ਦਿਵਿਆਂਗ ਵਿਅਕਤੀ ਵਿਸ਼ੇਸ਼ ਯੂਡੀਆਈਡੀ ਕਾਰਡ ਲਈ www.swavlambancard.gov.in’ ਤੇ ਕਰ ਸਕਦੈ ਹਨ ਅਪਲਾਈ-ਧਾਲੀਵਾਲ
ਹਰਪ੍ਰੀਤ ਕੌਰ ਸੰਗਰੂਰ, 24 ਨਵੰਬਰ:2020
ਜ਼ਿਲਾ ਸੰਗਰੂਰ ’ਚ ਦਿਵਿਆਂਗ ਵਿਅਕਤੀਆਂ ਨੂੰ ਵਿਸੇਸ਼ ਯੂਡੀਆਈਡੀ ਕਾਰਡ ਬਣਾਉਣ ਲਈ ਸ਼ੁਰੂ ਕੀਤੇ ਕਾਰਜ਼ਾਂ ਨੂੰ ਹੋਰ ਵਧੀਆ ਢੰਗ ਨਾਲ ਨੇਪਰੇ ਚੜਾਉਣ ਲਈ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਧਾਲੀਵਾਲ ਨੇ ਜ਼ਿਲਾ ਸਾਮਾਜਿਕ ਸੁਰੱਖਿਆ ਅਫ਼ਸਰ ਸੰਗਰੂਰ ਨੂੰ ਹਦਾਇਤ ਕੀਤੀ ਕਿ ਦਿਵਿਆਂਗ ਪੈਨਸ਼ਨਰਾਂ ਦਾ ਸਿਹਤ ਵਿਭਾਗ ਨਾਲ ਰਾਬਤਾ ਕਰਕੇ ਯੂਡੀਆਈਡੀ ਕਾਰਡ ਜਲਦ ਤੋਂ ਜਲਦ ਬਣਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਕਾਰਡ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਰਕਾਰ ਦੀ ਯੋਜਨਾ ਤੋਂ ਵਾਂਝਾਂ ਨਾ ਰਹੇ। ਉਨਾਂ ਸਿੱਖਿਆ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਵਿਸ਼ੇਸ ਲੋੜਾਂ ਵਾਲੇ ਵਿਦਿਆਰਥੀਆਂ ਦਾ ਡਾਟਾ ਸਿੱਖਿਆ ਵਿਭਾਗ ਦੇ ਪੋਰਟਲ ਤੇ ਰਜਿਸਟਰ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਸਰਪੰਚਾਂ ਦੀ ਸਹਾਇਤਾ ਨਾਲ ਪਿੰਡਾਂ ਦੇ ਗੁਰੂ ਘਰਾਂ, ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਤੇ ਪ੍ਰਚਾਰ ਕਰਵਾ ਕੇ ਦਿਵਿਆਂਗ ਵਿਅਕਤੀਆਂ ਨੂੰ www.swavlambancard.gov.in ਪੋਰਟਲ ਤੇ ਪੰਜੀਕਰਨ ਕਰਵਾਉਣ ਦੀ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਦਿਵਿਆਂਗ ਵਿਅਕਤੀ ਸੇਵਾ ਕੇਂਦਰਾਂ, ਮੋਬਾਇਲ ਫੋਨਾਂ, ਨਿੱਜੀ ਕੰਪਿਊਟਰਾਂ ’ਤੇ ਇੰਟਰਨੈਟ ਦੀ ਸਹੂਲਤ ਨਾਲ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਜਾਂ ਨੇੜੇ ਦੇ ਹਸਪਤਾਲਾਂ ਰਾਹੀਂ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਯੂਡੀਆਈਡੀ ਕਾਰਡ ਧਾਰਕ ਦੇ ਨਿੱਜੀ ਵੇਰਵਿਆਂ, ਯੋਗਤਾਵਾਂ ਤੇ ਪੂਰਾ ਪਤਾ ਜਾਣਨ ਵਿੱਚ ਵੀ ਸਹਾਇਤਾ ਕਰੇਗਾ। ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼ਾਂ ਵਿਚ ਪਾਸਪੋਰਟ ਸਾਈਜ਼ ਫੋਟੋ, ਮੈਡੀਕਲ ਸਰਟੀਫਿਕੇਟ, ਘਰ ਦੇ ਪਤੇ ਦਾ ਸਬੂਤ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਸਕੈਨ ਕੀਤੀ ਕਾਪੀ ਲੋੜੀਂਦੀ ਹੈ।