ਹਰਿੰਦਰ ਨਿੱਕਾ / ਮਨੀ ਗਰਗ ਬਰਨਾਲਾ 6 ਅਗਸਤ 2020
ਸ਼ਹਿਰ ਦੇ ਧਨੌਲਾ ਰੋਡ ਤੇ ਗੌਰਵ ਮੋਟਰ ਗੈਰਿਜ ਸਾਹਮਣੇ ਡਿਵਾਈਡਰ ਤੇ ਇੱਕ ਭਰੂਣ ਦਾ ਸਿਰ ਮਿਲਣ ਨਾਲ ਇਲਾਕੇ ਚ, ਸਨਸਨੀ ਫੈਲ ਗਈ । ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਜਦੀਕੀ ਦੁਕਾਨਦਾਰਾਂ ਸਤਨਾਮ ਸਿੰਘ, ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਕੁ ਵਜੇ ਕੂੜਾ ਇਕੱਠਾ ਕਰਦੀਆਂ ਕੁਝ ਔਰਤਾਂ ਨੇ ਭਰੂਣ ਦਾ ਸਿਰ ਪਿਆ ਦੇਖਿਆ । ਉਦੋਂ ਹੀ ਘਟਨਾ ਬਾਰੇ ਮੋਬਾਇਲ ਸਟੋਰ ਦੇ ਮਾਲਿਕ ਪ੍ਰਦੀਪ ਨੇ ਕੰਟਰੋਲ ਰੂਮ ਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਕਰੀਬ ਸਾਢੇ ਤਿੰਨ ਘੰਟਿਆਂ ਬਾਅਦ ਥਾਣਾ ਸਿਟੀ 2 ਦੇ ਏ.ਐਸ.ਆਈ. ਹਾਕਮ ਸਿੰਘ ਅਤੇ ਏ.ਐਸ.ਆਈ. ਸਰਬਜੀਤ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਪੁਲਿਸ ਪਾਰਟੀ ਨੇ ਭਰੂਣ ਦਾ ਧੜ੍ਹ ਤੋਂ ਅਲੱਗ ਹੋਇਆ ਸਿਰ ਕਬਜੇ ਚ, ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਡੀਐਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਪੋਸਟ ਮਾਰਟਮ ਲਈ ਭਰੂਣ ਦਾ ਸਿਰ ਸਿਵਲ ਹਸਪਤਾਲ ਦੀ ਮੌਰਚਰੀ ਚ, ਰੱਖਿਆ ਗਿਆ ਹੈ।
ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੇਗੀ ਪੁਲਿਸ
ਡੀਐਸਪੀ ਟਿਵਾਣਾ ਨੇ ਕਿਹਾ ਕਿ ਭਰੂਣ ਦਾ ਸਿਰ ਕੌਣ ਤੇ ਕਦੋਂ ਸੁੱਟ ਕੇ ਗਿਆ, ਇਹ ਪਤਾ ਕਰਨ ਲਈ ਘਟਨਾ ਵਾਲੀ ਥਾਂ ਦੇ ਨਜਦੀਕੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾਵੇਗੀ। ਤਾਂਕਿ ਦੋਸ਼ੀਆਂ ਦੀ ਸ਼ਨਾਖਤ ਕਰਨ ਚ, ਮੱਦਦ ਮਿਲ ਸਕੇ।
ਸਿਵਲ ਹਸਪਤਾਲ ਦੇ ਐਸ.ਐਮ.ਉ ਡਾਕਟਰ ਤਪਿੰਦਰਜੀਤ ਜੋਤੀ ਕੌਸ਼ਲ ਨੇ ਕਿਹਾ ਕਿ ਸ਼ੁਕਰਵਾਰ ਨੂੰ ਪੁਲਿਸ ਵੱਲੋਂ ਪੇਸ਼ ਦਸਤਾਵੇਜਾਂ ਦੇ ਅਧਾਰ ਤੇ ਮੈਡੀਕਲ ਬੋਰਡ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਬੇਸ਼ੱਕ ਇਕੱਲੇ ਸਿਰ ਤੋਂ ਮੌਤ ਦੀ ਵਜ੍ਹਾ ਬਾਰੇ ਨਹੀਂ ਦੱਸਿਆ ਜਾ ਸਕਦਾ, ਪਰੰਤੂ ਭਰੂਣ ਦੀ ਉਮਰ ਬਾਰੇ ਜਰੂਰ ਅੰਦਾਜਾ ਲਾਇਆ ਜਾ ਸਕਦਾ।