ਹੁਣ ਅੰਤਰਰਾਜੀ ਚੋਰ ਗਿਰੋਹ ਦੇ ਮੈਂਬਰਾਂ ਨੂੰ ਨਕੇਲ ਪਾਉਣ ਲਈ ਸੀ.ਆਈ.ਏ. ਦੀ ਟੀਮ ਨੇ ਕਸੀ ਕਮਰ
ਹਰਿੰਦਰ ਨਿੱਕਾ ਬਰਨਾਲਾ 16 ਅਕਤੂਬਰ 2020
ਕਰੀਬ ਡੇਢ ਮਹੀਨਾਂ ਪਹਿਲਾਂ ਸ਼ਹਿਰ ਦੇ ਹੰਡਿਆਇਆ ਬਜਾਰ ਵਿੱਚੋਂ ਇੱਕੋ ਰਾਤ ਚੋਰੀ ਹੋਈਆਂ 2 ਸਕਾਰਪਿਉ ਗੱਡੀਆਂ ਵਿੱਚੋਂ 1 ਗੱਡੀ ਪੁਲਿਸ ਨੇ ਬਰਾਮਦ ਵੀ ਕਰ ਲਈ ਹੈ। ਇੱਕ ਗੱਡੀ ਬਰਾਮਦ ਹੋਣ ਨਾਲ, ਦੂਸਰੀ ਗੱਡੀ ਬਰਾਮਦ ਹੋਣ ਦੀਆਂ ਸੰਭਾਵਨਾਵਾਂ ਹੋਰ ਵੱਧ ਗਈਆਂ ਹਨ। ਜਾਣਕਾਰੀ ਅਨੁਸਾਰ ਏ.ਐਸ.ਆਈ. ਨਾਇਬ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ. ਦੀ ਟੀਮ ਨੇ ਅੰਤਰਰਾਜੀ ਚੋਰ ਗਿਰੋਹ ਦੇ ਮੈਂਬਰਾਂ ਸਬੰਧੀ ਮਿਲੀ ਇਤਲਾਹ ਦੇ ਅਧਾਰ ਤੇ ਰਾਜਸਥਾਨ ਦੇ ਫਲੌਦੀ ਖੇਤਰ ਵਿੱਚ ਛਾਪਾ ਮਾਰਿਆ ਤਾਂ ਗਿਰੋਹ ਦਾ ਮੈਂਬਰ ਜੁਗਨੂੰ ਜਾਟ ਉਰਫ ਜੁੰਮਾਂ ਨਿਵਾਸੀ ਸੋਭਾਵਾਲ,ਥਾਣਾ ਬਾਅਪ, ਜਿਲ੍ਹਾ ਬਾੜਮੇਰ , ਚੋਰੀ ਕੀਤੀ ਸਕਾਰਪਿਉ ਗੱਡੀ ਨੰਬਰ- ਪੀ.ਬੀ-19 ਐਸ-1222 ਛੱਡ ਕੇ ਫਰਾਰ ਹੋ ਗਿਆ। ਪੁਲਿਸ ਪਾਰਟੀ ਨੇ ਬਰਨਾਲਾ ਤੋਂ ਚੋਰੀ ਕੀਤੀ ਉਕਤ ਸਕਾਰਪਿਉ ਬਰਾਮਦ ਕਰ ਲਈ ਹੈ । ਇਸ ਦੀ ਪੁਸ਼ਟੀ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਵੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜੁਗਨੂੰ ਜਾਟ ਤੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਛੇਤੀ ਹੀ ਫੜ੍ਹ ਲਿਆ ਜਾਵੇਗਾ। ਉਨਾਂ ਕਿਹਾ ਕਿ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਰਹਿਨੁਮਾਈ ਵਿੱਚ ਪੁਲਿਸ ਪਾਰਟੀ ਬੁਲੰਦ ਹੌਂਸਲੇ ਨਾਲ ਹਰ ਤਰਾਂ ਦੇ ਅਪਰਾਧੀਆਂ ਨੂੰ ਫੜ੍ਹਨ ਲਈ ਦਿਨ ਰਾਤ ਇੱਕ ਕਰ ਰਹੀ ਹੈ। ਜਿਸ ਦੇ ਚੰਗੇ ਨਤੀਜੇ ਵੀ ਸਭ ਦੇ ਸਾਹਮਣੇ ਹਨ। ਉਨਾਂ ਕਿਹਾ ਕਿ ਜਲਦ ਹੀ ਪੁਲਿਸ ਚੋਰੀ ਹੋਈ ਦੂਸਰੀ ਸਕਾਰਪਿਉ ਗੱਡੀ ਵੀ ਬਰਾਮਦ ਕਰ ਲਵੇਗੀ।
-ਫਲੈਸ਼ਬੈਕ
26/27 ਅਗਸਤ ਦੀ ਦਰਮਿਆਨੀ ਰਾਤ ਨੁੰ ਸ਼ਹਿਰ ਦੇ ਹੰਡਿਆਇਆ ਬਜਾਰ ਵਿੱਚੋਂ ਘਰਾਂ ਦੇ ਬਾਹਰ ਖੜ੍ਹੀਆਂ ਦੋ ਸਕਾਰਪਿਉ ਗੱਡੀਆਂ ਪੀ.ਬੀ-19 ਐਸ-1222 ਅਤੇ ਪੀ.ਬੀ. 10 ਈ.ਐਫ-7117 ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਈਆਂ ਸਨ। ਸਿਟੀ ਪੁਲਿਸ ਨੇ 27 ਅਗਸਤ ਨੂੰ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਸੀ। ਜਿਸ ਦੀ ਤਫਤੀਸ਼ ਨੇ ਸੀ.ਆਈ.ਏ. ਟੀਮ ਨੂੰ ਸੌਂਪ ਦਿੱਤੀ ਗਈ। ਆਖਿਰ ਸੀ.ਆਈ.ਏ. ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਤਕਨੀਕੀ ਅਤੇ ਵਿਅਕਤੀਗਤ ਸੋਰਸਾਂ ਦੀ ਮੱਦਦ ਨਾਲ ਦੋਸ਼ੀਆਂ ਦੀ ਪੈੜ ਦੱਬ ਕੇ ਉਨਾਂ ਦੀ ਪਹਿਚਾਣ ਵੀ ਕਰ ਲਈ।
ਅੰਤਰ ਰਾਜੀ ਚੋਰ ਗਿਰੋਹ ਨੇ ਚੁਰਾਈਆਂ ਗੱਡੀਆਂ
ਪੁਲਿਸ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਗੱਡੀਆਂ ਚੋਰੀ ਕਰਨ ਵਾਲੇ ਅੰਤਰਰਾਜੀ ਚੋਰ ਗਿਰੋਹ ਦੇ ਮੈਂਬਰ ਸਨ। ਜਿਹੜੇ ਗੱਡੀਆਂ ਚੋਰੀ ਕਰਕੇ ਅੰਤਰਰਾਜੀ ਸਮਗਲਰਾਂ ਨੂੰ ਸਮਗਲਿੰਗ ਲਈ ਵੇਚਦੇ ਹਨ। ਪੁਲਿਸ ਨੇ ਇੱਨਾਂ ਗੱਡੀਆਂ ਨੂੰ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਸੁਭਾਸ਼ ਕੁਮਾਰ ਉਰਫ ਕਾਲੂ , ਮਹਿੰਦਰ ਕੁਮਾਰ ਉਰਫ ਮੁਕੇਸ਼ ਦੋਵੇਂ ਪੁੱਤਰ ਲੀਲੂ ਰਾਮ ਵਾਸੀ ਜੋਰਾਵਰਪੁਰ, ਜਿਲ੍ਹਾ ਹਨੂੰਮਾਨਗੜ੍ਹ, ਕ੍ਰਿਸ਼ਨ ਰਾਮ ਪੁੱਤਰ ਹਰੀ ਰਾਮ ਬਿਸ਼ਨੋਈ ਵਾਸੀ ਅਰਬਾ, ਜਿਲ੍ਹਾ ਬਾੜਮੇਰ ਅਤੇ ਮਨਪ੍ਰੀਤ ਸਿੰਘ ਪੁੱਤਰ ਚਾਂਦਾ ਰਾਮ ਵਾਸੀ ਬੱਲੂਆਣਾ, ਜਿਲ੍ਹਾ ਫਾਜਲਿਕਾ ਨੂੰ ਐਫ.ਆਈ.ਆਰ. ਨੰਬਰ-383 ਥਾਣਾ ਸਿਟੀ ਬਰਨਾਲਾ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਸੀ.ਆਈ.ਏ. ਦੀ ਟੀਮ ਨੇ ਗਿਰੋਹ ਦੇ ਮੈਂਬਰਾਂ ਸੁਭਾਸ਼ , ਫਿਰੋਜ ਖਾਨ ਅਤੇ ਕ੍ਰਿਸ਼ਨ ਰਾਮ ਨੂੰ ਗਿਰਫਤਾਰ ਵੀ ਕਰ ਲਿਆ ਗਿਆ। ਜਦੋਂ ਕਿ ਬਾਕੀਆਂ ਦੀ ਤਲਾਸ਼ ਵੀ ਹਾਲੇ ਜਾਰੀ ਹੈ।
ਗਿਰੋਹ ਨੇ ਚੋਰੀ ਕੀਤੀਆਂ 16 ਗੱਡੀਆਂ
ਦੋਸ਼ੀਆਂ ਨੇ ਦੋਰਾਨ ਏ ਪੁੱਛਗਿੱਛ ਇੰਕਸ਼ਾਫ ਕੀਤਾ ਕਿ ਉਨਾਂ ਦੇ ਗਿਰੋਹ ਨੇ ਹੁਣ ਤੱਕ 16 ਗੱਡੀਆਂ ਦੇਸ਼ ਦੇ ਵੱਖ ਸੂਬਿਆਂ ਵਿੱਚੋਂ ਚੋਰੀ ਕੀਤੀਆਂ ਹਨ। ਜਿਨ੍ਹਾਂ ਵਿੱਚ 2 ਫਾਰਚੂਨਰ, 3 ਸਕਾਰਪਿਉ, 5 ਇਨੋਵਾ, 1 ਬਲੈਰੋ ਕੈਪਰ, 1 ਬਰੀਜਾ,1 ਈਕੋ ਕਾਰ ਤੇ 3 ਹੋਰ ਗੱਡੀਆਂ ਸ਼ਾਮਿਲ ਹਨ। ਪੁਲਿਸ ਅਨੁਸਾਰ ਅੰਤਰ ਰਾਜੀ ਚੋਰ ਗਿਰੋਹ ਦਾ ਮੁੱਖ ਸਰਗਨਾ ਉਮ ਪ੍ਰਕਾਸ਼ ਹੈ,ਜਿਹੜਾ ਨਵੇਂ ਵਿਅਕਤੀਆਂ ਨੂੰ ਨਸ਼ੇ ਤੇ ਲਾ ਕੇ, ਉਨਾਂ ਨੂੰ ਗੱਡੀਆਂ ਚੋਰੀ ਕਰਨ ਦੇ ਨਜਾਇਜ ਧੰਦੇ ਵਿੱਚ ਸ਼ਾਮਿਲ ਕਰ ਲੈਂਦਾ ਹੈ।