ਸਵੈ-ਰੋਜ਼ਗਾਰ ਲਈ ਲੋਨ ਮੇਲੇ ’ਚ 433 ਲਾਭਪਤਾਰੀਆਂ ਨੂੰ ਕਰਜ਼ੇ ਮੁਹੱਈਆ ਕਰਵਾਏ-ਐਸ.ਡੀ.ਐਮ
ਗਗਨ ਹਰਗੁਣ , ਅਹਿਮਦਗੜ 24 ਦਸੰਬਰ:2020
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲੇ ਅੰਦਰ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਸਵੈ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਲੋਨ ਮੇਲੇ ਲਗਾਉਣਾ ਸ਼ਲਾਘਾਯੋਗ ਕਾਰਜ਼ ਹੈ। ਇਹਨਾਂ ਲੋਨ ਮੇਲਿਆਂ ’ਚ ਪਹੁੰਚ ਕਰਕੇ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ੍ਰੀ ਸੁਰਜੀਤ ਸਿੰਘ ਧੀਮਾਨ ਨੇ ਜੱਸਾ ਸਿੰਘ ਰਾਮਗੜੀਆ ਭਵਨ ਅਹਿਮਦਗੜ ਵਿਖੇ ਜ਼ਿਲਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਲਗਾਏ ਲੋਨ ਮੇਲੇ ਦਾ ਜਾਇਜ਼ਾ ਲੈਣ ਵੇਲੇ ਕੀਤਾ।
ਸ੍ਰੀ ਧੀਮਾਨ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋਨ ਮੇਲੇ ਲਗਾਉਣ ਦਾ ਮੰਤਵ ਬੇਰੋਜ਼ਗਾਰੀ ਨੰੂ ਠਲ ਪਾਉਣਾ ਅਤੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ, ਸਕੀਮਾਂ ਬਾਰੇ ਲੋੜਵੰਦਾਂ ਨੰੂ ਜਾਣੂ ਕਰਵਾ ਕੇ ਲਾਭ ਪਹੰੁਚਾਉਣਾ ਹੈ। ਉਨਾਂ ਲੋਨ ਮੇਲੇ ’ਚ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਉਨਾਂ ਕਾਰੋਬਾਰ ਕਰਨ ਲਈ ਲੋਨ ਪ੍ਰਾਪਤ ਕਰਨ ਆਏ ਲਾਭਪਾਤਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਐਸ.ਡੀ.ਐਮ. ਅਹਿਮਦਗੜ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਦੱਸਿਆ ਕਿ ਅਹਿਮਦਗੜ ਲੋਨ ਮੇਲੇ ’ਚ 557 ਲਾਭਪਾਤਰੀਆਂ ਨੇ ਲੋਨ ਲੈਣ ਲਈ ਪਹੁੰਚ ਕੀਤੀ , ਜਿਨਾਂ ਵਿੱਚੋਂ 434 ਲਾਭਪਤਾਰੀਆਂ ਦੇ ਬੈਂਕਾਂ ਵੱਲੋਂ ਕੇਸ ਮਨਜ਼ੂਰ ਕੀਤੇ ਗਏ। ਉਨਾਂ ਦੱਸਿਆ ਕਿ ਲੋਨ ਮੇਲੇ ਦਾ ਮੰਤਵ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਕੀਮਾਂ ਤੋਂ ਜਾਣੂ ਕਰਵਾਉਣਾ ਅਤੇ ਆਪਣਾ ਕੰਮ-ਧੰਦਾ ਸ਼ੁਰੂ ਕਰਨ ਲਈ ਲੋਨ ਲੈਣ ਲਈ ਬਿਨੈ-ਪੱਤਰ ਦਾਖਿਲ ਕਰਵਾਉਣਾ, ਸੈਕਸ਼ਨ/ਅਦਾਇਗੀ ਦੇ ਕੇਸਾਂ ਨੂੰ ਕਲੀਅਰ ਕਰਵਾਉਣਾ ਹੈ। ਸਵੈ-ਰੋਜ਼ਗਾਰ ਲੋਨ ਮੇਲੇ ਵਿੱਚ ਮੌਕੇ ਤੇ 50 ਲਾਭਪਾਤਰੀਆਂ ਨੂੰ ਸੈਂਕਸ਼ਨ ਲੈਟਰ ਦਿੱਤੇ ਗਏ ਅਤੇ ਲਾਭਪਾਤਰੀਆਂ ਦੁਆਰਾ ਆਪਣੇ ਕੰਮ ਪੂਰੀ ਜਿੰਮੇਵਾਰੀ ਨਾਲ ਕਰਨ ਲਈ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਰਵਿੰਦਰਪਾਲ ਸਿੰਘ ਜ਼ਿਲਾ ਰੋਜ਼ਗਾਰ ਅਫ਼ਸਰ ਸੰਗਰੂਰ, ਲੀਡ ਬੈਂਕ ਅਫ਼ਸਰ ਸ਼ਾਲਨੀ ਮਿਤਲ, ਸਮੂਹ ਬੈਂਕ ਮੈਨੇਜਰ ਤਹਿਸੀਲ ਅਹਿਮਦਗੜ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।