ਬਰਨਾਲਾ ‘ਚ ਸਾਂਝੇ ਕਿਸਾਨ ਸੰਘਰਸ਼ ਦਾ 74 ਵਾਂ ਦਿਨ
ਮਾਵਾਂ,ਦਾਦੀਆਂ ਦੀ ਪ੍ਰੇਰਣਾ ਨਾਲ ਸੰਘਰਸ਼ੀ ਯੋਧੇ ਬਣ ਰਹੀਆਂ ਧੀਆਂ ਤੇ ਪੋਤੀਆਂ
ਹਰਿੰਦਰ ਨਿੱਕਾ , ਬਰਨਾਲਾ 13ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ 74 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਖੇਤੀ ਕਾਨੂੰਨ ਰੱਦ ਕਰਨ ਦੇ ਅਕਾਸ਼ ਗੁੰਜਾਊ ਨਾਹਰੇ ਗੂੰਜਦੇ ਰਹੇ। ਇਹ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਵਟਣ ਦੀ ਮਿਸਾਲ ਬਣ ਗਿਆ ਹੈ। ਹਰ ਆਏ ਦਿਨ ਹੋਰ ਮਿਹਨਤਕਸ਼ ਤਬਕੇ ਇਸ ਸੰਘਰਸ਼ ਦੀ ਢਾਲ ਅਤੇ ਤਲਵਾਰ ਬਣ ਰਹੇ ਹਨ।
ਐਲਬੀਐਸ ਆਰੀਆ ਮਹਿਲਾ ਕਾਲਜ ਦੀ ਮੈਡਮ ਪ੍ਰੋ. ਅਰਚਨਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਬੁੱਧੀਜੀਵੀ ਵਰਗ ਨੂੰ ਆਪਣੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਦੀ ਨਸੀਹਤ ਦਿੱਤੀ। ਸਾਂਝੇ ਕਿਸਾਨ ਸੰਘਰਸ਼ ਦੀ ਸਟੇਜ ਤੋਂ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਖੁਸ਼ੀਆ ਸਿੰਘ, ਬਾਬੂ ਸਿੰਘ ਖੁੱਡੀਕਲਾਂ, ਕਰਨੈਲ ਸਿੰਘ ਗਾਂਧੀ ,ਜਸਪਾਲ ਕੌਰ ਕਰਮਗੜ੍ਹ, ਵਕੀਲ ਮਨਵੀਰ ਕੌਰ, ਸਰਬਜੀਤ ਕੌਰ ਤਾਜੋਕੇ ਆਦਿ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ।
ਮੋਦੀ ਸਰਕਾਰ ਵੱਲੋਂ ਸਾਂਝਾ ਕਿਸਾਨ ਮੋਰਚੇ ਦੇ ਆਗੂਆਂ ਨੂੰ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਸਬੰਧੀ ਭੇਜੀ ਗਈ ਤਜਵੀਜ ਚਰਚਾ ਦਾ ਵਿਸ਼ਾ ਰਹੀ। ਆਗੂਆਂ ਕਿਹਾ ਕਿ ਮੋਦੀ ਹਕੂਮਤ ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਸਾਡੇ ਸਿਦਕ ਦੀ ਪਰਖ ਕਰ ਰਹੀ ਹੈ। ਅੱਜ ਦਾ ਦਿਨ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਨੌਵੇਂ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਤੋਂ ਸੀਸ ਅਨੰਦਪੁਰ ਲਿਆਉਣ ਵਾਲੇ ਭਾਈ ਜੈਤਾ (ਜੀਵਨ ਸਿੰਘ) ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਹਾ। ਜੋ ਨਾਂ ਸਿਰਫ ਗੁਰੂ ਤੇਗ ਬਹਾਦਰ ਦਾ ਸੀਸ ਅਨੰਦਪੁਰ ਲੈਕੇ ਆਏ ਸਗੋਂ ਮੁਗਲਾਂ ਖਿਲਾਫ ਜੰਗ ਵਿੱਚ ਪੂਰੀ ਸੂਰਬੀਰਤਾ ਨਾਲ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ। ਸਾਂਝਾ ਕਿਸਾਨ ਮੋਰਚਾ ਵੱਲੋਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਰੇਲਵੇ ਸਟੇਸ਼ਨ/ਮਾਲ/ਟੋਲ ਪਲਾਜਿਆਂ ਉੱਪਰ ਚਲਦੇ ਧਰਨਿਆਂ/ਘਿਰਾਉਆਂ ਦੇ ਨਾਲ-ਨਾਲ ਸਮੁੱਚੇ ਭਾਰਤ ਅੰਦਰ ਡੀਸੀ ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ 14 ਦਸੰਬਰ ਨੂੰ ਡੀਸੀ ਦਫਤਰ ਬਰਨਾਲਾ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿੱਚ ਸਮੂਹ ਮਿਹਨਤਕਸ਼ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਕਾਫਲੇ ਬੰਨ੍ਹਕੇ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ ਤਾਂ ਜੋ ਮੋਦੀ ਹਕੂਮਤ ਦਾ ਗਰੂਰ ਭੰਨਿਆ ਜਾ ਸਕੇ।
ਦਿੱਲੀ ਅਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਪਰ ਚੱਲ ਰਹੇ ਮੋਰਚਿਆਂ ਵਿੱਚ ਔਰਤਾਂ ਦੀ ਵਧ ਰਹੀ ਸ਼ਮੂਲੀਅਤ ਸੰਘਰਸ਼ ਨੂੰ ਨਵਾਂ ਬਲ ਬਖਸ਼ ਰਹੀ ਹੈ। ਹਰ ਰੋਜ ਸਟੇਜ ਦੀ ਸਮਾਪਤੀ ਸਮੇਂ ਜਵਾਨੀ ਦੀ ਦਹਿਲੀਜ ਤੇ ਪੈਰ ਰੱਖ ਰਹੀਆਂ ਨੌਜਵਾਨ ਸਕੂਲੀ ਧੀਆਂ ਗਗਨਦੀਪ ਕੌਰ, ਗੁਰਬੀਰ ਕੌਰ, ਸਵਨਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਪ੍ਰਭਨੂਰ ਕੌਰ ਅਕਾਸ਼ ਗੁੰਜਾਊ ਨਾਹਰਿਆਂ ਰਾਹੀਂ ਮੋਦੀ ਹਕੂਮਤ ਨੂੰ ਲਲਕਾਰਕੇ ਪੰਡਾਲ ਵਿੱਚ ਹਾਜਰੀਨ ਅੰਦਰ ਰੋਹ ਦੀ ਜਵਾਲਾ ਭਰ ਦਿੰਦੀਆਂ ਹਨ। ਪਿੰਡਾਂ ਵਿੱਚੋਂ ਹਰ ਰੋਜ ਨਵੇਂ ਕਾਫਲੇ ਖਾਸ ਕਰ ਨੌਜਵਾਨ ਦਿੱਲੀ ਮੋਰਚੇ ਵਿੱਚ ਹਰਿਆਣਾ ਸਰਕਾਰ ਦੀਆਂ ਤਮਾਮ ਰੋਕਾਂ ਤੋੜਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਸ਼ਾਮਿਲ ਹੋਣ ਵਾਲੇ ਕਾਫਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਗੁਰਮੇਲ ਸਿੰਘ ਠੁੱਲੀਵਾਲ, ਮੇਜਰ ਸਿੰਘ ਸੰਘੇੜਾ, ਬਲਵੀਰ ਸਿੰਘ, ਮੁਖਤਿਆਰ ਸਿੰਘ, ਰਣਜੀਤ ਸਿੰਘ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਅਮਰਜੀਤ ਸਿੰਘ, ਹਰਚਰਨ ਚਹਿਲ, ਸ਼ਿੰਦਰ ਕੌਰ, ਸਰਬਜੀਤ ਕੌਰ, ਗੁਰਨਾਮ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਵੱਲ ਰਵਾਨਾ ਹੋਏ ਕਾਫਲਿਆਂ ਨੇ ਹੱਡ ਚੀਰਵੀਂ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਦਿੱਲੀ ਹਕੂਮਤ ਦੀ ਧੌਣ ਤੇ ਗੋਡਾ ਧਰਕੇ ਪੱਕੇ ਡੇਰੇ ਜਮਾਉਣ ਨਾਲ ਮੋਦੀ ਹਕੂਮਤ ਦੀ ਸਾਹ ਰਗ ਦਿੱਲੀ ਦੀ ਜਾਮ ਹੋਣ ਵਰਗੀ ਹਾਲਤ ਬਣੀ ਹੋਣ ਦੇ ਬਾਵਜੂਦ ਵੀ ਹੈਂਕੜਬਾਜ ਰਵੱਈਆ ਧਾਰਿਆ ਹੋਇਆ ਹੈ। ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਖਾਸ-ਮ-ਖਾਸ ਵੱਡੇ ਵਪਾਰਕ ਘਰਾਣਿਆਂ(ਅਡਾਨੀਆਂ-ਅੰਬਾਨੀਆਂ) ਨੂੰ ਅੰਨ੍ਹੇ ਮੁਨਾਫੇ ਬਖਸ਼ਣ ਦੀ ਲੋਕ ਵਿਰੋਧੀ ਨੀਤੀ ਖਿਲਾਫ ਸੰਘਰਸ਼ ਹੋਰ ਤੇਜ ਕਰਦਿਆਂ 14 ਦਸੰਬਰ ਨੂੰ ਸਮੁੱਚੇ ਭਾਰਤ ਅੰਦਰ ਡੀਸੀ ਦਫਤਰਾਂ ਅੱਗੇ ਵਿਸ਼ਾਲ ਧਰਨਿਆਂ ਦੀ ਕੜੀ ਵਜੋਂ ਡੀਸੀ ਦਫਤਰ ਬਰਨਾਲਾ ਅੱਗੇ ਦਿੱਤੇ ਜਾ ਰਹੇ ਧਰਨੇ/ਰੋਸ ਮੁਜਾਹਰੇ ਵਿੱਚ ਸ਼ਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ।