ਸਮੇਂ ਦਾ ਹਾਣੀ ਬਣਨ ਲਈ ਸਰੀਰਕ ਤੰਦਰੁਸਤੀ ਬਹੁਤ ਜ਼ਰੂਰੀ : ਡਿਪਟੀ ਕਮਿਸ਼ਨਰ
ਗੁਰੂ ਕਾ ਬਾਗ ‘ਚ ਹੁਣ ਕੀਤੀ ਜਾ ਸਕੇਗੀ ਕਸਰਤ
ਡਿਪਟੀ ਕਮਿਸ਼ਨਰ ਨੇ ਜਿੰਮ ਅਤੇ ਟਰੈਕ ਨੂੰ ਕੀਤਾ ਜ਼ਿਲ੍ਹਾ ਪ੍ਰਬੰਧਕੀ ਸਟਾਫ਼ ਨੂੰ ਸਮਰਪਿਤ
ਰਾਜੇਸ਼ ਗੋਤਮ , ਪਟਿਆਲਾ, 4 ਦਸੰਬਰ: 2020
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ‘ਗੁਰੂ ਕਾ ਬਾਗ’ ‘ਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਜਿੰਮ ਅਤੇ ਸੈਰ ਲਈ ਬਣਾਇਆ ਟਰੈਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਟਾਫ਼ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਅਤੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੈ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਣਾਏ ਗਏ ‘ਗੁਰੂ ਕਾ ਬਾਗ’ ‘ਚ ਲਗਾਏ ਗਏ ਵੱਖ-ਵੱਖ ਕਿਸਮਾਂ ਦੇ 113 ਫਲਦਾਰ ਬੂਟੇ ਅਤੇ ਮੌਸਮੀ ਫੁੱਲ ਇਥੇ ਆਪਣਾ ਰੰਗ ਬਿਘੇਰਦੇ ਹਨ, ਉਥੇ ਹੀ ਹੁਣ ਕਸਰਤ ਕਰਨ ਲਈ ਜਿੰਮ, ਸੈਰ ਲਈ ਟਰੈਕ ਅਤੇ ਇਕ ਬੈਡਮਿੰਟਨ ਕੋਰਟ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦਾ ਹਾਣੀ ਬਣਨ ਲਈ ਸਰੀਰਕ ਤੰਦਰੁਸਤੀ ਬਹੁਤ ਜ਼ਰੂਰੀ ਹੈ ਇਸ ਲਈ ਕਸਰਤ ਅਤੇ ਸੈਰ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਦੱਸਿਆ ਕਿ ਜਿੰਮ ‘ਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ ਨਾਲ ਹੀ ਸੈਰ ਲਈ ਟਰੈਕ ਬਣਾਇਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਸ੍ਰੀ ਲਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ‘ਤੇ ਬਾਗ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ‘ਤੇ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਕਰਨ ਸਮੇਤ ਅਤੇ ਵੱਖ-ਵੱਖ ਕਿਸਮ ਦੇ ਮੌਸਮੀ ਫੁੱਲ ਲਗਾਏ ਜਾਂਦੇ ਹਨ ਅਤੇ ਹੁਣ ਇਥੇ ਬਣਾਏ ਗਏ ਨਵੇ ਟਰੈਕ, ਜਿੰਮ ਅਤੇ ਬੈਡਮਿੰਟਨ ਕੋਰਟ ਦਾ ਪ੍ਰਬੰਧ ਵੀ ਦੇਖਿਆ ਜਾਵੇਗਾ।ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਜਗਨੂਰ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਯੂ.ਟੀ.) ਜਸਲੀਨ ਕੌਰ ਭੁੱਲਰ, ਤਹਿਸੀਲਦਾਰ ਸੰਜੀਵ ਗੌੜ, ਲਾਲ ਸਿੰਘ ਵੀ ਮੌਜੂਦ ਸਨ।