Advertisement
ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨ ਦੇ ਵਿਰੁੱਧ 7 ਅਗਸਤ ਨੂੰ ਹੰਡਿਆਇਆ ਚ, ਹੋਊ ਰੋਸ ਪ੍ਰਦਰਸ਼ਨ
ਰਵੀ ਸੈਣ ਬਰਨਾਲਾ 4 ਅਗਸਤ 2020
ਆਪਣੇ ਮਾਲਕਾਂ ਦੁਆਰਾ ਪਿੱਛਲੇ ਮਹੀਨਿਆਂ ਦੀ ਤਨਖਾਹ ਨਾ ਦੇਣ ਅਤੇ ਤੰਗ ਪਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਕੁਝ ਦਿਨ ਪਹਿਲਾਂ ਆਤਮ ਹੱਤਿਆ ਕਰਨ ਵਾਲੇ ਪਿੰਡ ਹੰਡਿਆਇਆ ਦੇ ਨੌਜਵਾਨ ਜਸਵਿੰਦਰ ਮਿੱਠਾ ਦੀ ਮੌਤ ਲਈ ਨਾਮਜਦ ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨ ਦੇ ਵਿਰੁੱਧ 7 ਅਗਸਤ ਨੂੰ ਹੰਡਿਆਇਆ ਚ, ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਐਲਾਨ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਆਗੂ ਜੁਗਰਾਜ ਸਿੰਘ ਟੱਲੇਵਾਲ ਨੇ ਮੀਡੀਆ ਨੂੰ ਜਾਰੀ ਪ੍ਰੈਸ ਨੋਟ ਰਾਹੀ ਕੀਤਾ। ਉਨਾਂ ਦੱਸਿਆ ਕਿ ਘਟਨਾ ਵਾਲੇ ਦਿਨ ਵੀ ਪੁਲਿਸ ਦੁਆਰਾ ਪਰਚਾ ਦਰਜ ਕਰਨ ਵਿੱਚ ਢਿੱਲ ਮੱਠ ਦਿਖਾਉਣ ਤੇ ਹੰਡਿਆਇਆ ਵਾਸੀਆਂ,ਪਰਿਵਾਰਕ ਮੈਂਬਰਾਂ ਅਤੇ ਜਨਤਕ ਜਥੇਬੰਦੀਆਂ ਨੇ ਹੰਡਿਆਇਆ ਚੌਂਕੀ ਦਾ ਘਿਰਾਓ ਕੀਤਾ ਸੀ । ਘਿਰਾਓ ਉਪਰੰਤ ਹੀ ਪੁਲਿਸ ਨੇ ਇੰਡੀਆ ਟਿੰਬਰ (ਰਾਏਕੋਟ ਰੋਡ ਨੇੜੇ ਮਾਲਵਾ ਕਾਟਨ ਮਿੱਲ ) ਦੇ ਮਾਲਕਾਂ ਰਵਿੰਦਰ ਕੁਮਾਰ ਅਤੇ ਸਾਹਿਲ ਬਾਂਸਲ ਦੇ ਖਿਲਾਫ ਮਿੱਠਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਸੀ । ਪੁਲਿਸ ਨੇ ਭਰੋਸਾ ਦਿੱਤਾ ਸੀ ਕਿ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। ਪਰੰਤੂ ਹਾਲੇ ਤੱਕ ਵੀ ਪੁਲਿਸ ਦਾ ਜਵਾਬ ਇਹੋ ਹੈ ਕਿ ਆਤਮ ਹੱਤਿਆ ਵਾਲੇ ਦਿਨ ਤੋਂ ਹੀ ਇੰਡੀਆ ਟਿੰਬਰ ਦੇ ਮਾਲਕ ਫਰਾਰ ਹਨ। ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Advertisement
ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੁਆਰਾ ਲਗਾਤਾਰ ਦਿਖਾਈ ਜਾ ਰਹੀ ਟਾਲ ਮਟੋਲ ਦੀ ਨੀਤੀ ਤੋਂ ਦੁੱਖੀ ਹੋ ਕੇ ਪਰਿਵਾਰ ਅਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ 7 ਅਗਸਤ ਨੂੰ ਪਿੰਡ ਹੰਡਿਆਇਆ ਵਿੱਚ ਪਿੰਡ ਦੇ ਲੋਕਾਂ,ਪਰਿਵਾਰਕ ਮੈਂਬਰਾਂ ਅਤੇ ਮੁਲਾਜ਼ਮ ਡਿਫੈਂਸ ਕਮੇਟੀ ਬਰਨਾਲਾ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਵੱਲੋਂ ਸੰਕੇਤਕ ਰੋਸ ਪ੍ਰਦਰਸ਼ਨ ਅਤੇ ਮੁਜਾਹਰਾ ਕਰਕੇ ਪੁਲਿਸ ਪ੍ਰਸ਼ਾਸ਼ਨ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਜਾਵੇਗੀ । ਮੁਲਾਜ਼ਮ ਡਿਫੈਂਸ ਕਮੇਟੀ ਦੀ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਰੋਸ ਪ੍ਰਦਰਸ਼ਨ ਦਾ ਸੁਨੇਹਾ ਲੋਕਾਂ ਤਕ ਪਹੁੰਚਾਉਣ ਲਈ ਪਿੰਡ ਵਿੱਚ ਮੀਟਿੰਗ ਕਰਕੇ ਲਾਮਬੰਦੀ ਕੀਤੀ ਜਾਵੇਗੀ। ਮੀਟਿੰਗ ਵਿੱਚ ਮੁਲਾਜ਼ਮ ਡਿਫੈਂਸ ਕਮੇਟੀ ਦੇ ਆਗੂ ਜੁਗਰਾਜ ਸਿੰਘ ਟੱਲੇਵਾਲ,ਅਨਿਲ ਕੁਮਾਰ,ਬਲਵੰਤ ਸਿੰਘ ਭੁੱਲਰ,ਤਰਸੇਮ ਸਿੰਘ ਭੱਠਲ,ਗੁਰਮੀਤ ਸੁਖਪੁਰ,ਗੁਰਚਰਨ ਮਾਛੀਕੇ,ਰਾਜੀਵ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਪਿੰਡ ਹੰਡਿਆਇਆ ਦੇ ਨੁਮਾਇੰਦੇ ਜਰਮਨਜੀਤ ਸਿੰਘ ਨਗਰ ਕੌਂਸਲਰ, ਮੰਹਿਦਰਪਾਲ ਸਾਬਕਾ ਨਗਰ ਕੌਂਸਲਰ, ਗੁਰਦੀਪ ਸਿੰਘ ਨੰਬਰਦਾਰ,ਗੁਰਸੇਵਕ ਸਿੰਘ ਸਰਪੰਚ ਕੋਠੇ ਸਰਾਂ, ਭੋਲਾ ਸਿੰਘ ਸਾਬਕਾ ਸਰਪੰਚ ਕੋਠੇ ਸਰਾਂ, ਗੁਰਚਰਨ ਸਿੰਘ ਸੀਨੀਅਰ ਕਾਂਗਰਸੀ ਆਗੂ, ਜਨਕ ਰਾਜ ਸਾਬਕਾ ਕੌਂਸਲਰ ,ਮਨਸਾ ਰਾਮ ਪ੍ਧਾਨ ਬ੍ਰਾਹਮਣ ਸਭਾ ਹੰਡਿਆਇਆ ਨੇ ਵੀ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਸਵਿੰਦਰ ਮਿੱਠਾ ਦੀ ਆਤਮਹੱਤਿਆ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਜੇ ਪ੍ਰਸ਼ਾਸ਼ਨ ਪਰਿਵਾਰ ਨੂੰ ਬਣਦਾ ਇਨਸਾਫ਼ ਦੇਣ ਵਿੱਚ ਟਾਲ ਮਟੋਲ ਦੀ ਨੀਤੀ ਅਪਣਾਵੇਗਾ ਤਾਂ ਨਗਰ ਹੰਡਿਆਇਆ ਦੇ ਸਮੂਹ ਲੋਕ ਆਉਣ ਵਾਲੇ ਸਮੇਂ ਵਿੱਚ ਜਥੇਬੰਦੀਆਂ ਦੀ ਮੱਦਦ ਨਾਲ ਵੱਡੇ ਪੱਧਰ ਤੇ ਸੰਘਰਸ਼ ਵਿੱਢਣ ਦੀ ਤਿਆਰੀ ਕਰਨਗੇ।
Advertisement
Advertisement
Advertisement
Advertisement
Advertisement