ਘਨੌਰ ਵਿਖੇ ਐਸ.ਸੀ. ਭਾਈਚਾਰੇ ਦੀ ਜਮੀਨ ‘ਤੇ ਨਜਾਇਜ਼ ਕਬਜ਼ੇ ਤੇ ਦਰਖਤ ਕੱਟਣ ਦੇ ਮਾਮਲੇ ਦੀ ਪੜਤਾਲ ਲਈ ਤਿੰਨ ਮੈਂਬਰੀ ਸਿਟ ਦਾ ਗਠਨ
ਐਸ.ਡੀ.ਐਮ., ਡੀ.ਐਸ.ਪੀ. ਤੇ ਤਹਿਸੀਲਦਾਰ ‘ਤੇ ਅਧਾਰਤ ਸਿਟ ਨੂੰ 18 ਦਸੰਬਰ ਤੱਕ ਰਿਪੋਰਟ ਦੇਣ ਦੇ ਹੁਕਮ
ਰਾਜੇਸ਼ ਗੋਤਮ, 4 ਦਸੰਬਰ :2020
ਘਨੌਰ ਵਿਖੇ ਐਸ.ਸੀ. ਭਾਈਚਾਰੇ ਦੀ ਜਮੀਨ ‘ਤੇ ਨਾਜਾਇਜ਼ ਕਬਜਾ ਕਰਨ ਅਤੇ ਇਸ ਜਮੀਨ ਵਿੱਚੋਂ ਦਰਖਤ ਕੱਟਣ ਦੇ ਸਬੰਧੀ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ ਦੀ ਪੜਤਾਲ ਲਈ ਕਮਿਸ਼ਨ ਦੇ ਮੈਂਬਰਾਂ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਰਾਜ ਕੁਮਾਰ ਹੰਸ ਨੇ ਅੱਜ ਘਨੌਰ ਵਿਖੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ।
ਇਸ ਦੋ ਮੈਂਬਰੀ ਟੀਮ ਨੇ ਇਸ ਮਾਮਲੇ ‘ਚ ਸ਼ਿਕਾਇਤ ਕਰਤਾ ਧਿਰ ਦੇ ਬਿਆਨ ਦਰਜ ਕੀਤੇ ਅਤੇ ਅਗਲੇਰੀ ਪੜਤਾਲ ਲਈ ਇੱਕ ਸਿਟ ਦਾ ਗਠਨ ਕੀਤਾ। ਐਸ.ਡੀ.ਐਮ. ਰਾਜਪੁਰਾ, ਡੀ.ਐਸ.ਪੀ. ਘਨੌਰ ਤੇ ਤਹਿਸੀਲਦਾਰ ਰਾਜਪੁਰਾ ‘ਤੇ ਅਧਾਰਤ ਸਿਟ ਵੱਲੋਂ ਪੜਤਾਲੀਆ ਰਿਪੋਰਟ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ 18 ਦਸੰਬਰ 2020 ਤੱਕ ਪੁੱਜਦੀ ਕਰਨ ਦੇ ਆਦੇਸ਼ ਜਾਰੀ ਕੀਤੇ।
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਰਾਜ ਕੁਮਾਰ ਹੰਸ ਨੇ ਐਸ.ਡੀ.ਐਮ. ਰਾਜਪੁਰਾ ਖੁਸ਼ਦਿਲ ਸਿੰਘ, ਡੀ.ਐਸ.ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਰਾਜਪੁਰਾ ਮਨਮੋਹਨ ਸਿੰਘ, ਨਾਇਬ ਤਹਿਸੀਲਦਾਰ ਘਨੌਰ ਗੌਰਵ ਬਾਂਸਲ, ਕਾਰਜ ਸਾਧਕ ਅਫ਼ਸਰ ਘਨੌਰ ਚੇਤੰਨ ਕੁਮਾਰ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ ਆਦਿ ਨਾਲ ਵੀ ਗੱਲਬਾਤ ਕੀਤੀ।
ਮੈਂਬਰਾਂ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਰਾਜ ਕੁਮਾਰ ਹੰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਲਈ ਪਰਮਜੀਤ ਸਿੰਘ ਮੱਟੂ, ਅਮਰਿੰਦਰ ਸਿੰਘ, ਕਰਨੈਲ ਕੌਰ ਤੇ ਗੁਰਪ੍ਰੀਤ ਸਿੰਘ ਨੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਕੋਲ ਦਰਖਾਸਤ ਦਿੱਤੀ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ।
ਮੈਂਬਰਾਂ ਨੇ ਦੱਸਿਆ ਕਿ ਇਸ ‘ਤੇ ਚੇਅਰਪਰਸਨ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਦੀ ਜਮੀਨੀ ਹਕੀਕਤ ਜਾਣਨ ਲਈ ਉਨ੍ਹਾਂ ਦੀ ਜਿੰਮੇਵਾਰੀ ਲਗਾਈ ਅਤੇ ਉਨ੍ਹਾਂ ਨੇ ਹਿੱਥੇ ਪੁੱਜ ਕੇ ਸ਼ਿਕਾਇਤ ਕਰਤਾ ਧਿਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਚੇਅਰਪਰਸਨ ਦੇ ਸਨਮੁੱਖ ਪੇੇਸ਼ ਕੀਤੀ ਜਾਵੇਗੀ। ਸ੍ਰੀ ਹੰਸ ਨੇ ਕਿਹਾ ਕਿ ਇਸ ਮਾਮਲੇ ‘ਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।