ਪੰਜਾਬ ਦੇ ਸਾਰੇ ਐਮ.ਐਲ.ਏ ਅਤੇ ਐਮ.ਪੀ ਦੇ ਘਰਾਂ/ਦਫ਼ਤਰਾਂ ਤੱਕ ਕੀਤੇ ਜਾਣਗੇ ਵਹੀਕਲ ਰੋਸ ਮਾਰਚ- ਡਾ: ਦਰਸ਼ਨ ਪਾਲ
ਹਰਿੰਦਰ ਨਿੱਕਾ ਬਰਨਾਲਾ 9 ਅਗਸਤ 2020
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ 10 ਅਗਸਤ ਨੂੰ ਸਾਰੇ ਪੰਜਾਬ ਵਿਚ ਅਸੈਂਬਲੀ ਅਤੇ ਸੰਸਦ ਦੇ ਚੁਣੇ ਹੋਏ ਭਾਜਪਾ, ਕਾਂਗਰਸ, ਅਕਾਲੀਆਂ, ਆਮ ਆਦਮੀ ਪਾਰਟੀ ਦੇ ਅਤੇ ਆਜਾਦ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਦੇ ਦਫਤਰਾਂ ਜਾਂ ਘਰਾਂ/ਦਫ਼ਤਰਾਂ ਤੱਕ ਮੋਟਰਸਾਇਕਲਾਂ, ਕਾਰਾਂ, ਜੀਪਾਂ, ਸਕੂਟਰਾਂ ਅਤੇ ਸਕੂਟਰੀਆਂ ‘ਤੇ ਸਵਾਰ ਹੋਕੇ ਰੋਸ ਮਾਰਚ ਕਰਨ ਦੀਆਂ ਤਿਆਰੀਆਂ ਮੁਕੱਮਲ ਹੋ ਚੁੱਕੀਆਂ ਹਨ।
ਪੰਜਾਬ ਭਰ ਚੋਂ ਇਕੱਤਰ ਰਿਪੋਰਟ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਪੰਜਾਬ ਚੈਪਟਰ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਦੱਸਿਆ ਕਿ ਰੋਸ ਮਾਰਚ ਕਰਨ ਉਪਰੰਤ ਉਹਨਾਂ ਨੂੰ ਭਾਰਤ ਭਰ ਦੇ ਕਿਸਾਨਾਂ ਦੇ ਮਸਲਿਆਂ ਅਤੇ ਮੁੱਦਿਆਂ ਦਾ ਚਿੱਠਾ ਜੋ 9 ਸੂਤਰੀ ਮੰਗ ਪੱਤਰ ਜੋ ਪਹਿਲਾਂ ਹੀ ਇੱਕ ਚਿੱਠੀ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਜਾ ਚੁੱਕਾ ਹੈ ਉਹਨਾਂ ਨੂੰ ਸੌਂਪਿਆ ਜਾਵੇਗਾ। ਅਤੇ ਉਸਦੇ ਦੇ ਇੱਕ ਚਿਤਾਵਨੀ ਪੱਤਰ ਵੀ ਸਾਰੇ ਚੁਣੇ ਹੋਏ ਨੁਮਾਇਂਦਿਆਂ ਨੂੰ ਦਿੱਤਾ ਜਾਵੇਗਾ।
ਚਿਤਾਵਨੀ ਪੱਤਰ ‘ਚ ਸਾਰੇ ਚੁਣੇ ਹੋਏ ਨੁਮਾਂਇੰਦਿਆਂ ਨੂੰ ਚਿਤਾਵਨੀ ਦੱਤੀ ਜਾਵੇਗੀ ਕਿ ਜੇਕਰ ਉਹ ਨਾਲ ਨੱਥੀ ਕੀਤੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਮੁੱਦਿਆਂ ਅਤੇ ਮਸਲਿਆਂ ਬਾਰੇ ਪਾਰਲੀਮੈਂਟ ਅਤੇ ਅਸੈਂਬਲੀ ਦੇ ਅੰਦਰ ਅਤੇ ਬਾਹਰ ਆਵਾਜ਼ ਉਠਾਕੇ ਅਤੇ ਸੰਘਰਸ਼ ਕਰਕੇ ਅਤੇ ਰੋਸ ਜਤਾਕੇ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਸਾਂ ਅਤੇ ਬਿਜਲੀ ਬਿਲ-2020 ਵਾਪਸ ਲੈਣ, ਡੀਜ਼ਲ ਦਾ ਰੇਟ ਅੱਧਾ ਕਰਾਉਣ ਅਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਤਹਿ ਕਰਵਾਉਣ, ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ ‘ਤੇ ਲੀਕ ਮਰਵਾਉਣ ਅਤੇ ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ ‘ਤੇ ਨਿਰਭਰ ਕਿਸਾਨਾਂ ਨੂੰ 10 ਰੁਪਏ ਪ੍ਰਤੀ ਯੂਨਿਟ ਫੈਟ ਸਰਕਾਰ ਵੱਲੋਂ ਖਰੀਦਣ ਲਈ ਦਬਾਅ ਪਾਉਣ ਅਤੇ ਗੰਨਾਂ ਉਤਪਾਦਕਾਂ ਦੀ ਬਕਾਇਆ ਰਕਮ ਵਿਆਜ ਸਮੇਤ ਦਿਵਾਉਣ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਹੀਂ ਕਰਦੇ, ਤਾਂ ਆਉਣ ਵਾਲੇ ਦਿਨਾਂ ਵਿਚ ਉਹ ਪਿੰਡਾਂ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਰਹਿਣ।
ਉਹਨਾਂ ਅੱਗੇ ਦੱਸਿਆ ਕਿ ਪਿਛਲੇ ਹਫ਼ਤੇ ਜਥੇਬੰਦੀਆਂ ਨੇ ਪਿੰਡਾਂ ਵਿੱਚ ਰੈਲੀਆਂ, ਮੀਟਿੰਗਾਂ, ਝੰਡਾ ਮਾਰਚ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਤਿਆਰੀਆਂ ਜ਼ੋਰ ਸ਼ੋਰ ਨਾਲ ਕੀਤੀਆਂ ਹਨ। ਕਈ ਹਜਾਰਾਂ ਕਿਸਾਨ ਵੱਖ ਵੱਖ ਜਿਲ੍ਹਿਆਂ ਵਿੱਚ ਮੋਟਰਸਾਈਕਲ ਰੋਸ ਮਾਰਚਾਂ ਵਿੱਚ ਸ਼ਮੂਲੀਅਤ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਅੱਜ 9 ਅਗਸਤ ਵਾਲੇ ਦਿਨ ਵੀ ਭਾਰਤ ਦੇ ਕਈ ਸੂਬਿਆਂ ਅੰਦਰ ਕਿਸਾਨਾਂ ਨੇ ਧਰਨੇ ਮੁਜਾਹਰੇ ਕੀਤੇ ਹਨ।
ਇਨ੍ਹਾਂ ਮਾਰਚਾਂ ਅਤੇ ਧਰਨਿਆਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ,; ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਰਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ; ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ; ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਕਰਮਜੀਤ ਸਿੰਘ ਤਲਵੰਡੀ; ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ; ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ; ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ; ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਕਰਨਗੇ।