ਅਜੀਤ ਸਿੰਘ ਕਲਸੀ ਬਰਨਾਲਾ 6, ਅਗਸਤ:2020
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ ਵੱਲੋਂ ਬਲਾਕ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਦੇ ਇੰਚਾਰਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੜ੍ਹੋ ਪੰਜਾਬ ਕੋਆਰਡੀਨੇਟਰ ਸ੍ਰ ਕੁਲਦੀਪ ਸਿੰਘ ਭੁੱਲਰ ਸਮੂਹ ਬੀਐਮਟੀ ਅਤੇ ਸੀਐਮਟੀ ਦੇ ਨਾਲ ਨਾਲ ਸੈਂਟਰ ਅਤੇ ਸਕੂਲ ਮੁਖੀਆਂ ਨੇ ਸ਼ਿਰਕਤ ਕੀਤੀ। ਜਿਲ੍ਹਾ ਸਿੱੱਖਿਆ ਅਫਸਰ ਨੇ ਦੱਸਿਆ ਕਿ ਅਗਲੇ ਪੜ੍ਹਾਅ ‘ਚ ਬਲਾਕ ਸਿੱਖਿਆ ਅਫਸਰ ਅਤੇ ਸੈਂਟਰ ਸਕੂਲ ਮੁਖੀ ਬਲਾਕ ਅਤੇ ਸੈਂਟਰ ਵਾਈਜ਼ ਸਮੂਹ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨਾਲ ਆਨਲਾਈਨ ਮੀਟਿੰਗਾਂ ਕਰਨਗੇ।
ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਰਵੇਖਣ ‘ਚ ਚਲੰਤ ਵਿਦਿਅਕ ਸ਼ੈਸ਼ਨ 2020-21 ਦੌਰਾਨ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਵਿੱਦਿਅਕ ਗੁਣਵੱਤਾ ਦੀ ਪਰਖ ਕੀਤੀ ਜਾਵੇਗੀ। ਇਸ ਸਰਵੇਖਣ ਦੀ ਸ਼ੁਰੂਆਤ ਸਤੰਬਰ ਮਹੀਨੇ ‘ਚ ਵਿਦਿਆਰਥੀਆਂ ਦੇ ਪਹਿਲੇ ਮੌਕ ਟੈਸਟ ਨਾਲ ਹੋਵੇਗੀ। ਦੂਸਰਾ ਮੌਕ ਟੈਸਟ ਅਕਤੂਬਰ ਤੇ ਤੀਸਰਾ ਟੈਸਟ ਨਵੰਬਰ ਮਹੀਨੇ ‘ਚ ਨੇਪਰੇ ਚੜੇਗਾ। ਇਸ ਸਰਵੇਖਣ ਲਈ ਕੋਈ ਅਲੱਗ ਪਾਠਕ੍ਰਮ ਨਹੀਂ ਹੋਵੇਗਾ ਅਤੇ ਇਹ ਪਹਿਲਾ ਤੋਂ ਪੜ੍ਹ ਰਹੇ ਵਿਸ਼ਿਆਂ ਦੇ ਪਾਠਕ੍ਰਮ ‘ਤੇ ਅਧਾਰਤ ਹੀ ਹੋਵੇਗਾ।ਇਸ ਸਰਵੇਖਣ ਲਈ ਜਮਾਤ ਵਾਰ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ, ਜਿਸ ਤਹਿਤ ਸਾਰੀਆਂ ਪ੍ਰਾਇਮਰੀ ਜਮਾਤਾਂ ਦੇ ਸਾਰੇ ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਉਹਨਾਂ ਪਿਛਲੇ ਸਮਿਆਂ ਦੌਰਾਨ ਹੋਏ ਨੈਸ਼ਨਲ ਅਚੀਵਮੈਂਟ ਸਰਵੇ ਦੇ ਪ੍ਰਸ਼ਨਾਂ ਦੀ ਰੂਪ ਰੇਖਾ ਵੀ ਸਾਂਝੀ ਕੀਤੀ।
ਉਹਨਾਂ ਦੱਸਿਆ ਕਿ ਸਮੂਹ ਜਿਲ੍ਹਾ ਅਤੇ ਬਲਾਕ ਸਿੱਖਿਆ ਅਧਿਕਾਰੀਆਂ ਸਮੇਤ ਪੜ੍ਹੋ ਪੰਜਾਬ ਟੀਮ, ਸਕੂਲ ਮੁਖੀ ਅਤੇ ਅਧਿਆਪਕ ਟੀਮ ਦੇ ਰੂਪ ‘ਚ ਕੰਮ ਕਰਦਿਆਂ ਵਿਦਿਆਰਥੀਆਂ ਨੂੰ ਸਰਵੇਖਣ ਲਈ ਤਿਆਰ ਰਹਿਣ ਅਤੇ ਭਾਗ ਲੈਣ ਲਈ ਪ੍ਰੇਰਿਤ ਕਰਨਗੇ। ਉਹਨਾਂ ਕਿਹਾ ਕਿ ਸਰਵੇ ਦੇ ਟੈਸਟਾਂ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦਾ ਮਾਨਸਿਕ ਤਣਾਅ ਲੈਣ ਦੀ ਬਜਾਏ ਤਕਨੀਕ ਆਧਾਰਿਤ ਤਿਆਰੀ ਵੱਲ੍ਹ ਧਿਆਨ ਦੇ ਕੇ ਜਿਲ੍ਹੇ ਨੂੰ ਪਹਿਲੇ ਨੰਬਰ ‘ਤੇ ਲਿਆਉਣ ਲਈ ਕੋਸ਼ਿਸ਼ਾਂ ਹੁਣੇ ਤੋਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।ਉਹਨਾਂ ਦੱਸਿਆ ਕਿ ਸਰਵੇਖਣ ਦਾ ਮੁੱਖ ਮੰਤਵ ਵਿਭਾਗ ਵੱਲੋਂ ਆਪਣੇ ਸਕੂਲ ਮੁਖੀਆਂ ਸਮੇਤ ਅਧਿਆਪਕਾਂ ਅਤੇ ਵਿਦਿਆਰਥੀਆਂ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਲਈ ਹਰ ਪੱਖੋਂ ਤਿਆਰ ਕਰਨਾ ਹੈ।