ਅਡਾਨੀਆਂ-ਅੰਬਾਨੀਆਂ ਖਿਲਾਫ ਸੰਘਰਸ਼ ਹੋਰ ਭਖਿਆ -14 ਦਸੰਬਰ ਨੂੰ ਦੇਸ਼ ਭਰ ‘ਚ ਡੀਸੀ ਦਫਤਰਾਂ ਅੱਗੇ ਪਊ ਵਿਸ਼ਾਲ ਧਰਨਿਆਂ ਦੀ ਧਮਕ
ਪੱਤੀ ਰੋਡ ਗਲੀ ਨੰ. 2 ਵਿੱਚੋਂ ਕਾਫਲਾ ਹੋਇਆ ਸ਼ਾਮਿਲ, 5200 ਰੁ. ਦੀ ਮਾਇਕ ਸਹਾਇਤਾ ਵੀ ਸੰਚਾਲਨ ਕਮੇਟੀ ਦੀ ਝੋਲੀ ਪਾਈ
ਰਘਵੀਰ ਹੈਪੀ ਬਰਨਾਲਾ 12 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਕੀਤਾ ਸੰਘਰਸ਼ 73 ਵੇਂ ਦਿਨ ਵੀ ਜਾਰੀ ਰਿਹਾ। ਸਾਂਝੇ ਕਿਸਾਨ ਸੰਘਰਸ਼ ਦੀ ਸਟੇਜ ਤੋਂ ਵਕੀਲ ਪਰਮਜੀਤ ਸਿੰਘ ਮਾਨ ਅਤੇ ਵਕੀਲ ਹਾਕਮ ਸਿੰਘ ਭੁੱਲਰ ਆਪਣੇ ਸੰਬੋਧਨ ਰਾਹੀਂ ਜਿੱਥੇ ਇਨ੍ਹਾਂ ਤਿੰਨੇ ਕਾਨੂੰਨਾਂ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਇਹ ਕਾਨੂੰ ਭਾਰਤੀ ਸੰਵਿਧਾਨ ਅਨੁਸਾਰ ਖੇਤੀਬਾੜੀ ਅਤੇ ਮੰਡੀਕਰਨ ਨਿਰੋਲ ਰਾਜਾਂ ਦੇ ਅਧਿਕਾਰ ਦਾ ਵਿਸ਼ਾ ਹੈ।
ਉਨਾਂ ਦੱਸਿਆ ਕਿ ਕੇਂਦਰੀ ਸਰਕਾਰ ਨੂੰ ਇਹ ਕਾਨੂੰਨ ਬਨਾਉਣ ਦਾ ਕੋਈ ਅਧਿਕਾਰ ਨਹੀਂ ਹੈ, ਜਿਸ ਕਰਕੇ ਇਹ ਤਿੰਨੋਂ ਕਾਨੂੰਨ ਗੈਰ ਸੰਵਿਧਾਨਕ ਹਨ ਅਤੇ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਵਕੀਲਾਂ ਦੀ ਜਥੇਬੰਦੀ ਵੱਲੋਂ ਪੁਰਜੋਰ ਹਮਾਇਤ ਦੇਣ ਦਾ ਵਿਸ਼ਵਾਸ਼ ਦਿਵਾਇਆ। ਸਾਂਝੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਲੋਕਾਈ ਦੇ ਸੱਭੇ ਮਿਹਨਤਕਸ਼ ਤਬਕੇ ਇਸ ਨੂੰ ਬਲ ਬਖਸ਼ ਰਹੇ ਹਨ। ਅੱਜ ਟੀਐਸਯੂ (ਰਜਿ) ਦੇ ਸਾਬਕਾ ਆਗੂ ਹੇਮ ਰਾਜ ਠੁੱਲੀਵਾਲ ਅਤੇ ਬੇਅੰਤ ਕੌਰ ਦੀ ਅਗਵਾਈ ਵਿੱਚ ਪੱਤੀ ਰੋਡ ਗਲੀ ਨੰ. 2 ਬਰਨਾਲਾ ਤੋਂ ਭੈਣਾਂ ਦਾ ਵੱਡਾ ਕਾਫਲਾ ਸਾਂਝੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਇਆ ਅਤੇ 5200 ਰੁ. ਦੀ ਆਰਥਿਕ ਸਹਾਇਤਾ ਵੀ ਸੰਚਾਲਨ ਕਮੇਟੀ ਨੂੰ ਸੌਂਪੀ।
ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਉਜਾਗਰ ਸਿੰਘ ਬੀਹਲਾ, ਬਾਬੂ ਸਿੰਘ ਖੁੱਡੀਕਲਾਂ, ਗੁਰਮੇਲ ਰਾਮ ਸ਼ਰਮਾ ਆਦਿ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਮੋਦੀ ਸਰਕਾਰ ਵੱਲੋਂ ਸਾਂਝਾ ਕਿਸਾਨ ਮੋਰਚੇ ਦੇ ਆਗੂਆਂ ਨੂੰ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਸਬੰਧੀ ਭੇਜੀ ਗਈ ਤਜਵੀਜ ਚਰਚਾ ਦਾ ਵਿਸ਼ਾ ਰਹੀ। ਆਗੂਆਂ ਕਿਹਾ ਕਿ ਮੋਦੀ ਸਰਕਾਰ ਜਦੋਂ ਤੋਂ ਇਹ ਸਾਂਝਾ ਕਿਸਾਨ ਸੰਘਰਸ਼ ਸ਼ੁਰੂ ਹੋਇਆ ਹੈ, ਫੁੱਟ ਪਾਉਣ ਦੀ ਸਾਜਿਸ਼ਾਂ ਰਚਦੀ ਆਈ ਹੈ। ਪਰ ਕਿਸਾਨ ਜਥੇਬੰਦੀਆਂ ਨੇ ਪੂਰੇ ਤਹੱਮਲ ਅਤੇ ਸੂਝਬਝ ਤੋਂ ਕੰਮ ਲੈਂਦਿਆਂ ਹਰ ਸਾਜਿਸ਼ ਨੂੰ ਪਛਾੜਿਆ ਹੈ।
ਉਨਾਂ ਕਿਹਾ ਕਿ ਹੁਣ 10 ਦਸੰਬਰ ਦੇ ਮਨੁੱਖੀ ਅਧਿਕਾਰ ਦਿਵਸ ਮੌਕੇ ਜੇਲ੍ਹੀਂ ਡੱਕੇ ਬੁੱਧੀਜੀਵੀਆਂ,ਵਕੀਲਾਂ, ਸਮਾਜਿਕ ਕਾਰਕੁਨਾਂ, ਘੱਟ ਗਿਣਤੀ ਕਾਰਕੁਨਾਂ, ਵਿਦਿਆਰਥੀਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਨੂੰ ਗਲਤ ਰੰਗਤ ਦੇ ਕੇ ਫੁੱਟਪਾਉਣ ਅਤੇ ਬਦਨਾਮ ਕਰਨ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸਾਂਝਾ ਕਿਸਾਨ ਮੋਰਚਾ ਵੱਲੋਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਰੇਲਵੇ ਸਟੇਸ਼ਨ/ਮਾਲ/ਟੋਲ ਪਲਾਜਿਆਂ ਉੱਪਰ ਚਲਦੇ ਧਰਨਿਆਂ/ਘਿਰਾਉਆਂ ਦੇ ਨਾਲ-ਨਾਲ ਸਮੁੱਚੇ ਭਾਰਤ ਅੰਦਰ ਡੀਸੀ ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ 14 ਦਸੰਬਰ ਨੂੰ ਡੀਸੀ ਦਫਤਰ ਬਰਨਾਲਾ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿੱਚ ਸਮੂਹ ਮਿਹਨਤਕਸ਼ ਲੋਕਾਂ ਨੂਮ ਵਧ ਚੜ੍ਹਕੇ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ।
ਮੋਦੀ ਹਕੂਮਤ ਨੇ ਰਾਜ/ਸਟੇਟ/ਸਥਾਪਤੀ ਵਿਰੁੱਧ ਲੋਕਾਈ ਦੇ ਪੱਖ ਤੋਂ ਗੱਲ ਕਰਨ ਵਾਲੇ ਸਮਾਜਿਕ ਕਾਰਕੁਨਾਂ, ਵਕੀਲਾਂ, ਬੁੱਧੀਜੀਵੀਆਂ, ਕਲਾਕਾਰਾਂ ਬਦਨਾਮ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਤਹਿਤ ਸਾਲਾਂ ਬੱਧੀ ਸਮੇਂ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਕੀਤਾ ਹੋਇਆ ਹੈ। ਦਿੱਲੀ ਅਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਪਰ ਚੱਲ ਰਹੇ ਮੋਰਚਿਆਂ ਵਿੱਚ ਔਰਤਾਂ ਅਤੇ ਜਵਾਨੀ ਦੀ ਦਹਿਲੀਜ ਤੇ ਪੈਰ ਰੱਖ ਰਹੀਆਂ ਨੌਜਵਾਨ ਸਕੂਲੀ ਧੀਆਂ ਦੀ ਸਾਂਝੇ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਨੇ ਮੋਦੀ ਹਕੂਮਤ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ। ਅੱਜ ਲੋਕ ਪੱਖੀ ਸੱਭਿਆਚਾਰਕ ਟੀਮ ਦੇ ਨਿਰਦੇਸ਼ਕ ਵਿੰਦਰ ਠੀਕਰੀਵਾਲ ਨੇ ਐਕਸ਼ਨ ਗੀਤ ‘‘ ਐ ਸੂਰਮੇ ਜੁਝਾਰੋ ਕੋਈ ਬੁਲਾ ਰਿਹਾ ਹੈ ’’ ਵਿੱਚ ਇਨ੍ਹਾਂ ਜਵਾਨ ਹੋ ਰਹੀਆਂ ਦੀਆਂ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਤਾਂ ਝੱਟ ਤਿਆਰ ਬਰ ਤਿਆਰ ਹੋਕੇ ਐਕਸ਼ਨ ਗੀਤ ਦਾ ਹਿੱਸਾ ਬਣ ਗਈਆਂ। ਨਾਲ ਦੀ ਨਾਲ ਸਮਾਪਤੀ ਅਕਾਸ਼ ਗੁੰਜਾਊ ਨਾਹਰਿਆਂ ਰਾਹੀਂ ਮੋਦੀ ਹਕੂਮਤ ਨੂੰ ਲਲਕਾਰਕੇ ਪੰਡਾਲ ਵਿੱਚ ਹਾਜਰੀਨ ਅੰਦਰ ਰੋਹ ਦੀ ਜਵਾਲਾ ਭਰ ਦਿੱਤੀ।
ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਗੁਰਮੇਲ ਸਿੰਘ ਠੁੱਲੀਵਾਲ, ਮੇਜਰ ਸਿੰਘ ਸੰਘੇੜਾ, ਜੱਗਾ ਸਿੰਘ ਛਾਪਾ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਅਮਰਜੀਤ ਸਿੰਘ, ਬਿੱਕਰ ਔਲਖ, ਸ਼ਿੰਦਰ ਕੌਰ, ਸਰਬਜੀਤ ਕੌਰ, ਕਾਕਾ ਸਿੰਘ ਫਰਵਾਹੀ, ਜਸਮੇਲ ਸਿੰਘ, ਨੇਕ ਦਰਸ਼ਨ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਵੱਲ ਰਵਾਨਾ ਹੋਏ ਕਾਫਲਿਆਂ ਨੇ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਦਿੱਲੀ ਹਕੂਮਤ ਦੀ ਧੌਣ ਤੇ ਗੋਡਾ ਧਰਕੇ ਪੱਕੇ ਡੇਰੇ ਜਮਾਏ ਨੂੰ 15 ਦਿਨ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਮੋਦੀ ਹਕੂਮਤ ਦੀ ਸਾਹ ਰਗ ਦਿੱਲੀ ਦੀ ਜਾਮ ਹੋਣ ਵਰਗੀ ਹਾਲਤ ਬਣੀ ਹੋਣ ਦੇ ਬਾਵਜੂਦ ਵੀ ਹੈਂਕੜਬਾਜ ਰਵੱਈਆਂ ਧਾਰਿਆ ਹੋਇਆ ਹੈ। ਮੋਦੀ ਹਕੂਮਤ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਆਪਣੇ ਖਾਸ-ਮ-ਖਾਸ ਵੱਡੇ ਵਪਾਰਕ ਘਰਾਣਿਆਂ(ਅਡਾਨੀਆਂ-ਅੰਬਾਨੀਆਂ) ਖਿਲਾਫ ਸੰਘਰਸ਼ ਹੋਰ ਤੇਜ ਕਰਦਿਆਂ 14 ਦਸੰਬਰ ਨੂੰ ਸਮੁੱਚੇ ਭਾਰਤ ਅੰਦਰ ਡੀਸੀ ਦਫਤਰਾਂ ਅੱਗੇ ਵਿਸ਼ਾਲ ਧਰਨਿਆਂ ਦੀ ਕੜੀ ਵਜੋਂ ਡੀਸੀ ਦਫਤਰ ਬਰਨਾਲਾ ਅੱਗੇ ਦਿੱਤੇ ਜਾ ਰਹੇ ਧਰਨੇ/ਰੋਸ ਮੁਜਾਹਰੇ ਵਿੱਚ ਸ਼ਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ।