ਰਿਚਾ ਨਾਗਪਾਲ ਪਟਿਆਲਾ, 22 ਦਸੰਬਰ:2020
ਪਟਿਆਲਾ ਪੁਲਿਸ ਨੇ ਨਿਵੇਕਲੀ ਪਹਿਲ ਕਰਦਿਆ ਆਦਤਨ ਮੁਜਰਮ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ‘ਚ ਲਿਆਉਣ ਲਈ ਉਨ੍ਹਾਂ ਦੀ ਕੌਂਸਲਿੰਗ ਸ਼ੁਰੂ ਕੀਤੀ ਹੈ। ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸ.ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ. ਸਿਟੀ-2 ਪਟਿਆਲਾ ਸੌਰਭ ਜਿੰਦਲ ਦੀ ਅਗਵਾਈ ‘ਚ ਸਰਕਲ ਸਿਟੀ-2 ਪਟਿਆਲਾ ਦੇ ਸਮੂਹ ਥਾਣਿਆਂ ਰਾਹੀਂ ਆਦਤਨ ਮੁਜ਼ਰਮ ਵਿਅਕਤੀਆਂ ਜਿੰਨ੍ਹਾਂ ‘ਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮੇ ਦਰਜ ਹਨ ਅਤੇ ਉਹ ਜੇਲਾਂ ਤੋਂ ਜ਼ਮਾਨਤ ‘ਤੇ ਆਏ ਹਨ, ਉਨ੍ਹਾਂ ਵਿਅਕਤੀਆਂ ਦੀ ਕੌਂਸਲਿੰਗ ਕੀਤੀ ਗਈ।
ਕੌਸਲਿੰਗ ਦੌਰਾਨ ਸਾਰੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਰਾਈਮ ਦਾ ਰਸਤਾ ਛੱਡਕੇ ਇਕ ਚੰਗੇ ਨਾਗਰਿਕ ਬਣਨ ਲਈ ਉਤਸ਼ਾਹਤ ਕਰਦਿਆ ਕਿਹਾ ਕਿ ਉਹ ਆਪਣਾ ਕੰਮ ਸ਼ੁਰੂ ਕਰਨ ਅਤੇ ਜੇਕਰ ਕੰਮ ਪ੍ਰਾਪਤ ਕਰਨ ‘ਚ ਮੁਸ਼ਕਲ ਆਉਂਦੀ ਹੈ ਤਾਂ ਸਮਾਜ ਦੀ ਮੁੱਖ ਧਾਰਾ ਨਾ ਜੋੜਨ ਲਈ ਹਰੇਕ ਸੰਭਵ ਮਦਦ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਕਰਾਈਮ ਨਾਲ ਜੁੜੇ ਵਿਅਕਤੀਆਂ ਨੂੰ ਸਹੀ ਰਸਤਾ ਅਪਨਾਉਣ ਲਈ ਪ੍ਰੇਰਿਤ ਕਰਦਿਆ ਪੁਲਿਸ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜੁਰਮ ਕਰਦਾ ਹੈ ਤਾਂ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਅਤੇ ਅਜਿਹੇ ਵਿਅਕਤੀਆਂ ‘ਤੇ ਨਿਗਰਾਨੀ ਵੀ ਰੱਖੀ ਜਾਂਦੀ ਹੈ ਪਰ ਚੰਗੇ ਨਾਗਰਿਕ ਬਣੇ ਵਿਅਕਤੀਆਂ ਨਾਲ ਪੁਲਿਸ ਵੱਲੋਂ ਪੂਰਨ ਸਹਿਯੋਗ ਵੀ ਕੀਤਾ ਜਾਂਦਾ ਹੈ।