏ ਗਏ ਐਲ.ਈ.ਡੀ. ‘ਤੇ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਮੁਲਾਜ਼ਮਾਂ ਦੇ ਨਾਲ-ਨਾਲ ਆਮ ਪਬਲਿਕ ਨੂੰ ਵੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਥਾਣੇ ਨੂੰ ਇਕ ਮਾਡਲ ਥਾਣੇ ਵਜੋਂ ਬਣਾਇਆ ਗਿਆ ਹੈ ਅਤੇ ਇਥੇ ਕੰਮ ਕਰ ਰਹੇ ਸਟਾਫ਼ ਪਾਸੋਂ ਫੀਡਬੈਕ ਪ੍ਰਾਪਤ ਕਰਕੇ ਇਸ ‘ਚ ਹੋਰ ਸੁਧਾਰ ਲਿਆਕੇ ਇਸ ਨੂੰ ਹੋਰਨਾਂ ਥਾਣਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਥਾਣੇ ‘ਚ ਆਮ ਪਬਲਿਕ ਵੱਲੋਂ ਦਿੱਤੀਆਂ ਦਰਖਾਸਤਾਂ ਅਤੇ ਮੁਕੱਦਮਿਆਂ ਦਾ ਰਿਕਾਰਡ ਡਿਜੀਟਲ ਤਰੀਕੇ ਨਾਲ ਰੱਖਿਆ ਜਾਵੇਗਾ ਤਾਂ ਜੋ ਆਮ ਪਬਲਿਕ ਵੱਲੋਂ ਦਰਖਾਸਤ ਜਾਂ ਮੁਕੱਦਮੇ ਸਬੰਧੀ ਮੰਗੀ ਗਈ ਸੂਚਨਾ ਤੁਰੰਤ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ ਵੀਜ਼ਨ 2021 ਤਹਿਤ ਮਾਡਰਨ ਥਾਣਾ ਬਣਾਉਣ ਵੱਲ ਇਹ ਪਹਿਲਾਂ ਕਦਮ ਹੈ ਅਤੇ ਆਉਣ ਵਾਲੇ ਸਾਲ ‘ਚ ਇਸ ਦੀ ਤਰਜ਼ ‘ਤੇ ਹੋਰਨਾਂ ਥਾਣਿਆਂ ਨੂੰ ਵੀ ਮਾਡਰਨ ਬਣਾਇਆ ਜਾਵੇਗਾ।
ਇਸ ਮੌਕੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਕੇ ਬਣਾਏ ਗਏ ਇਸ ਮਾਡਰਨ ਥਾਣੇ ‘ਚ ਹੈਲਪ ਡੈਸਕ, ਐਲ.ਈ.ਡੀ. ਤੋਂ ਇਲਾਵਾ ਲੋਕਾਂ ਦੇ ਸੁਝਾਅ ਪ੍ਰਾਪਤ ਕਰਨ ਲਈ ਥਾਣੇ ਦੇ ਬਾਹਰ ਸੁਝਾਅ ਬਾਕਸ ਵੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣੇ ‘ਚ ਜੂਵੇਨਾਈਲ ਲਈ ਇਕ ਸਪੈਸ਼ਲ ਜੂਵੇਨਾਈਲ ਰੂਮ ਤਿਆਰ ਕੀਤਾ ਗਿਆ ਕਿਉਂਕਿ ਜੇਕਰ ਕਿਸੇ ਵੀ ਦਰਖਾਸਤ ਜਾ ਤਫਤੀਸ਼ ਲਈ ਕੋਈ ਜੁਵੇਨਾਈਲ ਥਾਣੇ ਆਉਂਦਾ ਹੈ ਤਾਂ ਉਸਨੂੰ ਉਥੇ ਘਰ ਵਰਗਾਂ ਮਾਹੌਲ ਲੱਗੇ। ਉਨ੍ਹਾਂ ਦੱਸਿਆ ਕਿ ਥਾਣੇ ‘ਚ ਤਫ਼ਤੀਸ਼ੀ ਅਫ਼ਸਰਾਂ ਦੇ ਕਮਰਿਆਂ ‘ਚ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਦਿੱਤੀਆਂ ਗਈ ਹਨ ਅਤੇ ਇਕ ਰਿਕਰੀਏਸ਼ਨ ਰੂਮ ਵੀ ਤਿਆਰ ਕੀਤਾ ਗਿਆ ਹੈ ਜਿਸ ‘ਚ ਯੋਗਾ ਅਤੇ ਕੈਰਮ ਬੋਰਡ ਵਰਗੀਆਂ ਖੇਡਾਂ ਖੇਡੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਥਾਣੇ ‘ਚ ਲਾਇਬਰੇਰੀ ਸਥਾਪਤ ਕੀਤੀ ਗਈ ਹੈ ਅਤੇ ਥਾਣੇ ਦੇ ਮੁਲਾਜ਼ਮਾਂ ਲਈ ਨਵੇਂ ਸਿਰੇ ਤੋਂ ਮੈਸ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਥਾਣੇ ਦੀ ਤਰਜ਼ ‘ਤੇ ਹੋਰਨਾਂ ਥਾਣਿਆਂ ਨੂੰ ਵੀ ਮਾਡਰਨ ਕੀਤਾ ਜਾਵੇਗਾ।