ਰਘਵੀਰ ਹੈਪੀ, ਬਰਨਾਲਾ 28 ਮਾਰਚ 2025
ਬਰਨਾਲਾ-ਮਾਨਸਾ ਮੁੱਖ ਸੜਕ ਤੇ ਸਥਿਤ ਟ੍ਰਾਈਡੈਂਟ ਫੈਕਟਰੀ ਧੌਲਾ ਨੇੜੇ ਪੁਲਿਸ ਦੇ ਨਾਕੇ ਤੇ ਅੱਜ ਤੜਕਸਾਰ ਬਦਮਾਸ਼ਾਂ ਨੇ ਫਾਈਰਿੰਗ ਕਰ ਦਿੱਤੀ। ਪੁਲਿਸ ਪਾਰਟੀ ਨੇ ਵੀ ਫਾਈਰਿੰਗ ਦਾ ਜੁਆਬ ਫਾਈਰਿੰਗ ਨਾਲ ਹੀ ਦਿੱਤਾ। ਦੁਵੱਲੀ ਫਾਈਰਿੰਗ ਤੋਂ ਬਾਅਦ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਗਿਰਫਤਾਰ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਮੁਹੰਮਦ ਸਰਫਰਾਜ ਆਲਮ ,ਡੀਐਸਪੀ ਡੀ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਹੋਰ ਅਧਿਕਾਰੀਆਂ ਦੀ ਟੀਮ ਵੀ ਮੌਕਾ ਪਰ ਪਹੁੰਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਟ੍ਰਾਈਡੈਂਟ ਫੈਕਟਰੀ ਧੌਲਾ ਤੋਂ ਥੋੜ੍ਹਾ ਅੱਗੇ ਪੁਲ ਸੂਆ ਤੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਣ ਲਈ ਨਾਕਾ ਲਾਇਆ ਹੋਇਆ ਸੀ। ਵਖਤ ਕਰੀਬ ਸਵਾ 6 ਵਜੇ ਪੁਲਿਸ ਪਾਰਟੀ ਨੇ ਮਾਨਸਾ ਦੀ ਤਰਫ ਤੋਂ ਆ ਰਹੀ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਕਾਰ ਸਵਾਰ ਦੋ ਬਦਮਾਸ਼ਾਂ ਨੇ ਪੁਲਿਸ ਪਾਰਟੀ ਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਫਾਈਰਿੰਗ ਕਰ ਦਿੱਤੀ। ਪੁਲਿਸ ਪਾਰਟੀ ਨੇ ਵੀ ਪੁਜੀਸ਼ਨ ਲੈਂਦਿਆਂ ਫਾਈਰਿੰਗ ਦਾ ਜੁਆਬ ਦਿੱਤਾ। ਜਦੋਂ ਬਦਮਾਸ਼ਾਂ ਨੇ ਕਾਰ ਵਿੱਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਦੋਸ਼ੀਆਂ ਦਾ ਪਿੱਛਾ ਕਰਕੇ, ਉਨਾਂ ਨੂੰ ਕਾਬੂ ਕਰ ਲਿਆ। ਬਦਮਾਸ਼ਾਂ ਦੇ ਕਬਜੇ ਵਿੱਚੋਂ ਯੂ.ਕੇ. ਦਾ ਬਣਿਆ ਗਲੌਕ ਪਿਸਟਲ ਅਤੇ ਇੱਕ ਹੋਰ 32 ਬੋਰ ਦਾ ਦੇਸੀ ਪਿਸਤੌਲ ਬਰਾਮਦ, ਕਾਰਤੂਸ ਅਤੇ ਕਾਰ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਦਾ ਭਰਿਆ ਇੱਕ ਬੈਗ ਵੀ ਬਰਾਮਦ ਕੀਤਾ ਗਿਆ ਹੈ।
ਪੁਲਿਸ ਪਾਰਟੀ ਤੇ ਫਾਈਰਿੰਗ ਕਰਨ ਵਾਲੇ ਦੋਵੇਂ ਬਦਮਾਸ਼ ਬਰਨਾਲਾ ਦੇ ਹੀ ਰਹਿਣ ਵਾਲੇ ਹਨ, ਉਨਾਂ ਦੀ ਪਹਿਚਾਣ ਵੀਰਭੱਦਰ @ ਕਾਲੂ ਅਤੇ ਕੇਵਲ ਸਿੰਘ ਵਜੋਂ ਹੋਈ ਹੈ। ਪੁਲਿਸ ਮੁਕਾਬਲੇ ਵਿੱਚ ਵੀਰਭੱਦਰ ਕਾਲੂ ਦੇ ਪੈਰ ਵਿੱਚ ਗੋਲੀ ਲੱਗੀ,ਜਿਸ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ,ਜਦੋਂਕਿ ਦੂਜੇ ਨੂੰ ਗਿਰਫਤਾਰ ਕਰਕੇ,ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਆਲਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀਰਭੱਦਰ ਉਰਫ ਕਾਲੂ ਦੇ ਖਿਲਾਫ ਐਨਡੀਪੀਐਸ ਅਤੇ ਇਰਾਦਾ ਕਤਲ ਆਦਿ ਦੇ ਜੁਰਮਾਂ ਤਹਿਤ ਕਰੀਬ 11 ਪਰਚੇ ਪਹਿਲਾਂ ਵੀ ਦਰਜ਼ ਹਨ। ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਪਤਾ ਲਾਇਆ ਜਾਵੇਗਾ ਕਿ ਉਹ ਇਲਾਕੇ ਵਿੱਚ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਜਾਂ ਫਿਰ ਕਿਸੇ ਹੋਰ ਥਾਂ ਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇ ਕੇ ਆਏ ਸਨ।