ਸਵ: ਵਿਧਾਇਕ ਕੀਤੂ ਦੇ ਪੀ.ਏ. ਸ਼ੰਕਰ ਸ਼ਰਮਾਂ ਦੀ ਬੇਟੀ ਹੈ ਸੁਮਿੱਤਰਾ ਸ਼ਰਮਾਂਂ
ਹਰਿੰਦਰ ਨਿੱਕਾ , ਬਰਨਾਲਾ 24 ਦਸੰਬਰ 2020
ਨਗਰ ਕੌਂਸਲ ਦੀਆਂ ਅਗਾਮੀ ਚੋਣਾਂ ਦਾ ਮੈਦਾਨ ਹਰ ਦਿਨ ਚੋਣ ਦੰਗਲ ਵਿੱਚ ਤਾਲ ਠੋਕ ਰਹੇ ਉਮੀਦਵਾਰਾਂ ਕਾਰਣ ਭੱਖਦਾ ਜਾ ਰਿਹਾ ਹੈ। ਸ਼ਹਿਰ ਦਾ ਦਿਲ ਸਮਝੇ ਜਾਂਦੇ ਵਾਰਡ ਨੰਬਰ 15 ਵਿੱਚ ਕਿਸਮਤ ਅਜਮਾਉਣ ਲਈ ਉੱਤਰ ਚੁੱਕੇ ਉਮੀਦਵਾਰਾਂ ਵਿੱਚ ਬਰਨਾਲਾ ਕਲੱਬ ਦੇ ਸੈਕਟਰੀ ਤੇ ਕਾਂਗਰਸੀ ਨੇਤਾ ਰਾਜੀਵ ਲੂਬੀ ਦੀ ਮਾਤਾ ਸਰਲਾ ਦੇਵੀ ਅਤੇ ਭਾਜਪਾ ਦੇ ਯੁਵਾ ਮੋਰਚੇ ਦੇ ਸੂਬਾਈ ਤੇਜ ਤਰਾਰ ਆਗੂ ਨੀਰਜ ਜਿੰਦਲ ਦੀ ਮਾਤਾ ਸਰੋਜ ਜਿੰਦਲ ਨੂੰ ਕਰੜੀ ਚੁਣੌਤੀ ਦੇਣ ਲਈ ਅਕਾਲੀ ਉਮੀਦਵਾਰ ਦੇ ਤੌਰ ਤੇ ਸਵਰਗੀ ਸਾਬਕਾ ਐਮ.ਐਲ.ਏ. ਮਲਕੀਤ ਸਿੰਘ ਕੀਤੂ ਦੇ ਪੀ.ਏ. ਦੀਆਂ ਸੇਵਾਵਾਂ ਨਿਭਾਅ ਚੁੱਕੇ ਸ਼ੰਕਰ ਸ਼ਰਮਾਂ ਦੀ ਬੇਟੀ ਸੁਮਿੱਤਰਾ ਸ਼ਰਮਾ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਮੈਦਾਨ ‘ਚ ਡਟੀ ਸੁਮਿੱਤਰਾ ਸ਼ਰਮਾ ਦੀ ਬਦੌਲਤ ਹੁਣ ਵਾਰਡ ਵਿੱਚ ਤਿਕੌਣੀ ਅਤੇ ਸਖਤ ਟੱਕਰ ਹੋਣਾ ਸੁਭਾਵਿਕ ਮੰਨਿਆ ਜਾ ਰਿਹਾ ਹੈ। ਰਾਜਸੀ ਪੰਡਤਾਂ ਅਨੁਸਾਰ ਸੁਮਿੱਤਰਾ ਸ਼ਰਮਾ ਦੇ ਚੋਣ ਦੰਗਲ ਵਿੱਚ ਉਤਰਨ ਦੇ ਐਲਾਨ ਨਾਲ ਆਹਮੋ-ਸਾਹਮਣੇ ਦੀ ਟੱਕਰ ਹੋਣ ਦੀ ਉਮੀਦ ਲਗਾ ਕੇ ਰਣਨੀਤੀ ਬਣਾਉਣ ਵਿੱਚ ਜੁੱਟੇ ਕਾਂਗਰਸੀ ਅਤੇ ਭਾਜਪਾ ਉਮੀਦਵਾਰ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਕੀਤੂ ਪਰਿਵਾਰ ਦੇ ਸਭ ਤੋਂ ਵਧੇਰੇ ਵਫਾਦਾਰ ਮੰਨੇ ਜਾਂਦੇ ਸ਼ੰਕਰ ਸ਼ਰਮਾਂ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਤੇ ਉਹਦਾ ਪੂਰਾ ਪਰਿਵਾਰ ਅਕਾਲੀ ਦਲ ਦੇ ਨਾਲ ਖੜ੍ਹਾ ਹੈ। ਉਨ੍ਹਾਂ ਆਪਣੀ ਬੇਟੀ ਸੁਮਿੱਤਰਾ ਸ਼ਰਮਾਂਂ ਨੂੰ ਟਿਕਟ ਦੇਣ ਲਈ ਅਕਾਲੀ ਦਲ ਦੇ।ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜਿਲ੍ਹਾ ਪ੍ਰਧਾਨ ਦਿਹਾਤੀ ਸੰਤ ਬਾਬਾ ਟੇਕ ਸਿੰਘ ਧਨੌਲਾ ਅਤੇ ਸ਼ਹਿਰੀ ਜਿਲ੍ਹਾ ਪ੍ਰਧਾਨ ਬਿੱਟੂ ਦੀਵਾਨਾ ਨੂੰ ਉਸਦੇ ਪਰਿਵਾਰ ਦੀ ਸੇਵਾ ਨੂੰ ਮੁੱਖ ਰੱਖਦਿਆਂ ਵਾਰਡ ਨੰਬਰ 15 ਤੋਂ ਆਪਣੀ ਬੇਟੀ ਲਈ ਟਿਕਟ ਦੀ ਮੰਗ ਕੀਤੀ ਹੈ। ਸ਼ੰਕਰ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਵਾਰਡ ਵਾਸੀਆਂ ਨਾਲ ਪਹਿਲੇ ਗੇੜ ਦੀ ਰਾਬਤਾ ਮੁਹਿੰਮ ਸਫਲਤਾ ਨਾਲ ਪੂਰੀ ਕਰ ਲਈ ਹੈ। ਵਾਰਡ ਵਾਸੀਆਂ ਦਾ ਉਨ੍ਹਾਂ ਦੀ ਬੇਟੀ ਨੂੰ ਪੂਰਾ ਸਮੱਰਥਨ ਮਿਲ ਰਿਹਾ ਹੈ।