ਲੋਕਾਂ ਨੇ ਸੰਘਣੀ ਅਬਾਦੀ ਵਾਲੇ ਖੇਤਰ ਵਿੱਚੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਕੱਢਣ ਦੀ ਕੀਤੀ ਮੰਗ
ਰਵੀ ਸੈਣ ,ਬਰਨਾਲਾ 14 ਨਵੰਬਰ 2020
ਰਾਏਕੋਟ ਰੋਡ ਤੇ ਰਾਜ ਸਿਠੇਮੇ ਦੇ ਸਾਹਮਣੇ ਪੈਂਦੀ ਗਲੀ ਨੰਬਰ 4 ਦੇ ਇੱਕ ਮਕਾਨ ਦੀ ਛੱਤ ਤੇ ਦੀਪਮਾਲਾ ਲਈ ਲੜੀਆਂ ਲਾਉਂਦਾ ਬੱਚਾ ਨਿਸ਼ੂ ਕੁਮਾਰ ਛੱਤ ਤੋਂ ਲੰਘ ਰਹੀ ਹਾਈ ਵੋਲਟੇਜ ਤਾਰ ਦੀ ਚਪੇਟ ਵਿੱਚ ਆ ਗਿਆ। ਬਿਜਲੀ ਦਾ ਕਰੰਟ ਲੱਗਣ ਕਾਰਣ, ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਤੁਰੰਤ ਹੀ ਪਰਿਵਾਰ ਦੇ ਮੈਂਬਰਾਂ ਉਸ ਨੂੰ ਸਿਵਲ ਹਸਪਤਾਲ ਵਿਖੇ ਲੈ ਕੇ ਪਹੁੰਚੇ। ਪਰੰਤੂ ਜਿਆਦਾ ਨਾਜੁਕ ਹਾਲਤ ਦੇ ਮੱਦੇਨਜ਼ਰ ਡਾਕਟਰਾਂ ਨੇ ਬੱਚੇ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰਾਈਡੈਂਟ ਫੈਕਟਰੀ ਦੇ ਕਰਮਚਾਰੀ ਅਜੀਤ ਕੁਮਾਰ ਦਾ ਕਰੀਬ 14 ਵਰ੍ਹਿਆਂ ਦਾ ਪੁੱਤਰ ਨਿਸ਼ੂ ਕੁਮਾਰ ਮਕਾਨ ਦੀ ਛੱਤ ਤੇ ਦੀਪਮਾਲਾ ਕਰਨ ਲਈ ਲੜੀਆਂ ਲਗਾ ਰਿਹਾ ਸੀ। ਅਚਾਨਕ ਹੀ ਉਹ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆ ਕੇ ਝੁਲਸ ਗਿਆ।
ਜਦੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਿਊਟੀ ਤੇ ਤਾਇਨਾਤ ਡਾਕਟਰ ਅਨਮੋਲ ਨੇ ਮੁੱਢਲੇ ਇਲਾਜ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ। ਦੁਰਘਟਨਾ ਵਾਲੇ ਖੇਤਰ ਦੇ ਵਾਸੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਇਸ ਖੇਤਰ ਦਾ ਇੱਕ ਬੱਚਾ ਅਤੇ ਇੱਕ ਔਰਤ ਵੀ ਕਰੰਟ ਦੌੜਦੀਆਂ ਹਾਈਵੋਲਟੇਜ ਤਾਰਾਂ ਦਾ ਸ਼ਿਕਾਰ ਹੋ ਚੁੱਕੇ ਹਨ।
ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੇ ਸਿਰ ਤੇ ਮੌਤ ਬਣ ਕੇ ਮੰਡਰਾਉਂਦੀਆਂ ਹਾਈਵੋਲਟੇਜ ਤਾਰਾਂ ਨੂੰ ਸੰਘਣੀ ਵੱਸੋਂ ਵਾਲੇ ਇਲਾਕੇ ਤੋਂ ਬਾਹਰ ਕੱਢਿਆ ਜਾਵੇ।