ਚਿੱਟ ਫੰਡ ਕੰਪਨੀ ਦੀ ਤਰਜ਼ ਤੇ ਗੁਰੂ ਘਰ ਦੀ ਆੜ ‘ਚ ਬਾਬਾ ਗੁਰਮੇਲ ਸਿੰਘ ,ਪਿੰਡ ਕੁਠਾਲਾ ਵਿਖੇ ਚਲਾ ਰਿਹਾ ਮਨੀ ਸਰਕੂਲੇਸ਼ਨ ਸਕੀਮ

Advertisement
Spread information

ਪ੍ਰਸ਼ਾਸ਼ਨ ਦੀ ਚੁੱਪ ਕਰ ਰਹੀ ਸਹਿਮਤੀ ਵੱਲ ਇਸ਼ਾਰਾ , 3 ਵੱਖ-ਵੱਖ ਸਕੀਮਾਂ ਤਹਿਤ ਬਾਬੇ ਨੇ ਹੁਣ ਤੱਕ ਇਕੱਠੇ ਕੀਤੇ ਕਰੋੜਾਂ ਰੁਪੱਈਏ !


ਹਰਿੰਦਰ ਨਿੱਕਾ . ਕੁਠਾਲਾ/ ਸੰਗਰੂਰ 3 ਅਕਤੂਬਰ 2020

                 ਬੈਂਕਾਂ ਨਾਲੋਂ ਕਈ ਗੁਣਾ ਵੱਧ ਵਿਆਜ਼ ਦੇ ਨਾਮ ਥੱਲੇ ਭੋਲੇ-ਭਾਲੇ ਲੋਕਾਂ ਦੀ ਖੂਨ ਪਸੀਨੇ ਦੀ ਕਰੋੜਾਂ ਰੁਪਏ ਦੀ ਕਮਾਈ ਚੱਟ ਚੁੱਕੀਆਂ ਕਰਾਉਨ ਟ੍ਰੇਡਿੰਗ ਅਤੇ ਹੋਰ ਚਿੱਟ ਫੰਡ ਕੰਪਨੀਆਂ ਦੀ ਝੰਬੇ ਲੋਕ ਭਾਂਵੇ ਹਾਲੇ ਤੱਕ ਤਾਬ ਨਹੀਂ ਆਏ। ਪਰ ਕਰਾਉਨ ਟ੍ਰੇਡਿੰਗ ਕੰਪਨੀ ਦੇ ਹੀ ਇੱਕ ਸਾਬਕਾ ਏਜੰਟ ਬਾਬਾ ਗੁਰਮੇਲ ਸਿੰਘ ਨੇ ਮਲੇਰਕੋਟਲਾ ਤਹਿਸੀਲ ਦੇ ਪਿੰਡ ਕੁਠਾਲਾ ਦੇ ਗੁਰੂ ਘਰ ਦੀ ਆੜ ਲੈ ਕੇ ਲੋਕਾਂ ਦੀ ਕਰੋੜਾਂ ਰੁਪਏ ਦੀ ਕਮਾਈ ਠੱਗ ਲੈਣ ਦਾ ਨਵਾਂ ਗੋਰਖਧੰਦਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿ ਅਜਿਹਾ ਕਰਨਾ ,,The prize chits and Money Circulation Schemes Banning Act, 1978  ਦੀ ਧਾਰਾ 4 ਅਤੇ 5 ਤਹਿਤ ਗੈਰ ਕਾਨੂੰਨੀ ਹੈ। ਬਾਬਾ ਗੁਰਮੇਲ ਸਿੰਘ ਅਤੇ ਉਸ ਦੀ ਸਹਿਯੋਗੀ ਟੀਮ ਵੱਲੋਂ ਬਕਾਇਦਾ ਗੁਰੂ ਦੇ ਘਰ ਅੰਦਰ ਕਾਉਂਟਰ ਲਾ ਕੇ ਹਰ ਦਿਨ ਹਜਾਰਾਂ ਲੋਕਾਂ ਤੋਂ ਵੱਖ ਵੱਖ ਸਕੀਮਾਂ ਤਹਿਤ ਲੱਖਾਂ ਰੁਪਏ ਇਕੱਠੇ ਕਰਨ ਦਾ ਧੰਦਾ ਸ਼ਰੇਆਮ ਪ੍ਰਸ਼ਾਸ਼ਨ ਦੀ ਨੱਕ ਹੇਠ ਚੱਲ ਰਿਹਾ ਹੈ। ਪਰੰਤੂ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਗੈਰਕਾਨੂੰਨੀ ਧੰਦੇ ਦੀ ਸੂਚਨਾ ਮਿਲ ਜਾਣ ਦੇ ਬਾਵਜੂਦ ਵੀ ਖੁਦ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਸਹਿਮਤੀ ਵਾਂਗ ਚੁੱਪ ਹੀ ਧਾਰੀ ਬੈਠੇ ਹਨ। ਜਦੋਂ ਕਿ ਪੁਲਿਸ ਬਿਨਾਂ ਕਿਸੇ ਸ਼ਕਾਇਤ ਦੇ ਵੀ ਮੁਖਬਰ ਦੀ ਸੂਚਨਾ ਤੇ ਅਕਸਰ ਹੀ ਅਪਰਾਧਿਕ ਕੇਸ ਦਰਜ਼ ਕਰਨ ‘ਚ ਵੀ ਦੇਰ ਨਹੀਂ ਕਰਦੀ। ਪਰੰਤੂ ਕਰੀਬ 2 ਮਹੀਨਿਆਂ ਤੋਂ ਵਿਛਾਏ ਠੱਗੀ ਦੇ ਇਸ ਜਾਲ ਵਿੱਚ ਹਰ ਦਿਨ ਇਕੱਠੀ ਕੀਤੀ ਜਾ ਰਹੀ ਲੱਖਾਂ ਰੁਪਏ ਦੀ ਨਗਦ ਰਾਸ਼ੀ ਦਾ ਕੋਈ ਕਾਨੂੰਨੀ ਵਹੀ ਖਾਤਾ ਤੇ ਹਿਸਾਬ ਕਿਤਾਬ ਹੀ ਨਹੀਂ ਹੈ।

Advertisement

ਬਰਨਾਲਾ ਟੂਡੇ ਦੀ ਟੀਮ ਨੇ ਖੋਲ੍ਹੀ ਬਾਬੇ ਦੀਆਂ ਸਕੀਮਾਂ ਦੀ ਪੋਲ  

            ਬਰਨਾਲਾ ਟੂਡੇ ਦੀ ਟੀਮ ਨੇ ਬਾਬਾ ਗੁਰਮੇਲ ਸਿੰਘ ਵੱਲੋਂ ਕੁਠਾਲਾ ਪਿੰਡ ਦੇ ਬੇਗਮਪੁਰਾ ਗੁਰੂਦੁਆਰਾ ਸਾਹਿਬ ਦੀ ਆੜ ‘ਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸੱਚ ਜਾਨਣ ਲਈ ਪੜਤਾਲ ਸ਼ੁਰੂ ਕੀਤੀ। ਪੜਤਾਲ ਲਈ ਬਕਾਇਦਾ 3 ਹਜ਼ਾਰ ਰੁਪਏ ਦੀ ਸਕੀਮ ਦੇ ਮੈਂਬਰ ਬਣਨ ਲਈ 3 ਹਜਾਰ ਰੁਪਏ ਜਮ੍ਹਾ ਵੀ ਕਰਵਾਏ। ਜਿਸ ਦੇ ਅਧਾਰ ਤੇ 5028 ਨੰਬਰ ਦਾ ਫੋਟੋ ਪਹਿਚਾਣ ਪੱਤਰ ਵੀ ਜਾਰੀ ਕੀਤਾ ਗਿਆ। ਫਿਰ ਲੱਖਾਂ ਰੁਪਏ ਦੀ ਹੋਰ ਇਨਵੈਸਟਮੈਂਟ ਦੀ ਗੱਲ ਕਹਿ ਕੇ ਬਾਬਾ ਗੁਰਮੇਲ ਸਿੰਘ ਨਾਲ 3 ਹਜਾਰ, 30 ਹਜਾਰ ਅਤੇ 3 ਲੱਖ ਰੁਪਏ ਵਾਲੀਆਂ ਸਕੀਮਾਂ ਸਬੰਧੀ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ। ਬਾਬੇ ਵੱਲੋਂ ਸਮਝਾਈਆਂ ਮਨੀ ਸਰਕੂਲੇਸ਼ਨ ਸਕੀਮਾਂ ਸਬੰਧੀ ਗੱਲਬਾਤ ਦੀ ਰਿਕਾਰਡਿੰਗ ਵੀ ਅਦਾਰਾ ਬਰਨਾਲਾ ਟੂਡੇ ਕੋਲ ਮੌਜੂਦ ਹੈ। ਸਕੀਮਾਂ ਤੋਂ ਇਲਾਵਾ ਬਾਬੇ ਨੇ ਖੁਦ ਮੰਨਿਆ ਕਿ ਉਹ ਇਸ ਤੋਂ ਪਹਿਲਾਂ ਕਰਾਊਨ ਕੰਪਨੀ ਵਿੱਚ ਕੰਮ ਕਰਦਾ ਰਿਹਾ ਹੈ। ਹੁਣ ਖੁਦ ਹੀ ਆਪਣੀਆਂ ਸਕੀਮਾਂ ਦਾ ਐਮ.ਡੀ ਹੈ। ਗੱਲਾਂਬਾਤਾਂ ਦੌਰਾਨ ਬਾਬੇ ਨੇ ਆਪਣੀ ਜੁਬਾਨੀ ਕਿਹਾ ਕਿ ਉਹ ਠੱਗ ਜਰੂਰ ਹੈ, ਪਰ ਹੁਣ ਕੰਮ ਸਾਫ ਸੁਥਰਾ ਕਰ ਰਿਹਾ ਹੈ। ਜਦੋਂ ਠੱਗੀ ਮਾਰੂ, ਉਦੋਂ ਦੱਸ ਕੇ ਠੱਗੀ ਮਾਰੂੰ, ਫਿਰ ਜੀਹਨੇ ਜੋ ਕਰਨਾ ਕਰ ਲਿਉ।

ਬਾਬਾ ਗੁਰਮੇਲ ਸਿੰਘ ਨੇ ਦੱਸਿਆ ਕਿ,,,,

         ਬਾਬਾ ਗੁਰਮੇਲ ਸਿੰਘ ਦੀ ਟੀਮ ਲੋਕਾਂ ਤੋਂ ਵੱਖ ਵੱਖ ਸਕੀਮਾਂ ਤਹਿਤ ਲੱਖਾਂ ਰੁਪਏ ਜਮਾਂ ਕਰਵਾਕੇ ਕੋਈ ਰਸੀਦ ਨਹੀਂ ਦਿੰਦੀ, ਬਲਕਿ 3 ਹਜਾਰ ਦੀ ਸਕੀਮ ਵਾਲੇ ਨੂੰ ਅਖੰਡ ਪਾਠ ਲਈ ਭੇਟਾ ਲਿਖ ਕੇ ਆਈ ਕਾਰਡ ਜਾਰੀ ਕਰਦੀ ਹੈ। ਜਿਸ ਦਾ ਬਕਾਇਦਾ ਨੰਬਰ ਲਿਖਿਆ ਜਾਂਦਾ ਹੈ। ਰਾਸ਼ੀ ਜਮਾਂ ਕਰਵਾਉਣ ਵਾਲੇ ਦੀ ਫੋਟੋ ਵੀ ਲਗਾਈ ਜਾਂਦੀ ਹੈ। ਇਸੇ ਤਰਾਂ ਦੂਜੀਆਂ ਦੋਵੇਂ ਸਕੀਮਾਂ ਤਹਿਤ ਲੰਗਰ ਲਈ ਭੇਟਾ ਲਿਖ ਕੇ ਫੋਟੋ ਪਹਿਚਾਣ ਪੱਤਰ ਜਾਰੀ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ, ਕਿਸੇ ਕਾਨੂੰਨੀ ਕਾਰਵਾਈ ਤੋਂ ਆਪਣੇ ਬਚਾਅ ਅਤੇ ਪ੍ਰਸ਼ਾਸ਼ਨ ਤੇ ਸਰਕਾਰ ਦੇ ਅੱਖੀਂ ਘੱਟਾ ਪਾਉਣ ਲਈ ਇੱਕ ਸਵੈ ਘੋਸ਼ਣਾ ਪੱਤਰ ਵੀ ਲਿਆ ਜਾਂਦਾ ਹੈ ਕਿ ਉਹ ਲਗਾਈ ਹੋਈ ਰਾਸ਼ੀ ਕਦੇ ਵਾਪਿਸ ਨਹੀਂ ਮੰਗੇਗਾ ਅਤੇ ਨਾ ਹੀ ਇਹ ਰਾਸ਼ੀ ਲੈਣ ਲਈ ਕੋਈ ਕਾਨੂੰਨੀ ਉਜਰ ਕਰੇਗਾ।

          ਪਰੰਤੂ ਬਾਬਾ ਰਿਕਾਰਡਿਡ ਗੱਲਬਾਤ ਦੌਰਾਨ ਦੱਸਦਾ ਹੈ ਕਿ ਉਹ ਮਨੀ ਸਰਕੂਲੇਸ਼ਨ ਦੀਆਂ 3 ਸਕੀਮਾਂ ਚਲਾ ਰਿਹਾ ਹੈ। ਜਿਸ ਤਹਿਤ 3 ਹਜਾਰ ਰੁਪਏ ਦੇ ਕੇ ਮੈਂਬਰ ਬਣਨ ਵਾਲੇ ਮੈਂਬਰ ਨੂੰ 1 ਹਜ਼ਾਰ ਰੁਪਏ ਪ੍ਰਤੀ ਦਿਨ , 30 ਹਜ਼ਾਰ ਰੁਪਏ ਜਮ੍ਹਾ ਕਰਵਾ ਕੇ ਮੈਂਬਰ ਬਣਨ ਵਾਲੇ ਨੂੰ 10 ਹਜ਼ਾਰ ਰੁਪਏ ਹਰ ਦਿਨ ਅਤੇ 3 ਲੱਖ ਰੁਪਏ ਜਮ੍ਹਾਂ ਕਰਵਾ ਕੇ ਮੈਂਬਰ ਬਣਨ ਵਾਲੇ ਨੂੰ 1 ਲੱਖ ਰੁਪਏ ਹਰ ਦਿਨ ਵਾਪਿਸ ਦਿੱਤੇ ਜਾਂਦੇ ਹਨ। ਰਸੀਦ ਨਾ ਦੇਣ ਸਬੰਧੀ ਉਹ ਲੋਕਾਂ ਨੂੰ ਭਰੋਸਾ ਦਿੰਦਾ ਹੈ ਕਿ ਮੈਂ ਗੁਰੂ ਸਾਹਿਬ ਨੂੰ ਹਾਜ਼ਿਰ ਨਾਜਰ ਮੰਨ ਕੇ ਭਰੋਸਾ ਦਿੰਦਾ ਹਾਂ ਕਿ ਜਿਹੜੇ ਲੋਕ ਇਸ ਸਕੀਮ ਵਿੱਚ ਰੁਪਏ ਲਾ ਰਹੇ ਹਨ। ਉਨਾਂ ਦੀ ਰਸੀਦ ਕਿਸੇ ਕਾਨੂੰਨੀ ਰੱਫੜ ਤੋਂ ਬਚਾਅ ਲਈ ਭਾਂਵੇ ਅਖੰਡ ਪਾਠ ਦੀ ਭੇਟਾ ਦੇ ਨਾਮ ਤੇ ਦਿੱਤੀ ਜਾਂਦੀ ਹੈ। ਪਰੰਤੂ ਜਮ੍ਹਾ ਪੈਸਿਆਂ ਨੂੰ ਮੋੜਨ ਦੀ ਜਿੰਮੇਵਾਰੀ ਉਸ ਦੀ ਨਿੱਜੀ ਹੈ। ਬਾਬੇ ਨਾਲ ਹੋਈ ਗੱਲਬਾਤ ਦੀ ਆਡੀਉ ਤੇ ਵੀਡੀਉ ਰਿਕਾਰਡਿੰਗ ਸਬੂਤ ਦੇ ਤੌਰ ਤੇ ਅਦਾਰਾ ਬਰਨਾਲਾ ਟੂਡੇ ਕੋਲ ਮੌਜੂਦ ਹੈ। ਜਿਹੜੀ ਪ੍ਰਸ਼ਾਸ਼ਨ ਵੱਲੋਂ ਮੰਗਣ ਤੇ ਉਪਲੱਭਧ ਵੀ ਕਰਵਾਈ ਜਾ ਸਕਦੀ ਹੈ। ਤਾਂਕਿ ਲੋਕਾਂ ਨਾਲ ਹੋ ਰਹੀ ਠੱਗੀ ਦਾ ਸੱਚ ਸਾਹਮਣੇ ਲਿਆਂਦਾ ਜਾ ਸਕੇ।

ਪੱਖ ਪੁੱਛਿਆ ਤਾਂ ਬਾਬੇ ਨੂੰ ਨਹੀਂ ਔੜਿਆ ਕੋਈ ਜੁਆਬ

ਬਰਨਾਲਾ ਟੂਡੇ ਦੀ ਟੀਮ ਨੇ ਜਦੋਂ ਗੈਰਕਾਨੂੰਨੀ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਬਾਬਾ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਸਕੀਮਾਂ ਦੇ ਕਾਨੂੰਨੀ ਹੋਣ ਬਾਰੇ ਕੋਈ ਢੁਕਵਾਂ ਜੁਆਬ ਨਹੀਂ ਦੇ ਸਕਿਆ। ਬਾਬੇ ਨੇ ਕਿਹਾ ਕਿ ਲੋਕਾਂ ਦਾ ਭਲਾ ਕਰਨ ਲਈ ਸਰਕਾਰ ਤੋਂ ਕੋਈ ਮਨਜੂਰੀ ਦੀ ਲੋੜ ਨਹੀਂ ਹੁੰਦੀ। ਉਨਾਂ ਕਿਹਾ ਕਿ ਜੇ ਸਰਕਾਰ ਤੋਂ ਮੰਜੂਰੀ ਲਵਾਂਗੇ, ਫਿਰ ਲੱਖਾਂ ਰੁਪੱਈਆ ਜੀ.ਐਸ.ਟੀ. ਤੇ ਹੋਰ ਟੈਕਸਾਂ ਵਿੱਚ ਹੀ ਕੱਟਿਆ ਜਾਊ। ਉਨਾਂ ਹੋਰ ਕਿਸੇ ਗੁਰੂ ਘਰ ਅੰਦਰ ਅਜਿਹੀ ਮਨੀ ਸਰਕੂਲੇਸ਼ਨ ਸਕੀਮ ਨਾ ਚੱਲਣ ਦੇ ਜੁਆਬ ਵਿੱਚ ਕਿਹਾ ਕਿ ਇਹ ਪ੍ਰਬੰਧਕਾਂ ਦੀ ਮਰਜੀ ਤੇ ਹੈ। ਉਨਾਂ ਲੋਕਾਂ ਤੋਂ ਇਕੱਠੀ ਕੀਤੀ ਰਾਸ਼ੀ ਨੂੰ ਦਾਨ ਕਹਿਣ ਤੇ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਗੁਰੂ ਘਰ ਦਾ ਕੋਈ ਅਕਾਉਂਟ ਨਹੀਂ, ਬੱਸ ਗੁਰੂ ਦੀ ਗੋਲਕ ਹੀ ਅਕਾਉਂਟ ਹੈ। ਜਦੋਂ ਬਾਬੇ ਨੂੰ ਪੁੱਛਿਆ ਕਿ ਗੁਰੂ ਦੀ ਗੋਲਕ ਵਿੱਚੋਂ ਰੁਪੱਈਏ ਕੱਢ ਕੇ ਸਕੀਮ ਤਹਿਤ ਹਰ ਦਿਨ ਨਿਸਚਿਤ ਪ੍ਰੌਫਿਟ ਕਿੱਥੋਂ ਦਿੱਤਾ ਜਾਂਦਾ ਹੈ, ਬਾਰੇ ਪੁੱਛਣ ਤੇ ਬਾਬਾ ਚੁੱਪ ਕਰ ਗਿਆ। ਕਈ ਹੋਰ ਸਵਾਲ ਪੁੱਛਣ ਤੇ ਬਾਬੇ ਨੇ ਕਿਹਾ ਤੁਸੀਂ ਇੱਥੇ ਆ ਜਾਊ, ਆਪਾਂ ਬਹਿ ਕੇ ਗੱਲਬਾਤ ਕਰ ਲਵਾਂਗੇ।

ਡੀ.ਐਸ.ਪੀ. ਨੇ ਕਿਹਾ ,ਪੰਚਾਇਤ ਨੂੰ ਬੁਲਾ ਕੇ ਸਮਝਾ ਦਿੱਤਾ, ਜੇ ਲੋਕ ਨਹੀਂ ਸਮਝਦੇ ਫਿਰ ਪ੍ਰਸ਼ਾਸ਼ਨ ਕੀ ਕਰ ਸਕਦੈ,,

ਡੀ.ਐਸ.ਪੀ. ਮਲੇਰਕੋਟਲਾ ਸੁਮਿਤ ਸੂਦ ਨੇ ਬਾਬਾ ਗੁਰਮੇਲ ਸਿੰਘ ਵੱਲੋਂ ਸ਼ੁਰੂ ਕੀਤੀ ਮਨੀ ਸਰਕੂਲੇਸ਼ਨ ਸਕੀਮ ਬਾਰੇ ਪੁੱਛਣ ਤੇ ਕਿਹਾ ਕਿ ਪਿੰਡ ਦੀ ਪੰਚਾਇਤ ਨੂੰ ਬਾਬੇ ਦੀ ਗੈਰਕਾਨੂੰਨੀ ਸਕੀਮ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਸਮਝਾ ਦਿੱਤਾ ਗਿਆ ਹੈ ਕਿ ਉਹ ਲੋਕਾਂ ਨੂੰ ਇਸ ਸਕੀਮ ਬਾਰੇ ਹੋਰ ਲੋਕਾਂ ਨੂੰ ਵੀ ਸੁਚੇਤ ਕਰਨ। ਫਿਰ ਵੀ ਜੇ ਲੋਕ ਨਹੀਂ ਸਮਝਦੇ ਤਾਂ ਫਿਰ ਪ੍ਰਸ਼ਾਸ਼ਨ ਕੀ ਕਰ ਸਕਦਾ ਹੈ। ਲੋਕਾਂ ਨੂੰ ਖੁਦ ਹੀ ਅਜਿਹੀਆਂ ਠੱਗੀਆਂ ਦੇ ਜਾਲ ਵਿੱਚ ਫਸਣ ਤੋਂ ਬਚਣਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
error: Content is protected !!