ਸ਼ਰਾਬ ਠੇਕੇਦਾਰ ਤੇ ਕਾਰਿੰਦਿਆਂ ਨੂੰ ਮਹਿੰਗੀ ਪਈ ਸਮੱਗਲਰ ਦੀ ਕੁੱਟਮਾਰ , 9 ਜਣਿਆਂ ਖਿਲਾਫ ਕੇਸ ਦਰਜ਼ ,
ਸਮੱਗਲਰ ਦੀ ਕਾਰ ਚੋਂ ਬਰਾਮਦ , ਸ਼ਰਾਬ ਥਾਣੇ ਲਿਜਾਂਦਿਆਂ ਰਾਹ ਚ, ਹੀ ਘਟ ਗਈਆਂ 12 ਬੋਤਲਾਂ !
ਹਰਿੰਦਰ ਨਿੱਕਾ ਬਰਨਾਲਾ 3 ਅਗਸਤ 2020
ਬਰਨਾਲਾ ਵਿੱਚੋਂ ਲੰਘਦੇ ਮੋਗਾ-ਅਮ੍ਰਿਤਸਰ ਬਾਈਪਾਸ ਤੇ ਸ਼ਰਾਬ ਠੇਕੇਦਾਰ ਤੇ ਉਨਾਂ ਦੇ ਕਾਰਿੰਦਿਆਂ ਵੱਲੋਂ ਬਰਨਾਲਾ-ਬਠਿੰਡਾ ਰੇਲਵੇ ਲਾਈਨ ਉਪਰਲੇ ਪੁਲ ਤੇ ਸ਼ਰਾਬ ਸਮੱਗਲਰ ਨੂੰ ਘੇਰ ਕੇ ਸ਼ਰੇਆਮ ਲੋਕਾਂ ਦੀ ਹਾਜਰੀ ਚ, ਹੋਈ ਗੁੰਡਾਗਰਦੀ ਤੇ ਪਰਦਾ ਪਾਉਣ ਲਈ ਆਬਕਾਰੀ ਵਿਭਾਗ ਦਾ ਇੰਸਪੈਕਟਰ ਗੌਰਵ ਜਿੰਦਲ ਗੁੰਡਾਗਰਦੀ ਕਰਨ ਵਾਲਿਆਂ ਨੂੰ ਬਚਾਉਣ ਲਈ ਉਨਾਂ ਦੀ ਧਿਰ ਬਣ ਗਿਆ ਹੈ। ਇੰਸਪੈਕਟਰ ਨੇ ਸਮੱਗਲਰ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ ਨੂੰ ਹਾਦਸਾ ਕਹਿ ਕੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਦੀ ਇਹ ਕੋਸ਼ਿਸ਼ ਗੁੰਡਾਗਰਦੀ ਕਰਨ ਵਾਲਿਆਂ ਨੂੰ ਪੁਲਿਸ ਕੇਸ ਤੋਂ ਬਚਾਅ ਨਹੀਂ ਸਕੀ। ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਬਣੇ ਅਨਿਲ ਕੁਮਾਰ ਦੀ ਸ਼ਕਾਇਤ ਤੇ ਗੁੰਡਾਗਰਦੀ ਕਰਨ ਵਾਲੇ 9 ਜਣਿਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ। ਦੂਜੇ ਪਾਸੇ ਸਰਕਲ ਬਰਨਾਲਾ ਦੇ ਆਬਕਾਰੀ ਇੰਸਪੈਕਟਰ ਗੌਰਵ ਜਿੰਦਲ ਦੇ ਬਿਆਨਾਂ ਤੇ ਵੀ ਪੁਲਿਸ ਨੇ ਸ਼ਰਾਬ ਸਮੱਗਲਰ ਅਨਿਲ ਕੁਮਾਰ ਢੋਹਾਣਾ ਦੇ ਖਿਲਾਫ ਨਜਾਇਜ ਸ਼ਰਾਬ ਦਾ ਕੇਸ ਦਰਜ਼ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਕੇਸ ਕਰਾਸ ਕੇਸ ਨਹੀਂ, ਬਲਿਕ ਇੱਕੋਂ ਸਮੇਂ ਤੇ ਹੋਈਆਂ 2 ਵੱਖ ਵੱਖ ਘਟਨਾਵਾਂ ਦੇ 2 ਵੱਖ ਵੱਖ ਕੇਸ ਦਰਜ਼ ਕੀਤੇ ਗਏ ਹਨ। ਇਹ ਉਹ ਖੇਤ ਹਨ, ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਸਮੇਂ ਸ਼ਰਾਬ ਠੇਕੇਦਾਰ ਤੇ ਉਨਾਂ ਦੇ ਕਾਰਿੰਦਿਆਂ ਦੀਆਂ ਗੱਡੀਆਂ ਖੁੱਬ ਗਈਆਂ ਸਨ। ਵਰਨਣਯੋਗ ਹੈ ਕਿ ਇਸੇ ਹੀ ਥਾਂ ਤੇ ਲੋਕਾਂ ਨੇ ਕੁੱਟਮਾਰ ਕਰਨ ਵਾਲਿਆਂ ਨੂੰ ਅਜਿਹਾ ਕਰਨ ਤੋਂ ਮੂਹਰੇ ਹੋ ਕੇ ਰੋਕਿਆ ਸੀ। ਮੌਕੇ ਤੇ ਮੌਜੂਦ ਕੁਝ ਨੌਜਵਾਨਾਂ ਨੇ ਘਟਨਾ ਦੀ ਵੀਡੀਉ ਵੀ ਬਣਾਈ ਹੋਈ ਹੈ।
ਘੇਰ ਕੇ ਕੁੱਟਿਆ, ਦਿੱਤੀਆਂ ਜਾਨ ਮਾਰਨ ਦੀਆਂ ਧਮਕੀਆਂ
ਪੁਲਿਸ ਨੂੰ ਦਿੱਤੇ ਬਿਆਨ ਚ, ਅਨਿਲ ਕੁਮਾਰ ਨਿਵਾਸੀ ਬਾਲੀਆ ਵਾਲਾ, ਥਾਣਾ ਸਦਰ ,ਜਿਲ੍ਹਾ ਫਤਿਆਬਾਦ ਹਰਿਆਣਾ ਨੇ ਕਿਹਾ ਕਿ ਉਹ ਆਪਣੀ ਗੱਡੀ ਨੰਬਰ ਯੂਪੀ 14 ਐਚਟੀ-2317 ਤੇ ਹਰਿਆਣਾ ਤੋਂ ਬਰਨਾਲਾ ਆ ਰਿਹਾ ਸੀ। ਤਾਂ ਸ਼ਰਾਬ ਠੇਕੇਦਾਰ ਦੇ ਕਾਰਿੰਦਿਆਂ ਗੁਰਪ੍ਰੀਤ ਸਿੰਘ ਵਾਸੀ ਤਪਾ, ਲਖਵਿੰਦਰ ਸਿੰਘ ਰਾਮਪੁਰ, ਜਿਲ੍ਹਾ ਮਾਨਸਾ ਅਤੇ 5 / 7 ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲ ਤੇ ਘੇਰ ਕੇ ਦੋਸ਼ੀਆਂ ਨੇ ਉਸ ਦੀ ਮਾਰਕੁੱਟ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਗਸੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਨਿਲ ਕੁਮਾਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਅਧੀਨ ਜੁਰਮ 323/341/506 /148/ 149 ਆਈਪੀਸੀ ਤਹਿਤ ਥਾਣਾ ਸਿਟੀ 2 ਬਰਨਾਲਾ ਚ, ਨਾਮਜ਼ਦ ਦੋਸ਼ੀ ਗੁਰਪ੍ਰੀਤ ਸਿੰਘ ਤੇ ਲਖਵਿੰਦਰ ਸਣੇ ਬਾਕੀ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅਨਿਲ ਕੁਮਾਰ ਦੀ ਸ਼ਨਾਖਤ ਅਤੇ ਤਫਤੀਸ਼ ਦੌਰਾਨ ਅਣਪਛਾਤਿਆਂ ਦੀ ਪਛਾਣ ਕਰ ਲਈ ਜਾਵੇਗੀ। ਜਲਦ ਹੀ ਦੋਸ਼ੀਆਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।
ਅਨਿਲ ਕੁਮਾਰ ਦੀ ਗੱਡੀ ਚੋਂ, 39 ਡਿੱਬੇ ਸ਼ਰਾਬ ਬਰਾਮਦ
ਆਬਕਾਰੀ ਵਿਭਾਗ ਸਰਕਲ ਬਰਨਾਲਾ ਦੇ ਇੰਸਪੈਕਟਰ ਗੌਰਵ ਜਿੰਦਲ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਇਤਲਾਹ ਮਿਲਣ ਤੇ ਬਾਹੱਦ ਬਰਨਾਲਾ ਨਾਕਾਬੰਦੀ ਦੌਰਾਨ ਇੱਕ ਗੱਡੀ ਨੰਬਰ ਯੂ ਪੀ 14 ਐਚਟੀ-2317 ਹੌਂਡਾ ਇਮੇਜ ਨੂੰ ਨਾਕੇ ਦੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪਰ ਡਰਾਈਵਰ ਨੇ ਗੱਡੀ ਨਹੀਂ ਰੋਕੀ, ਗੱਡੀ ਦਾ ਪਿੱਛਾ ਕਰਕੇ ਰੋਕਿਆ ਗਿਆ। ਜਿਸ ਨੇ ਗੱਡੀ ਛੱਡ ਕੇ ਭੱਜਣ ਦੀ ਕੋਸ਼ਿਸ਼ ,ਚ ਉਹ ਡਿੱਗ ਪਿਆ। ਜਿਸ ਨੂੰ ਜਖਮੀ ਹਾਲਤ ਚ, ਹਸਪਤਾਲ ਬਰਨਾਲਾ ਦਾਖਿਲ ਕਰਵਾਇਆ ਗਿਆ। ਗੱਡੀ ਦੀ ਤਲਾਸ਼ੀ ਲੈਣ ਤੇ 39 ਡਿੱਬੇ ਠੇਕਾ ਸ਼ਰਾਬ ਦੇਸੀ, ਮਾਰਕਾ ਮਸਤੀ ਮਾਲਟਾ ਬਰਾਮਦ ਕੀਤੀ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਅਨਿਲ ਕੁਮਾਰ ਦੇ ਖਿਲਾਫ ਆਬਕਾਰੀ ਐਕਟ ਦੇ ਤਹਿਤ ਥਾਣਾ ਸਿਟੀ 2 ਬਰਨਾਲਾ ਦਰਜ਼ ਕੀਤਾ ਗਿਆ ਹੈ।
ਕਿੱਥੇ ਗੁੰਮ ਹੋਈਆਂ 12 ਬੋਤਲਾਂ ਸ਼ਰਾਬ ਦੀਆਂ,,
ਸਿਵਲ ਹਸਪਤਾਲ ਬਰਨਾਲਾ ਚ, ਭਰਤੀ ਅਨਿਲ ਕੁਮਾਰ ਨੇ ਮੀਡੀਆ ਸਾਹਮਣੇ ਮੰਨਿਆ ਸੀ ਕਿ ਉਸਦੀ ਗੱਡੀ ਚ, ਸ਼ਰਾਬ ਦੇ 40 ਡਿੱਬੇ ਰੱਖੇ ਹੋਏ ਸੀ। ਪਰੰਤੂ ਇੰਸਪੈਕਟਰ ਗੌਰਵ ਜਿੰਦਲ ਨੇ ਗੱਡੀ ਚੋਂ 39 ਡਿੱਬੇ ਸ਼ਰਾਬ ਬਰਾਮਦ ਹੋਣ ਦਾ ਕੇਸ ਦਰਜ਼ ਕਰਵਾਇਆ ਹੈ। ਆਖਿਰ 12 ਬੋਤਲਾਂ ਸ਼ਰਾਬ ਰਾਹ ਵਿੱਚ ਹੀ ਕਿੱਥੇ ਗਾਇਬ ਹੋ ਗਈਆਂ। ਇਹ ਗੱਲ ਵੀ ਆਬਕਾਰੀ ਵਿਭਾਗ ਦੀ ਕਾਰਜ਼ਪ੍ਰਣਾਲੀ ਤੇ ਸਵਾਲ ਖੜਾ ਕਰਦੀ ਹੈ।
ਠੇਕੇਦਾਰਾਂ ਦੇ ਬਚਾਅ ਚ, ਆਇਆ ਆਬਕਾਰੀ ਵਿਭਾਗ ?
ਮੋਗਾ-ਅਮ੍ਰਿਤਸਰ ਬਾਈਪਾਸ ਤੇ ਵਾਪਰੀ ਉਕਤ ਘਟਨਾ ਮੌਕੇ ਸ਼ਰਾਬ ਠੇਕੇਦਾਰ ਤੇ ਕਾਰਿੰਦਿਆਂ ਦੀ ਕੁੱਟਮਾਰ ਦਾ ਸ਼ਿਕਾਰ ਬਣੇ ਅਨਿਲ ਕੁਮਾਰ ਅਨੁਸਾਰ ਉਸ ਨੂੰ ਘੇਰਨ ਤੇ ਮਾਰਕੁੱਟ ਸਮੇਂ ਨਾ ਕੋਈ ਪੁਲਿਸ ਅਤੇ ਨਾ ਕੋਈ ਆਬਕਾਰੀ ਵਿਭਾਗ ਦਾ ਕਰਮਚਾਰੀ ਮੌਜੂਦ ਸੀ। ਇਸ ਤਰਾਂ ਆਬਕਾਰੀ ਇੰਸਪੈਕਟਰ ਗੌਰਵ ਜਿੰਦਲ ਨੇ ਕਿੱਥੇ ਨਾਕਾ ਲਾਇਆ ਹੋਇਆ ਸੀ। ਉਹ ਅਨਿਲ ਕੁਮਾਰ ਦੇ ਭੱਜਣ ਸਮੇਂ ਡਿੱਗ ਕੇ ਜਖਮੀ ਹੋਣ ਦਾ ਗਵਾਹ ਵੀ ਬਣ ਗਿਆ ਹੈ। ਇੰਸਪੈਕਟਰ ਦੀ ਸ਼ਰਾਬ ਠੇਕੇਦਾਰਾਂ ਦਾ ਡਿਫੈਂਸ ਤਿਆਰ ਕਰਨ ਦੀ ਇਸ ਕਾਰਵਾਈ ਤੋਂ ਸਪੱਸ਼ਟ ਹੁੰਦਾ ਹੈ ਕਿ ਅਨਿਲ ਕੁਮਾਰ ਦੀ ਮਾਰਕੁੱਟ ਕਰਨ ਮੌਕੇ ਗੌਰਵ ਜਿੰਦਲ ਵੀ ਸ਼ਾਮਿਲ ਸੀ। ਉੱਧਰ ਅਨਿਲ ਕੁਮਾਰ ਨੇ ਪੁਲਿਸ ਨੂੰ ਗੁਹਾਰ ਲਗਾਈ ਕਿ ਇੰਸਪੈਕਟਰ ਗੌਰਵ ਜਿੰਦਲ ਦੇ ਮੋਬਾਇਲ ਤੇ ਹੋਰ ਵਿਅਕਤੀਆਂ ਦੀ ਲੋਕੇਸ਼ਨ ਚੈਕ ਕਰਕੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾਵੇ ਅਤੇ ਘਟਨਾ ਦਾ ਸੱਚ ਸਾਹਮਣੇ ਲਿਆਂਦਾ ਜਾਵੇ। ਇੰਸਪੈਕਟਰ ਗੌਰਵ ਜਿੰਦਲ ਦਾ ਪੱਖ ਜਾਣਨ ਲਈ ਫੋਨ ਕੀਤਾ, ਪਰ ਉਨਾਂ ਫੋਨ ਰਿਸੀਵ ਹੀ ਨਹੀਂ ਕੀਤਾ।