ਦੌਲਾ ਪਿੰਡ ਦੇ ਸਰਪੰਚ ਥੱਪੜ ਕਾਂਡ ਤੋਂ ਬਾਅਦ ਸੁਰਖੀਆਂ ਚ, ਆਈ ਬਰਿੰਦਰ ਕੌਰ ਹੁਣ ਪਤੀ ਨੂੰ ਇਨਸਾਫ ਦਿਵਾਉਣ ਲਈ ਦਰ ਦਰ ਠੋਕਰਾਂ ਖਾਣ ਲਈ ਮਜਬੂਰ
,,ਮੈਂ ਲੜਾਂਗੀ ਸਾਥੀ ,ਜਦੋਂ ਤੱਕ ਲੜਨ ਦੀ ਲੋੜ ਬਾਕੀ ਹੈ,,
ਹਰਿੰਦਰ ਨਿੱਕਾ ਬਰਨਾਲਾ 4 ਅਗਸਤ 2020
ਸਮਾਂ ਬਦਲਿਆ, ਸਮੇਂ ਦੇ ਨਾਲ ਸਾਰਾ, ਦੁਨੀਆਂ ਬਦਲੀ ਸਾਰੀ,
ਇਕੱਲੀ ਕਹਿਰੀ ਜਿੰਦੜੀ ਨੂੰ, ਦੁੱਖ ਪੈ ਗਏ ਭੋਗਣੇ ਭਾਰੀ ,
ਸਬਰ ਜੁਆਬ ਦੇ ਗਿਆ, ਪਰ ਹੌਸਲਾ ਨਹੀਂ ਹਾਲੇ ਹਾਰੀ,
ਰਣ ਵਿੱਚ ਜੂਝਣ ਲਈ, ਮੈਂ ਮਨ ਵਿੱਚ ਬੈਠੀ ਹੁਣ ਧਾਰੀ ।
ਇਹ ਸਤਰਾਂ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਦੌਲਾ ਦੇ ਅਕਾਲੀ ਸਰਪੰਚ ਨਾਲ ਪੰਜਾ ਲੜਾ ਕੇ ਸੰਘਰਸੀ ਧਿਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਚ, ਰਹੀ ਅਧਿਆਪਕਾ ਬਰਿੰਦਰ ਕੌਰ ਤੇ ਪੂਰੀਆਂ ਢੁੱਕਦੀਆਂ ਹਨ। ਹੁਣ ਫਿਰ ਬਰਿੰਦਰ ਕੌਰ ਇੱਕ ਵਾਰ ਚਰਚਾ ਵਿੱਚ ਆਈ ਹੈ। ਫਰਕ ਸਿਰਫ ਇਨਾਂ ਹੈ ਕਿ ਦਿਸੰਬਰ 2011 ਚ, ਉਸਨੇ ਸੱਤਾ ਦੇ ਕਥਿਤ ਨਸ਼ੇ ਚ, ਚੂਰ ਅਕਾਲੀ ਸਰਪੰਚ ਵੱਲੋਂ ਮਾਰੇ ਥੱਪੜ ਵਿਰੁੱਧ ਲੜਾਈ ਲੜੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਸਣੇ ਹੋਰ ਵੱਡੇ ਕਾਂਗਰਸੀ ਲੀਡਰਾਂ ਦੀ ਹਾਜਰੀ ਚ, ਬਰਿੰਦਰ ਕੌਰ ਦੀ ਅਵਾਜ ਸਟੇਜਾਂ ਤੋਂ ਗੂੰਜਦੀ ਸੀ। ਹੁਣ ਸਮਾਂ ਬਦਲਿਆ ਹੈ, ਬਰਿੰਦਰ ਕੌਰ ਨੂੰ ਅਣਕਿਆਸੀ ਲੜਾਈ ਬਰਨਾਲਾ ਪੁਲਿਸ ਦੀ ਜਿਆਦਤੀ ਦੇ ਖਿਲਾਫ ਆਪਣੇ ਨਿਰਦੋਸ਼ ਪਤੀ ਨੂੰ ਇਨਸਾਫ ਦਿਵਾਉਣ ਲਈ ਲੜਣੀ ਪੈ ਰਹੀ ਹੈ । ਬਰਿੰਦਰ ਉਰਫ ਬਿੰਦੂ ਦਾ ਹੌਸਲਾ ਪਹਿਲਾਂ ਦੀ ਤਰ੍ਹਾਂ ਹੀ ਬੁਲੰਦ ਹੈ, ਬੜੀ ਹੀ ਬੇਬਾਕੀ ਨਾਲ ਵੱਡੇ ਲੀਡਰਾਂ ਤੇ ਅਧਿਕਾਰੀਆਂ ਨਾਲ ਬਾ-ਦਲੀਲ ਗੱਲ ਕਰਨ ਦਾ ਉਹ ਨੂੰ ਪੂਰਾ ਬੱਲ ਵੀ ਹੈ।
ਜਿੰਦਗੀ ਹਰ ਕਦਮ ਇੱਕ ਨਵੀਂ ਜੰਗ ਹੈ,,,
ਬਰਿੰਦਰ ਕੌਰ ਨੇ ਕਿਹਾ ਕਿ ਜਿੰਦਗੀ ਹਰ ਕਦਮ ਇੱਕ ਨਵੀਂ ਜੰਗ ਹੈ, ਪਹਿਲਾਂ ਪੱਕੀ ਨੌਕਰੀ ਲੈਣ ਲਈ ਈਜੀਐਸ ਯੂਨੀਅਨ ਦਾ ਝੰਡਾ ਫੜ੍ਹ ਕੇ ਲੜਦੀ ਰਹੀ। ਪਰ ਹੁਣ ਮੇਰੇ ਨਿਰਦੋਸ਼ ਪਤੀ ਹਰਪ੍ਰੀਤ ਸਿੰਘ ਨੂੰ ਘਰੋਂ ਚੁੱਕ ਕੇ ਬਰਨਾਲਾ ਪੁਲਿਸ ਨੇ 2 ਝੂਠੇ ਕੇਸਾਂ ਚ, ਫਿੱਟ ਕਰ ਦਿੱਤਾ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਉਹ ਥਾਣਿਆ ਤੇ ਕਚਿਹਰੀਆਂ ਚ, ਸੱਚ ਦੱਸਣ ਲਈ ਕੋਸ਼ਿਸ਼ ਕਰਦੀ ਰਹੀ। ਐਸਐਸਪੀ ਸੰਦੀਪ ਗੋਇਲ ਨੂੰ ਮਿਲਣ ਲਈ ਕਈ ਵਾਰ ਉਹਦੇ ਦਫਤਰੋਂ ਜਾ ਕੇ ਨਿਰਾਸ਼ ਪਰਤ ਆਈ । ਨਿਆਂ ਦੇ ਮੰਦਿਰ ਯਾਨੀ ਕਚਿਹਰੀਆਂ ਦੇ ਦਰਵਾਜੇ ਤਾਂ ਹੁਣ ਕੋਰੋਨਾ ਕਰਕੇ ਆਮ ਲੋਕਾਂ ਲਈ ਬੰਦ ਹੀ ਪਏ ਹਨ। ਜਿੱਥੇ ਪਹੁੰਚ ਕੇ ਫਰਿਆਦ ਕਰਨਾ ਹੁਣ ਅਸੰਭਵ ਹੀ ਜਾਪਦੈ।
ਹੁਣ ਵਖਤ ਪਿਆ ਹੈ, ਪਰਖਦੀ ਹਾਂ, ਉਹੀ ਲੀਡਰਾਂ ਨੂੰ , ਜਿਹੜੇ ਮੈਨੂੰ ਆਪਣੀ ਧੀ ਕਹਿਕੇ ਵਢਿਆਉਂਦੇ ਰਹੇ,,
ਬਰਿੰਦਰ ਕੌਰ ਨੇ ਕਿਹਾ ਹੁਣ ਫੈਸਲਾ ਕੀਤਾ ਹੈ ਕਿ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਸਰਕਾਰੀਆ, ਮੁੱਖ ਮੰਤਰੀ ਦੇ ਸਲਾਹਕਾਰ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਦਿ ਕਾਂਗਰਸੀ ਆਗੂਆ ਕੋਲ ਆਪਣੀ ਫਰਿਆਦ ਲੈ ਕੇ ਪਹੁੰਚਾ ਤੇ ਉਨਾਂ ਨੂੰ ਯਾਦ ਕਰਵਾਉਂ ਕਿ ਇੱਕ ਉਹ ਸਮਾਂ ਵੀ ਸੀ, ਜਦੋਂ ਤੁਸੀਂ ਮੈਨੂੰ ਆਪਣੀ ਲੋੜ ਲਈ ਆਪਣੀਆਂ ਰਾਜਸੀ ਸਟੇਜਾਂ ਤੇ ਬੋਲਣ ਲਈ ਸਪੈਸ਼ਲ ਬੁਲਾਉਂਦੇ ਹੁੰਦੇ ਸੀ, ਉਦੋਂ ਮੈਂ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਬਾਰੇ ਲੋਕਾਂ ਨੂੰ ਦੱਸਦੀ ਸੀ। ਪਰ ਹੁਣ ਸਮਾਂ ਬਦਲ ਗਿਆ ,ਮੇਰੇ ਨਾਲ ਜਿਆਦਤੀ ਕਾਂਗਰਸ ਸਰਕਾਰ ਦੇ ਰਾਜ ਚ, ਹੋਈ ਹੈ। ਆਪਣੀ ਮਾਮੂਲੀ ਜਿਹੀ ਤਨਖਾਹ ਵਾਲੀ ਨੌਕਰੀ ਅਤੇ ਪਤੀ ਦੀ ਪ੍ਰਾਈਵੇਟ ਨੌਕਰੀ ਦੇ ਸਿਰ ਤੇ ਗਰੀਬੀ ਦਾਵੇ ਟਾਈਮ ਪਾਸ ਕਰ ਰਹੀ ਸੀ। ਬਈ ਕਦੇ ਸਰਕਾਰ ਪੱਕਿਆਂ ਕਰੂ, ਚੰਗੀ ਜਿੰਦਗੀ ਬਤੀਤ ਹੋਊ। ਪਰ ਬਰਨਾਲਾ ਪੁਲਿਸ ਨੇ ਮੇਰੇ ਪਤੀ ਨੂੰ ਦੋ ਝੂਠੇ ਕੇਸਾਂ ਚ, ਫਸਾ ਕੇ ਮੇਰੇ ਸੁਪਨੇ ਚਕਨਾਚੂਰ ਕਰ ਦਿੱਤੇ , ਮੇਰਾ ਘਰ ,ਪਰਿਵਾਰ ਤੇ ਜਿੰਦਗੀ ਬਰਬਾਦ ਕਰ ਦਿੱਤੀ। ਹੁਣ ਮੈਂ ਚੁੱਪ ਕਰਕੇ ਘਰ ਨਹੀਂ ਬੈਠਾਂਗੀ। ਘਰੋਂ ਬਾਹਰ ਨਿੱਕਲ ਕੇ ਹਰ ਉਹ ਲੀਡਰ ਤੇ ਮੰਤਰੀਆਂ ਦਾ ਬੂਹਾ ਖੜਕਾਵਾਂਗੀ, ਜਿਹੜੇ ਕਦੇ ਸਟੇਜ਼ਾਂ ਤੋਂ ਮੇਰੀ ਦਲੇਰੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਸੀ। ਉਨਾਂ ਕਿਹਾ ਕਿ ਕੋਈ ਨਹੀ, ਹੁਣ ਵਖਤ ਪਿਆ ਹੈ, ਪਰਖਦੀ ਹਾਂ, ਉਹੀ ਲੀਡਰਾਂ ਨੂੰ , ਜਿਹੜੇ ਕਦੇ ਮੈਨੂੰ ਆਪਣੀ ਧੀ ਕਹਿਕੇ ਵਢਿਆਉਂਦੇ ਹੁੰਦੇ ਸਨ। ਬਰਿੰਦਰ ਕੌਰ ਨੇ ਵੱਖ ਲੀਡਰਾਂ ਨਾਲ ਮੰਚ ਸਾਂਝਾ ਕਰਦੀਆਂ ਆਪਣੇ ਯਾਦਗਾਰੀ ਪਲਾਂ ਦੀਆਂ ਫੋਟੋਆਂ ਵੀ ਬਰਨਾਲਾ ਟੂਡੇ ਦੀ ਟੀਮ ਨੂੰ ਦਿਖਾਈਆਂ।
ਮੈਂ ਬੋਲਦੀ ਤਾਂ ਕੈਪਟਨ, ਭੱਠਲ, ਮਹਾਰਾਣੀ, ਰਣਇੰਦਰ ਤੇ ਰਾਜਾ ਵੜਿੰਗ ਹੋਰੀਂ ਟਿਕਟਿਕੀ ਲਾ ਕੇ ਸੁਣਦੇ,,,
ਬਰਿੰਦਰ ਕੌਰ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਯਾਦਾਂ ਤਾਜਾ ਕਰਦਿਆਂ ਦੱਸਿਆ ਕਿ ਅਸੀਂ ਈਜੀਐਸ ਯੂਨੀਅਨ ਦੇ ਝੰਡੇ ਹੇਠ, ਪੱਕੀਆਂ ਨੌਕਰੀਆਂ ਲਈ ਸੰਘਰਸ਼ ਕਰਦੇ ਸੀ, ਮੈਂ ਮੂਹਰਲੀ ਕਤਾਰ ਚ, ਕੰਮ ਕਰਦੀ ਸੀ । ਉਦੋਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੰਸਦ ਪਤਨੀ ਹਰਸਿਮਰਤ ਕੌਰ ਦਾ ਰਾਜਸੀ ਪ੍ਰੋਗਰਾਮ ਸੀ, ਅੱਗੋਂ ਦੌਲਾ ਪਿੰਡ ਦਾ ਸਰਪੰਚ ਅੱਗੇ ਜਾਣ ਤੋਂ ਰੋਕਣ ਲੱਗਿਆ ਤਾਂ ਪੰਗਾ ਪੈ ਗਿਆ, ਉਸਨੇ ਮੇਰੇ ਥੱਪੜ ਮਾਰਿਆ ਤੇ ਮੈਂ ਵੀ ਗਲਾਵੇਂ ਹੱਥ ਪਾਉਣ ਤੋਂ ਨਹੀਂ ਝਿਜਕੀ । ਰੌਲਾ ਰੱਪਾ ਇੱਨਾਂ ਵਧਿਆ ਕਿ ਇਹ ਘਟਨਾ ਦੀ ਵੀਡੀਉ ਵਾਇਰਲ ਹੋ ਗਈ। ਨੈਸ਼ਨਲ ਚੈਨਲ ਐਨਡੀਟੀਵੀਤੇ ਆਜ਼ ਤੱਕ ਤੋਂ ਮੇਰੀਆਂ ਇੰਟਰਵਿਊਜ ਚੱਲੀਆਂ। ਪੰਜਾਬ ਚ, ਅਕਾਲੀਆਂ ਦੇ ਅੱਤਿਆਚਾਰ ਦੀ ਦਾਸਤਾਂ ਬਿਆਨ ਕਰਨ ਲਈ, ਕਾਂਗਰਸੀਆਂ ਨੇ ਚੋਣਾਂ ਸਮੇਂ ਮੈਨੂੰ ਸਾਥ ਦੇਣ ਲਈ ਬੁਲਾ ਲਿਆ। ਮੈਂ ਕਾਂਗਰਸ ਦੀ ਹਰ ਸਟੇਜ਼ ਤੋਂ ਅਕਾਲੀਆਂ ਦੀਆਂ ਜਿਆਦਤੀਆਂ ਦਾ ਕੱਚਾ ਚਿੱਠਾ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਵੱਡੀਆਂ ਰੈਲੀਆਂ ਚ, ਪਹੁੰਚ ਕੇ ਖੋਹਲਦੀ ਰਹੀ। ਹਾਲਤ ਇਹ ਸਨ ਕਿ ਕਾਂਗਰਸ ਦੇ ਵੱਡੇ ਲੀਡਰ ਹਰ ਸਟੇਜ ਤੇ ਮੈਨੂੰ ਆਪਣੇ ਨਾਲ ਬਿਠਾਉਂਦੇ ਤੇ ਬੋਲਣ ਦਾ ਮੌਕਾ ਦਿੰਦੇ। ਮੈਂ 2012 ਦੀਆਂ ਚੋਣਾਂ ਚ, ਕਾਂਗਰਸੀਆਂ ਦੀਆਂ ਰੈਲੀਆਂ ਚ, ਖਿੱਚ ਦਾ ਕੇਂਦਰ ਬਣ ਕੇ ਉਭਰੀ। ਪਰ ਕਬੀਲਦਾਰੀ ਦੇ ਬੋਝ ਨੇ ਪੈਰੀਂ ਬੇੜੀਆਂ ਪਾ ਕੇ ਘਰ ਰਹਿਣ ਨੂੰ ਮਜਬੂਰ ਕਰ ਦਿੱਤਾ। ਵਿਆਹ ਤੋਂ ਬਾਅਦ 2 ਬੱਚੇ ਪੈਦਾ ਹੋਏ, ਪਰ ਉਹਨਾਂ ਦੀ ਵੀ ਮੌਤ ਹੋ ਗਈ।
ਉਮੀਦ ਐ , ਕੈਪਟਨ ਸਾਬ੍ਹ ਤੇ ਹੋਰ ਲੀਡਰ ਮੈਨੂੰ ਇਨਸਾਫ ਜਰੂਰ ਦਿਵਾਉਣਗੇ,,
ਬਰਿੰਦਰ ਕੌਰ ਨੇ ਕਿਹਾ ਕਿ ਹੁਣ ਮੈਂਨੂੰ ਇੱਕ ਵਾਰ ਫਿਰ ਵਖਤ ਨੇ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿੱਕਲ ਕੇ ਅਪਣੇ ਪਤੀ ਦੀ ਬੇਗੁਨਾਹੀ ਅਤੇ ਬਰਨਾਲਾ ਪੁਲਿਸ ਦੀਆਂ ਜਿਆਦਤੀ ਦਾ ਕੱਚਾ ਚਿੱਠਾ ਖੋਹਲਣ ਨੂੰ ਮਜਬੂਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਸਲਾਹਕਾਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ,ਕੈਬਨਿਟ ਮੰਤਰੀ ਰਾਣਾ ਸੋਢੀ ਤੇ ਹੋਰ ਵੱਡੇ ਕਾਂਗਰਸੀ ਮੈਨੂੰ ਇਨਸਾਫ ਜਰੂਰ ਦੇਣਗੇ ਅਤੇ ਝੂਠੇ ਕੇਸ ਦਰਜ਼ ਕਰਨ ਚ, ਮੋਹਰੀ ਪੁਲਿਸ ਵਾਲਿਆਂ ਨੂੰ ਸਜ਼ਾ ਜਰੂਰ ਦੇਣਗੇ। ਉਨਾਂ ਕਿਹਾ ਕਿ ਮੇਰਾ ਪਤੀ ਹਰਪ੍ਰੀਤ ਬਿਲਕੁਲ ਨਿਰਦੋਸ਼ ਹੈ, ਪੁਲਿਸ ਉਸ ਨੂੰ ਪਰਿਵਾਰ ਦੀ ਹਾਜ਼ਰੀ ਚ, ਰਾਤ ਨੂੰ ਘਰੋਂ ਚੁੱਕ ਕੇ ਲੈ ਗਈ, ਦੂਜੇ ਦਿਨ ਹੋਰ ਇਲਾਕੇ ਚੋਂ ਵਰਨਾ ਕਾਰ ਚ, ਚਿੱਟਾ ਲੈ ਕੇ ਆਉਂਦਾ ਦਿਖਾ ਕੇ ਕੇਸ ਦਰਜ਼ ਕਰ ਦਿੱਤਾ। ਜਦੋਂ ਕਿ ਕਾਰ ਤਾਂ ਦੂਰ ਸਾਡੀ ਹੈਸੀਅਤ ਕਾਰ ਦਾ ਟਾਇਰ ਲੈਣ ਜੋਗੀ ਵੀ ਨਹੀਂ ਹੈ। ਇਸੇ ਤਰਾਂ ਪੁਲਿਸ ਨੇ ਮਹਿਲਕਲਾਂ ਦੇ ਰਹਿਣ ਵਾਲੇ ਗਗਨਦੀਪ ਰਾਂਝੇ ਦੀ ਮੌਤ ਦਾ ਦੋਸ਼ ਵੀ ਹੋਰਨਾਂ ਦੋਸ਼ੀਆਂ ਸਣੇ ਮੇਰੇ ਪਤੀ ਸਿਰ ਵੀ ਮੜ੍ਹ ਦਿੱਤਾ। ਉਨਾਂ ਕਿਹਾ ਕਿ ਮੇਰੀ ਮੰਗ ਹੈ ਕਿ ਬਰਨਾਲਾ ਜਿਲ੍ਹੇ ਦੀ ਪੁਲਿਸ ਵੱਲੋਂ ਦਰਜ ਕੇਸਾਂ ਦੀ ਜਾਂਚ ਐਸਟੀਐਫ ਤੋਂ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਿਆ ਜਾਵੇ। ਉਨਾਂ ਕਿਹਾ ਕਿ ਪੁਲਿਸ ਨੇ ਸਾਡੀ ਗਰੀਬੀ ਅਤੇ ਕੋਈ ਰੁਤਬਾ ਨਾ ਹੋਣ ਬਾਰੇ ਸੋਚ ਕੇ ਅਸਲੀ ਦੋਸ਼ੀਆਂ ਨੂੰ ਬਚਾਉਣ ਲਈ ਹੀ ਅਜਿਹਾ ਕੀਤਾ ਹੈ। ਪਰ ਮੈਂ ਹੁਣ ਲੜਾਂਗੀ ਸਾਥੀ, ਇਨਸਾਫ ਲੈਣ ਲਈ, ਜਦੋਂ ਤੱਕ ਲੜਨ ਦੀ ਲੋੜ ਬਾਕੀ ਹੈ।