ਰਘਵੀਰ ਹੈਪੀ/ਰਵੀ ਸੈਣ ਬਰਨਾਲਾ,16 ਸਤੰਬਰ:2020
ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਕਰੋਨਾ ਸਬੰਧੀ ਜਾਗਰੂਕ ਕਰਨ ਲਈ ਉਲੀਕੇ ਗਏ ਇੱਕ ਹਫ਼ਤਾਵਾਰੀ ਪ੍ਰੋਗਰਾਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪੋਸਟਰ ਰਿਲੀਜ਼ ਕਰਕੇ ਕੀਤੀ ਗਈ।
ਸ਼੍ਰੀ ਫੂਲਕਾ ਨੇ ਇਸ ਮੌਕੇ ਦੱਸਿਆ ਗਿਆ ਕਿ ਯੁਵਕ ਸੇਵਾਵਾਂ ਵਿਭਾਗ ਰਾਹੀਂ ਪੇਂਡੂ ਯੂਥ ਕਲੱਬਾਂ, ਐਨ.ਐਸ.ਐਸ ਅਤੇ ਰੈਡ ਰੀਬਨ ਕਲੱਬਾਂ ਰਾਹੀਂ ਲੋਕਾਂ ਨੂੰ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਕਰਨ ਹਿੱਤ ਇਹ ਪੋਸਟਰ ਜਾਰੀ ਕੀਤੇ ਗਏ ਹਨ। ਇਨ੍ਹਾਂ ਪੋਸਟਰਾਂ ’ਚ ਦਰਸਾਇਆ ਗਿਆ ਹੈ ਕਿ ਕਿਵੇਂ ਲੋਕ ਆਪਣੇ ਘਰਾਂ ’ਚ ਰਹਿ ਕੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਕੇ ਕੋਰੋਨਾ ਮਹਾਂਮਾਰੀ ਤੋ ਆਪਣਾ, ਆਪਣੇ ਪਰਿਵਾਰਾਂ, ਆਪਣੇ ਗਲੀ/ਮੁਹੱਲੇ ’ਚ ਰਹਿਣ ਵਾਲੇ ਲੋਕਾਂ ਦਾ ਬਚਾਅ ਕਰ ਸਕਦੇ ਹਨ।
ਇਸ ਸਬੰਧੀ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਸ਼੍ਰੀ ਵਿਜੈ ਭਾਸਕਰ ਸ਼ਰਮਾ ਵੱਲੋਂ ਹਫ਼ਤਾਵਾਰੀ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਸ਼੍ਰੀ ਡੀ.ਪੀ.ਐਸ. ਖਰਬੰਦਾ ਦੇ ਆਦੇਸ਼ਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ, ਡਾ. ਕਮਲਜੀਤ ਸਿੰਘ ਸਿੱਧੂ ਅਤੇ ਸ਼੍ਰ੍ਰੀ ਚਰਨਜੀਤ ਸਿੰਘ, ਸਹਾਇਕ ਡਾਇਰੈਕਟਰ, ਮੁੱਖ ਦਫਤਰ ਦੀ ਅਗਵਾਈ ਵਿਚ ਇਸ ਹਫ਼ਤਾਵਾਰੀ ਪ੍ਰੋਗਰਾਮ ਵਿਚ ਨੌਜਵਾਨ ਯੂਥ ਕਲੱਬਾਂ ਨਾਲ ਤਾਲਮੇਲ ਕਰਨ ਉਪਰੰਤ ਉਨ੍ਹਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ. ਇਸ ਦਾ ਮੁੱਖ ਮੰਤਵ ਹੈ ਪੇਂਡੂ ਖੇਤਰਾਂ ਵਿਚ ਫ਼ੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਆਮ ਲੋਕਾਂ ਨੂੰ ਕਰੋਨਾ ਸਬੰਧੀ ਜਾਗਰੂਕ ਕੀਤਾ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਕਰੋਨਾ ਟੈਸਟਿੰਗ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ. ਇਸੇ ਤਰ੍ਹਾਂ ਇਸ ਪ੍ਰਤੀ ਸ਼ੋਸ਼ਲ ਮੀਡੀਆ ਉਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਯੁਵਕ ਸੇਵਾਵਾਂ ਵਿਭਾਗ ਪੰਜਾਬ ਰਾਹੀਂ ਇੰਨ-ਬਿੰਨ ਪਾਲਣਾ ਕਰਵਾਉਣੀ ਅਤੇ ਇਸ ਦੇ ਨਾਲ ਹੀ ਪੇਂਡੂ ਧਾਰਮਿਕ ਸੰਸਥਾਵਾਂ ਰਾਹੀਂ ਲੋਕਾਂ ਵਿਚਕਾਰ ਕਰੋਨਾ ਨਾਲ ਸਬੰਧਿਤ ਸਵੇਰੇ-ਸ਼ਾਮ ਇਸ ਗੱਲ ਦਾ ਪ੍ਰਚਾਰ ਕਰਾਉਣ ਸਬੰਧੀ ਵੀ ਕੰਮ ਕੀਤਾ ਜਾਵੇਗਾ. ਇਸ ਦੌਰਾਨ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਘੱਟ ਤੋਂ ਘੱਟ 6 ਫੁੱਟ ਦਾ ਫ਼ਾਸਲਾ ਹੋਣਾ ਚਾਹੀਦਾ ਹੈ, ਘਰ ਤੋਂ ਬਾਹਰ ਜਾਣ ਲਈ ਮੂੰਹ ਉਪਰ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ, ਖਾਣ-ਪੀਣ ਅਤੇ ਜਾਂ ਕਿਸੇ ਚੀਜ ਨੂੰ ਛੂੰਹਣ ਤੋਂ ਪਹਿਲਾਂ ਜਾਂ ਬਾਅਦ ਵਿਚ ਵਾਰ-ਵਾਰ ਆਪਣੇ ਹੱਥਾਂ ਨੂੰ ਘੱਟੋ ਘੱਟ 20 ਸੈਕਿੰਡ ਲਈ ਸਾਬਣ ਨਾਲ ਧੋਣਾ ਹਰ ਵਿਅਕਤੀ ਯਕੀਨੀ ਬਣਾਏ ਜਾਣ ਸਬੰਧੀ ਵੀ ਪ੍ਰੇਰਿਆ ਜਾਵੇਗਾ.
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਭਾਸਕਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਹੁਣ ਤੱਕ ਜ਼ਿਲ੍ਹੇ ਭਰ ’ਚ 20,000 ਪੋਸਟਰ, 40,000 ਦੇ ਕਰੀਬ ਮਾਸਕਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤਾਵਾਰੀ ਪ੍ਰੋਗਰਾਮ ਦੌਰਾਨ 6000 ਦੇ ਕਰੀਬ ਕਰੋਨਾ ਖਿਲਾਫ਼ ਜਾਣਕਾਰੀ ਭਰਪੂਰ ਪੋਸਟਰਾਂ ਨੂੰ ਵਿਭਾਗ ਵੱਲੋਂ ਘਰ- ਘਰ ਪਹੁੰਚਾਇਆ ਜਾ ਰਿਹਾ ਹੈ।
ਇਸ ਮੌਕੇ ਲਵਪ੍ਰੀਤ ਸ਼ਰਮਾ ਹਰੀਗੜ੍ਹ, ਅਰਸ਼ਦੀਪ ਸਿੰਘ, ਹੈਪੀ ਸਿੰਘ ਪੱਖੋ ਕਲਾਂ, ਸੰਦੀਪ ਸਿੰਘ ਭਦੌੜ, ਸੁਨੀਲ ਕੁਮਾਰ ਸੱਗੀ ਧਨੌਲਾ, ਤੋਂ ਇਲਾਵਾ ਹੋਰ ਵੀ ਕਲੱਬਾਂ ਦੇ ਅਹੁੱਦੇਦਾਰ ਮੌਜੂਦ ਸਨ।