ਅਸ਼ੋਕ ਵਰਮਾ ਨਵੀਂ ਦਿੱਲੀ,4 ਦਸੰਬਰ2020
ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਦੀ ਲੜਾਈ ਹੁਣ ਦਿੱਲੀ ਦੀਆਂ ਬਰੂਹਾਂ ਤੇ ਪੁੱਜ ਗਈ ਹੈ। ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ। ਭਾਵੇਂ ਇਹਨਾਂ ਕਿਸਾਨ ਧਿਰਾਂ ਦੇ ਸੈਂਕੜੇ ਲੀਡਰ ਹਨ ਫਿਰ ਵੀ ਸੱਤ ਅਜਿਹੇ ਕਿਸਾਨ ਆਗੂ ਹਨ। ਜਿਹਨਾਂ ਨੂੰ ਸੰਘਰਸ਼ ਦਾ ਚਿਹਰਾ ਮੋਹਰਾ ਸਮਝਿਆ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ
ਇਸੇ ਤਰਾਂ ਹੀ ਡਾ ਦਰਸ਼ਨ ਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਆਗੂ ਅਤੇ 30 ਕਿਸਾਨ ਜੱਥੇਬੰਦੀਆਂ ਦਾ ਕੋਆਰਡੀਨੇਟਰ ਹੈ। ਭਾਵੇਂ ਇਸ ਜੱਥੇਬੰਦੀ ਦਾ ਅਕਾਰ ਬਹੁਤਾ ਵੱਡਾ ਨਹੀਂ , ਪਰ ਪਟਿਆਲਾ ਆਦਿ ਖੇਤਰਾਂ ’ਚ ਚੰਗਾ ਪ੍ਰਭਾਵ ਹੈ। ਡਾਕਟਰ ਦਰਸ਼ਨ ਪਾਲ ਨੇ ਸਰਕਾਰੀ ਨੌਕਰੀ ਵੀ ਕੀਤੀ । ਪਰ ਹੱਕਾਂ ਦੀ ਗੱਲ ਉਠਾਉਣ ’ਚ ਝਿਜਕ ਨਹੀਂ ਦਿਖਾਈ। ਉਹ ਕਾਲਜ ਦੇ ਦਿਨਾਂ ਦੌਰਾਨ ਵੀ ਵਿਦਿਆਰਥੀ ਲਹਿਰਾਂ ’ਚ ਸਰਗਰਮ ਰਹੇ। ਜਾਣਕਾਰੀ ਅਨੁਸਾਰ ਕਰੀਬ ਪੌਣੇ ਦੋ ਦਹਾਕੇ ਪਹਿਲਾਂ ਸਰਕਾਰੀ ਨੌਕਰੀ ਤਿਆਗ ਦਿੱਤੀ ਅਤੇ ਕਿਸਾਨੀ ਦੀ ਬਿਹਤਰੀ ਲਈ ਕੰਮ ਸ਼ੁਰੂ ਕਰ ਦਿੱਤਾ। ਚਰਚਾ ਹੈ ਕਿ ਨਿੱਜੀਕਰਨ ਖਿਲਾਫ ਹੋਣ ਕਾਰਨ ਉਹਨਾਂ ਨੇ ਕਦੇ ਘਰ ਬੈਠ ਕੇ ਪੈਸਿਆਂ ਲਈ ਪ੍ਰੈਕਟਿਸ ਨਹੀਂ ਕੀਤੀ ਹੈ।
ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੰਘਰਸ਼ ਦੇ ਨੌਜਵਾਨ ਚਿਹਰੇ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਪੰਜਾਬ ਸਟੂਡੈਂਟਸ ਯੂਨੀਅਨ ਉਸ ਦੀ ਪਹਿਲੀ ਪੌੜੀ ਸੀ ਤੇ ‘ਵਿਦਿਆਰਥੀ ਘੋਲ’ ਉਸ ਦੀ ਪਹਿਲੀ ਪ੍ਰੀਖਿਆ ਜੋ ਉਸ ਨੇ ਸਫਲਤਾ ਨਾਲ ਪਾ ਕੀਤੀ। ਲੋਕ ਸੰਘਰਸ਼ਾਂ ਦਾ ਤਮਾਸ਼ਾ ਉਸ ਨੇ ਘਰ ਫੂਕ ਕੇ ਦੇਖਿਆ ਹੈ। ਉਸ ਨੂੰ ਝੂਠੇ ਕੇਸਾਂ ਸਾਹਮਣਾ ਕਰਨਾ ਪਿਆ ਅਤੇ ਜੇਲ ਯਾਤਰਾ ਵੀ ਕੀਤੀ ਹੈ। ਰਜਿੰਦਰ ਸਿੰਘ ਨਾ ਤਾਂ ਝਿਪਿਆ, ਨਾ ਲਿਫਿਆ ਤੇ ਨਾ ਹੀ ਵਿਕਿਆ। ਇਹੋ ਸਾਰ-ਤੱਤ ਉਸ ਦੀ ਜ਼ਿੰਦਗੀ ਹੈ । ਉਹ ਹੁਣ ਵੀ ਆਖਦਾ ਹੈ ਕਿ ਜਾਂ ਖੇਤੀ ਕਾਨੂੰਨ ਰਹਿਣਗੇ ਜਾਂ ਕਿਸਾਨ।
ਬੀਕੇਯੂ ਉਗਰਾਹਾਂ ਦੀ ਆਗੂ ਹਰਿੰਦਰ ਬਿੰਦੂ ਦਾ ਨਾਮ ਵੀ ਉਹਨਾਂ ਸੰਘਰਸ਼ੀ ਆਗੂਆਂ ’ਚ ਸ਼ੁਮਾਰ ਹੈ । ਜਿਹਨਾਂ ਨੇ ਮੋਦੀ ਸਰਕਾਰ ਖਿਲਾਫ ਮਸ਼ਾਲ ਬਾਲੀ ਹੋਈ ਹੈ। ਹੁਣ ਵੀ ਕਿਸਾਨ ਔਰਤਾਂ ਬਿੰਦੂ ਦੇ ਇੱਕ ਇਸ਼ਾਰੇ ਤੇ ਝੰਡਾ ਚੁੱਕ ਲੈਂਦੀਆਂ ਹਨ। ਉਸਨੇ ਔਰਤਾਂ ਨੂੰ ਹੰਝੂ ਤਿਆਗ ਕੇ ਹਕੂਮਤਾਂ ਤੋਂ ਹੱਕ ਮੰਗਣ ਦੇ ਗੁਰ ਸਿਖਾਏ ਹਨ। ਕੋਈ ਵੀ ਜੇਲ ਜਾਂ ਥਾਣਾ ਉਸ ਲਈ ਡਰ ਨਹੀਂ ਹੈ। ਬਿੰਦੂ ਨੇ ਪੁਲਿਸ ਲਾਠੀਚਾਰਜ ਵੀ ਝੱਲੇ ਹਨ। ਇੰਗਲੈਂਡ ਦੀ ਮਹਾਰਾਣੀ ਦੇ ਅੰਮਿ੍ਰਤਸਰ ਆਉਣ ਮੌਕੇ ਪੁਲਿਸ ਦੀ ਡਾਂਗ ਉਸ ਨੇ ਆਪਣੇ ਹੱਥ ’ਚ ਫੜ ਲਈ ਸੀ। ਕਿਸਾਨ ਸੰਘਰਸ਼ ’ਚ ਉਸ ਦੀ ਗਿਣਤੀ ਪਹਿਲੇ ਸਥਾਨ ਤੇ ਹੁੰਦੀ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬਾਨੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਇਸ ਵੇਲੇ ਉਹਨਾਂ ਤੇਜ ਤਰਾਰ ਕਿਸਾਨ ਆਗੂਆਂ ’ਚ ਗਿਣਤੀ ਹੁੰਦੀ ਹੈ ਜੋ ਤਰਕਬੋਧ ਨਾਲ ਸਾਹਮਣੇ ਵਾਲਿਆਂ ਨੂੰ ਲਾਜਵਾਬ ਕਰ ਦਿੰਦੇ ਹਨ। ਰਾਜੇਵਾਲ ਦਾ ਪ੍ਰਭਾਵ ਲੁਧਿਆਣਾ ਅਤੇ ਲਾਗਲੇ ਖੇਤਰਾਂ ’ਚ ਹੈ। ਉਹਨਾਂ ਸਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨੀ ਮੁੱਦਿਆਂ ਨੂੰ ਤੱਥਾਂ ਦੇ ਅਧਾਰ ਤੇ ਰੱਖਿਆ ਹੈ। ਇਸ ਕਰਕੇ ਉਹ ਮੌਜੂਦਾ ਅੰਦੋਲਨ ਦਾ ਚਿਹਰਾ ਮੰਨੇ ਜਾਂਦੇ ਹਨ। ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਤਿਆਰ ਕਰਨ ’ਚ ਵੀ ਉਹਨਾਂ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਕਦੇ ਕੋਈ ਚੋਣ ਨਹੀਂ ਲੜੀ ਅਤੇ ਹੁਣ ਤੱਕ ਸਿਆਸੀ ਅਹੁਦਾ ਵੀ ਹਾਸਲ ਨਹੀਂ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦਾ ਸੂਬਾ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਵੀ ਕਿਸਾਨ ਸੰਘਰਸ਼ ਦਾ ਧੁਰਾ ਬਣਿਆ ਹੋਇਆ ਹੈ। ਇਹ ਪੰਜਾਬ ਦੀ ਦੂਸਰੀ ਵੱਡੀ ਕਿਸਾਨ ਜੱਥੇਬੰਦੀ ਮੰਨੀ ਜਾਂਦੀ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਫਿਰੋਜ਼ਪੁਰ ਜਿਲੇ ਦੇ ਵਸਨੀਕ ਜਗਮੋਹਨ ਸਿੰਘ ਦਾ ਕਿਸਾਨੀ ਪ੍ਰਤੀ ਸਿਦਕਦਿਲੀ ਅਤੇ ਨਿਸ਼ਠਾ ਕਾਰਨ ਦਾ ਹੋਰਨਾਂ ਕਿਸਾਨ ਜੱਥੇਬੰਦੀਆਂ ’ਚ ਵੀ ਕਾਫੀ ਮਾਣ ਸਤਿਕਾਰ ਹੈ। ਉਹਨਾਂ ਦੀ ਪੰਜਾਬ ’ਚ ਕਿਸਾਨੀ ਮਸਲਿਆਂ ਲਈ ਚੱਲੇ ਵੱਖ ਵੱਖ ਸੰਘਰਸ਼ਾਂ ’ਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਵੇਲੇ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨੂੰ ਬਨਾਉਣ ’ਚ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਨੂੰ ਨੌਜਵਾਨਾਂ ਦੀ ਅਵਾਜ ਆਖਿਆ ਜਾਂਦਾ ਹੈ। ਵਿਦਿਆਰਥੀ ਜੀਵਨ ਤੋਂ ਹੀ ਜਨਤਕ ਅੰਦੋਲਨਾਂ ’ਚ ਹਿੱਸਾ ਲੈਣ ਦੀ ਸ਼ੁਰੂਆਤ ਕਰਨ ਵਾਲੇ ਸਰਵਣ ਸਿੰਘ ਪੰਧੇਰ ਅੰਮਿ੍ਰਤਸਰ ਜਿਲੇ ਦੇ ਰਹਿਣ ਵਾਲੇ ਹਨ। ਇਸ ਜੱਥੇਬੰਦੀ ਦਾ ਮਾਝੇ ਸਮੇਤ ਇੱਕ ਦਰਜਨ ਤੋਂ ਵੀ ਜਿਆਦਾ ਜਿਲਿਆਂ ’ਚ ਵੱਡਾ ਪ੍ਰਭਾਵ ਹੈ। ਹਰ ਸੰਘਰਸ਼ ਨਿੱਠ ਕੇ ਲੜਨ ਵਾਲੀ ਇਹ ਜੱਥੇਬੰਦੀ 20 ਸਾਲ ਪਹਿਲਾਂ ਸਤਨਾਮ ਸਿੰਘ ਪੰਨੂੰ ਨੇ ਹੋਂਦ ’ਚ ਲਿਆਂਦੀ ਸੀ। ਤੇਜ ਤਰਾਰ ਮੰਨੇ ਜਾਂਦੇ ਪੰਧੇਰ ਮੌਜੂਦਾ ਸੰਘਰਸ਼ ਦੇ ਚਿਹਰੇ ਵਜੋਂ ਉੱਭਰੇ ਹਨ।