ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਮੋਦੀ ਹਕੂਮਤ ਨੂੰ ਵੰਗਾਰਿਆ

Advertisement
Spread information

ਅਸ਼ੋਕ ਵਰਮਾ , ਟਿਕਰੀ ਬਾਰਡਰ ਦਿੱਲੀ,3ਦਸੰਬਰ2020

              ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ‘ਚ ਟਿਕਰੀ ਬਾਰਡਰ ‘ਤੇ ਕਿਸਾਨ ਕਾਫਲਿਆਂ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਮੋਦੀ ਹਕੂਮਤ ਨੂੰ ਵੰਗਾਰਿਆ। ਹਰਿਆਣਾ ਦੀ ਔਰਤ ਆਗੂ ਰਾਜ ਕੁਮਾਰੀ ਨੇ ਕਿਹਾ ਕਿ ਕਿਸਾਨ ਇਕੱਠਾਂ ਨੂੰ ਦੇਖ ਕੇ ਹੁਣ ਕੇਂਦਰ ਸਰਕਾਰ ਨੂੰ ਪੜਿਆ ਵਿਚਾਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਹਰਿਆਣਾ ਦੀਆਂ ਔਰਤਾਂ ਹੀ ਨਹੀਂ ਬੱਚਾ ਬੱਚਾ ਕਾਲੇ ਖੇਤੀ ਕਾਨੂੰਨਾਂ ਖਿਲਾਫ ਡਟੇਗਾ ਅਤੇ ਇਹ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਿਆ ਜਾਏਗਾ। ਇਸ ਮੌਕੇ ਮੋਰਚੇ ਨੂੰ ਸਦੀਵੀ ਵਿਛੋੜਾ ਦੇ ਗਏ ਮਾਨਸਾ ਦੇ ਕਿਸਾਨ ਗੁਰਜੰਟ ਸਿੰਘ ਤੇ ਬਠਿੰਡਾ ਦੇ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।  ਅੱਜ ਦੇ ਮੋਰਚਿਆਂ ‘ਚ ਹਰਿਆਣਾ ਤੇ ਰਾਜਸਥਾਨ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਆਰ ਪਾਰ ਦੀ ਲੜਾਈ ਜਾਰੀ ਰੱਖਣ ਦਾ ਪ੍ਰਣ ਦੁਰਹਾਇਆ।
            ਦੂਜੇ ਪਾਸੇ ਅੱਜ ਕਿਸਾਨ ਜੱਥੇਬੰਦੀ ਨੇ ਪੰਜ ਸਟੇਜਾਂ ਲਾਈਆਂ ਜਿੱਥੋਂ ਕਿਸਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਰੱਖੀ। ਇਸ ਮੌਕੇ ਖੇਤੀ ਕਾਨੂੰਨਾਂ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ, ਐਮ ਐਸ ਪੀ ਦੀ ਗਰੰਟੀ ਜਾਂ ਸੂਬਿਆਂ ਨੂੰ ਇਹਨਾਂ ਸਬੰਧੀ ਅਧਿਕਾਰ ਦੇਣ ਵਰਗੀ  ਨਿਗੁਣੀਆਂ ਰਿਆਇਤਾਂ ਦੀ ਚੱਲਦੀ ਚਰਚਾ ਨੂੰ ਖਾਰਜ ਕਰਕੇ ਪੰਜੇ ਕਾਨੂੰਨਾਂ ਦੀ ਵਾਪਸੀ ਤੱਕ  ਮੋਰਚੇ ‘ਚ ਡਟੇ ਰਹਿਣ ਦਾ ਐਲਾਨ ਕੀਤਾ।   ਉਹਨਾਂ ਆਖਿਆ ਕਿ ਹੁਣ ਮੋਦੀ ਸਰਕਾਰ ਕੋਲ ਪੰਜੇ ਕਾਨੂੰਨਾਂ ਨੂੰ ਰੱਦ ਕਰਨ ਜਾਂ ਤਾਕਤ ਵਰਤੋਂ ਕਰਨ ਰਾਹੀਂ ਕਿਸਾਨ ਰੋਹ ਦੀ ਪਰਖ ਤੋਂ ਬਿਨਾਂ ਹੋਰ  ਕੋਈ ਰਾਹ ਨਹੀਂ। ਉਹਨਾਂ ਸਪਸ਼ਟ ਕੀਤਾ ਕਿ ਕਿਸਾਨ ਮੋਦੀ ਹਕੂਮਤ ਵੱਲੋਂ  ਤਾਕਤ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਉੱਠਣ ਵਾਲੇ ਨਹੀਂ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਜਦੋਂਕਿ ਉਹ ਹਰ ਪ੍ਰੀਖਿਆ ਲਈ ਤਿਆਰ ਹਨ।
             ਇਹਨਾਂ ਇਕੱਠਾਂ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ,ਅਮਰੀਕ ਸਿੰਘ ਗੰਢੂਆਂ , ਪਰਮਜੀਤ ਕੌਰ ਪਿੱਥੋ, ਕੁਲਦੀਪ ਕੌਰ ਕੁੱਸਾ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ ਤੇ ਜੋਰਾ ਸਿੰਘ ਨਸਰਾਲੀ, ਤੋਂ ਇਲਾਵਾ ਹਰਿਆਣਾ ਤੋਂ ਮਹਿਲਾ  ਆਗੂ ਪੰਕਜ ਕਲਕਲ, ਮਨੀਸ਼ਾ ਤੇ ਰਾਜ ਕੁਮਾਰੀ ਤੋਂ ਇਲਾਵਾ ਰਾਜ ਕੁਮਾਰ ਟੇਲੀਆ , ਰਾਜਸਥਾਨ ਦੇ ਉਮਰਾਉ ਸਿੰਘ, ਸੰਤਵੀਰ ਸਿੰਘ, ਤੇ ਰਾਕੇਸ਼ ਬਿਸਨੋਈ, ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਨੇ ਸੰਬੋਧਨ ਕੀਤਾ। ਹਰਿਆਣਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਸੰਘਰਸ਼  ‘ਚ ਡਟੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੇ ਰਹਿਣਗੇ ਅਤੇ ਉਹਨਾਂ ਨੂੰ ਲੰਗਰ ਸਮੇਤ ਕਿਸੇ ਤਰਾਂ ਦੇ ਸਮਾਨ ਦੀ ਤੋਟ ਨਹੀਂ ਆਉਣ ਦਿੱਤੀ ਜਾਏਗੀ।
            ਬੁਲਾਰਿਆਂ ਨੇ ਆਖਿਆ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਇਹ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਖੇਤ ਮਜਦੂਰਾਂ, ਸ਼ਹਿਰੀ ਗਰੀਬਾਂ ਸਮੇਤ ਮੁਲਕ ਦੇ ਸਮੂਹ ਲੋਕਾਂ ਦੇ ਵਿਰੋਧੀ ਹਨ। ਉਹਨਾਂ ਆਖਿਆ ਕਿ ਇਹੀ ਕਾਰਨ ਹੈ ਕਿ ਇਸ ਘੋਲ ਨੂੰ ਪੰਜਾਬ ਤੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਸਮੇਤ ਸਮੂਹ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਹਨਾਂ ’ਚ ਖੇਤ ਮਜਦੂਰ, ਸ਼ਹਿਰੀ ਗਰੀਬ,  ਮੁਲਾਜਮ, ਦੁਕਾਨਦਾਰ, ਰੰਗਕਰਮੀ, ਕਲਾਕਾਰ, ਸਾਹਿਤਕਾਰ, ਫਿਲਮਸਾਜ਼  ਤੇ ਨਾਮੀ ਖਿਡਾਰੀਆਂ  ਸਮੇਤ ਅਨੇਕਾਂ ਵਰਗ ਸ਼ਾਮਲ ਹਨ।  ਉਹਨਾਂ ਆਖਿਆ ਕਿ ਦਿੱਲੀ ਦੇ ਟੈਕਸੀਆਂ ਤੇ ਟਰੱਕਾਂ ਵਾਲਿਆਂ ਨੇ ਤਾਂ ਕਿਸਾਨ ਅੰਦੋਲਨ ਦੀ ਹਮਾਇਤ ‘ਚ ਹੜਤਾਲ ਕਰਨ ਦੇ ਐਲਾਨ ਕਰ ਦਿੱਤਾ ਹੈ ਜਿਸ ਨੇ ਸੰਘਰਸ਼ ਦੇ ਰਾਹ ਪਏ ਕਿਸਾਨਾਂ ,ਮਜਦੂਰਾਂ ਅਤੇ ਹੋਰ ਵਰਗਾਂ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ।
          ਉਹਨਾਂ ਆਖਿਆ ਕਿ ਆਖਿਆ ਕਿ ਮੋਦੀ ਹਕੂਮਤ ਦਾ ਇਹ ਹਮਲਾ ਦੇਸ਼ ਦੀ ਖੁਰਾਕ ਸੁਰੱਖਿਆ ਅਤੇ ਵਾਤਾਵਰਨ ਤੇ ਵੱਡਾ ਹੱਲਾ ਹੈ ਜਿਸ ਦੇ ਕਿਸਾਨਾਂ ਅਤੇ ਮਜਦੂਰਾਂ ਸਮੇਤ ਸਮੂਹ ਲੋਕਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਹਨਾਂ ਆਖਿਆ ਕਿ  ਦੇਸ਼ ਦੇ ਵੱਖ ਵੱਖ ਸੂਬਿਆਂ ਚੋਂ ਦਿੱਲੀ ਦੀ ਸਰਹੱਦ ਤੇ ਪਿਛਲੇ ਇੱਕ ਹਫਤੇ ਤੋਂ ਵਿਸ਼ਾਲ ਗਿਣਤੀ ’ਚ ਕਿਸਾਨ , ਕਿਸਾਨ ਔਰਤਾਂ ਤੇ ਨੌਜਵਾਨ ਨੀਲੀ ਛੱਤ ਹੇਠ ਡਟੇ ਹੋਏ ਹਨ ਪਰ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੀ ਵਫਾਦਾਰੀ ਪੁਗਾਉਣ ਲਈ  ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਹਨਾਂ ਆਖਿਆ ਕਿ ਮੋਦੀ ਹਕੂਮਤ ਨੂੰ ਆਪਣੇ ਦਿਲ ਦਿਮਾਗ ਚੋਂ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਭੁਲਾਕੇ,ਹੰਭਾਕੇ ਜਾ ਡਰਾ ਕੇ ਘਰਾਂ ਨੂੰ ਤੋਰ ਦੇਵੇਗੀ।
                 ਇਹਨਾਂ ਨੇ ਵੀ ਸੰਬੋਧਨ ਕੀਤਾ
ਅੱਜ ਦੇ ਮੋਰਚਿਆਂ ’ਚ ਅਵਾਮ ਰੰਗਮੰਚ ਪਟਿਆਲਾ ਦੇ ਕਲਾਕਾਰਾਂ ਵੱਲੋਂ ਸੱਤਪਾਲ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਇਹ ਜਮੀਨ ਦੀ ਕਿਸ ਦੀ ਹੈ’ ਖੇਡਿ੍ਹਆ ਗਿਆ ਜਦੋਂਕਿ  ਅਜਮੇਰ ਸਿੰਘ ਅਕਲੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਦਸਤਾਵੇਜੀ ਫਿਲਮਸਾਜ ਰਣਦੀਪ ਮੱਦੋਕੇ ਮੌਜੂਦ ਸਨ। ਇਕੱਠਾਂ ਨੂੰ ਹਰਿੰਦਰ ਕੌਰ ਬਿੰਦੂ,ਪੂਰਨ ਸਿੰਘ ਦੋਦਾ, ਅਮਰਜੀਤ ਸਿੰਘ ਸੈਦੋਕੇ, ਭਗਤ ਸਿੰਘ ਛੰਨਾ, ਮਨਜੀਤ ਸਿੰਘ ਨਿਆਲ, ਨੱਥਾ ਸਿੰਘ ਬਰਾੜ, ਹਰਨੇਕ ਸਿੰਘ ਮਾਲੜੀ  ਤੇ ਰੰਗ ਕਰਮੀ ਸਰਵੀਰ ਨੇ ਵੀ ਸੰਬੋਧਨ ਕੀਤਾ।

Advertisement
Advertisement
Advertisement
Advertisement
Advertisement
Advertisement
error: Content is protected !!