ਨਸ਼ਿਆਂ ਖਿਲਾਫ ਵਿੱਢੀ ਪੁਲਿਸ ਦੀ ਮੁਹਿੰਮ ਤੇ ਕਿੰਤੂ ਪਰੰਤੂ ਸ਼ੁਰੂ , ਸਵਾਲਾਂ ਚ, ਘਿਰ ਗਈ 3 ਦੋਸ਼ੀਆਂ ਦੀ ਗਿਰਫਤਾਰੀ , ਪਰਿਵਾਰਾਂ ਨੇ ਧੱਕੇਸ਼ਾਹੀ ਵਿਰੁੱਧ ਖੋਲ੍ਹਿਆ ਮੋਰਚਾ
ਐਸ.ਟੀ.ਐਫ. ਮੁਖੀ ਸਿੱਧੂ ਤੋਂ ਜਾਂਚ ਕਰਵਾਉਣ ਦੀ ਉੱਠਣ ਲੱਗੀ ਮੰਗ , ਤਾਂਕਿ ਸੱਚ ਆਵੇ ਸਾਹਮਣੇ,,,
ਹਰਿੰਦਰ ਨਿੱਕਾ ਬਰਨਾਲਾ 3 ਅਗਸਤ 2020
ਕੋਈ ਇੱਕ ਨਹੀਂ, 2 ਨਹੀਂ ,3 ਨਹੀਂ ਬਲਕਿ ਪੂਰੇ 5 ਕੇਸਾਂ ਚ, ਬਰਨਾਲਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਗਿਰਫਤਾਰ ਕਰ ਕੇ ਉਨਾਂ ਨੂੰ ਨਸ਼ਿਆਂ ਦੇ ਵੱਖ ਵੱਖ ਕੇਸਾਂ ਚ, ਨਾਮਜਦ ਕਰਨ ਦੇ ਤੌਰ ਤਰੀਕਿਆਂ ਤੇ ਹੁਣ ਕਿੰਤੂ ਪਰੰਤੂ ਸ਼ੁਰੂ ਹੋ ਗਿਆ ਹੈ। ਨਾਮਜ਼ਦ ਦੋਸ਼ੀਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਹੁਣ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪੁਲਿਸ ਦੇ ਕਥਿਤ ਝੂਠੇ ਕੇਸਾਂ ਦੀ ਗੂੰਜ ਘਰਾਂ ਅਤੇ ਪਿੰਡਾਂ ਦੀਆਂ ਸੱਥਾਂ ਤੋਂ ਬਾਹਰ ਨਿੱਕਲ ਕੇ ਮੀਡੀਆ ਰਾਂਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੱਕ ਵੀ ਪਹੁੰਚ ਚੁੱਕੀ ਹੈ। ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਦੇ ਕੇਸ ਦੀ ਪੜਤਾਲ ਬਿੱਟੂ ਦੀ ਪਤਨੀ ਸੁਖਪਾਲ ਕੌਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਚ, ਦਾਇਰ ਰਿਟ ਤੋਂ ਬਾਅਦ ਬਰਨਾਲਾ ਪੁਲਿਸ ਤੋਂ ਬਦਲ ਕੇ ਸੰਗਰੂਰ ਦੇ ਸੰਗਰੂਰ ਦੇ ਐਸਪੀ ਗੁਰਮੀਤ ਸਿੰਘ ਸਿੱਧੂ ਨੂੰ ਦਿੱਤੀ ਗਈ ਹੈ। ਜਦੋਂ ਕਿ ਮਹਿਲ ਕਲਾਂ ਦੇ ਹੀ ਹਰਪ੍ਰੀਤ ਸਿੰਘ ਦੀ ਪਤਨੀ ਬਰਿੰਦਰਪਾਲ ਕੌਰ ਦੀ ਸ਼ਿਕਾਇਤ ਦੀ ਜਾਂਚ ਏ.ਡੀ.ਜੀ.ਪੀ ਗੁਰਪ੍ਰੀਤ ਕੌਰ ਦਿਉ ਦੇ ਦਖਲ ਤੋਂ ਬਾਅਦ ਏ.ਸੀ.ਪੀ ਮਹਿਲ ਕਲਾਂ ਪ੍ਰੱਗਿਆ ਜੈਨ ਆਈ.ਪੀ.ਐਸ. ਕੋਲ ਚੱਲ ਰਹੀ ਹੈ। ਤਾਜ਼ਾ ਮਾਮਲਾ ਜਿਲ੍ਹੇ ਦੇ ਪਿੰਡ ਮੂੰਮ ਤੋਂ ਸੀਆਈਏ ਸਟਾਫ ੳਲੋਂ ਫੜ੍ਹੇ ਰਣਜੀਤ ਸਿੰਘ ਦਾ ਸ਼ੋਸ਼ਲ ਮੀਡੀਆ ਤੇ ,ਆਹ ਦੇਖ ਲਉ ਕੈਪਟਨ ਸਾਹਿਬ ਥੋਡੀ ਪੁਲਿਸ ਦਾ ਹਾਲ, ਸਿਰਲੇਖ ਤਹਿਤ ਛਾਇਆ ਹੋਇਆ ਹੈ। ਆਖਿਰ ਉਪਰੋਥਲੀ ਇੱਕ ਤੋਂ ਬਾਅਦ ਇੱਕ ਇੱਕ ਕਰਕੇ ਸਾਹਮਣੇ ਆ ਰਹੀਆਂ ਇੱਨਾਂ ਗਿਰਫਤਾਰੀਆਂ ਅਤੇ ਕੇਸਾਂ ਦੀ ਹਕੀਕਤ ਕੀ ਹੈ।
ਲੋਕ ਮਨਾਂ ਚ, ਘੁੰਮ ਰਹੇ ਸੁਆਲ ?
–ਕੀ ਸੱਚਮੁੱਚ ਹੀ ਬਰਨਾਲਾ ਪੁਲਿਸ , ਆਲ੍ਹਾ ਅਧਿਕਾਰੀਆਂ ਤੋਂ ਸ਼ਾਬਾਸ਼ੀ ਲੈਣ ਅਤੇ ਲੋਕਾਂ ਚ, ਵਾਹਵਾ ਖੱਟਣ ਲਈ ਅਜਿਹਾ ਘਿਣਾਉਣਾ ਖੇਡ ਖੇਡ ਰਹੀ ਹੈ ?
-ਕੀ ਦੋਸ਼ੀਆਂ ਦੇ ਪਰਿਵਾਰ ਜਾਂ ਲੋਕਾਂ ਵੱਲੋਂ ਨਾਮਜ਼ਦ ਦੋਸ਼ੀਆਂ ਨੂੰ ਘਰੋਂ ਫੜ੍ਹ ਕੇ ਲਿਜਾਣ ਦੀਆਂ ਸਾਹਮਣੇ ਆ ਰਹੀਆਂ ਗੱਲਾਂ ਸੱਚ ਹਨ ?
-ਕੀ ਪੁਲਿਸ ਦੇ ਅਧਿਕਾਰੀ ਇੱਨਾਂ ਕੇਸਾਂ ਨੂੰ ਗੰਭੀਰਤਾ ਨਾਲ ਲੈ ਕੇ ਕੋਈ ਉੱਚ ਪੱਧਰੀ ਜਾਂਚ ਕਰਵਾਉਣਗੇ ?
-ਆਖਿਰ ਪੁਲਿਸ ਦੀ ਕੋਈ ਜਵਾਬਦੇਹੀ ਵੀ ਨਿਸਚਿਤ ਹੈ ?
ਕੇਸ ਹਿਸਟਰੀ -1
ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਬਿੱਟੂ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ 10 ਮਾਰਚ 2020 ਨੂੰ ਸੀਆਈਏ ਸਟਾਫ਼ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਦੁਆਰਾ ਉਨ੍ਹਾਂ ਦੇ ਘਰ ਰੇਡ ਕੀਤੀ ਗਈ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਬਿੱਟੂ ਤੇ ਉਸ ਦੇ ਪੰਜ ਸਾਥੀਆਂ ਵਿਰੁੱਧ ਪੁਲਿਸ ਨੇ 307 ਆਈਪੀਸੀ ਤੇ 25 ਆਰਮਜ਼ ਐਕਟ ਅਤੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ ਤਹਿਤ 2 ਵੱਖ ਵੱਖ ਕੇਸ ਦਰਜ ਕੀਤੇ ਗਏ। ਹਾਈਕੋਰਟ ਚ, ਇਨਸਾਫ ਲੈਣ ਪਹੁੰਚੀ ਸੁਖਪਾਲ ਕੌਰ ਦਾ ਦੋਸ਼ ਹੈ ਕਿ ਸੀਆਈਏ ਸਟਾਫ ਦੀ ਪੁਲਿਸ ਨੇ ਬਿੱਟੂ ਉੱਪਰ 290 ਗ੍ਰਾਮ ਨਸ਼ੀਲਾ ਪਾਊਡਰ ਅਤੇ 2 ਪਿਸਤੌਲ ਬਿਲਕੁਲ ਝੂਠੇ ਪਾ ਦਿੱਤੇ ਗਏ। ਜਦੋਂ ਕਿ ਪੁਲਿਸ ਉਸ ਨੂੰ ਮੇਰੀ ਹਾਜਿਰੀ ਚ, ਜਦੋਂ ਘਰੋਂ ਫੜ੍ਹ ਕੇ ਲੈ ਕੇ ਗਈ ਸੀ ਤਾਂ ਉਦੋਂ ਅਜਿਹਾ ਕੁਝ ਵੀ ਬਰਾਮਦ ਨਹੀਂ ਹੋਇਆ ਸੀ । ਹਾਈਕੋਰਟ ਦੇ ਦਖਲ ਤੋਂ ਬਾਅਦ ਹੁਣ ਬਿੱਟੂ ਖਿਲਾਫ ਦਰਜ਼ ਕੇਸ ਦੀ ਪੜਤਾਲ ਸੰਗਰੂਰ ਦੇ ਐਸਪੀ ਨੂੰ ਸੌਂਪੀ ਗਈ ਹੈ। ਬਿੱਟੂ ਦੇ ਹੱਕ ਚ, ਮਹਿਲ ਕਲਾਂ ਇਲਾਕੇ ਦੇ ਕਈ ਸਰਪੰਚ, ਪੰਚ, ਬਲਾਕ ਸੰਮਤੀ ਦੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਜਾਂਚ ਅਧਿਕਾਰੀ ਕੋਲ ਭੁਗਤ ਚੁੱਕੇ ਹਨ। ਕੇਸ ਦਾ ਸੱਚ ਕੀ ਹੈ, ਇਹ ਤਾਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਕੇਸ ਹਿਸਟਰੀ -2
ਮਹਿਲ ਕਲਾਂ ਦੇ ਹੀ ਸਹੋਰ ਰੋਡ ਤੇ ਰਹਿਣ ਵਾਲੀ ਬਰਿੰਦਰਪਾਲ ਕੌਰ ਦਾ ਕਹਿਣਾ ਹੈ ਕਿ ਉਸਦਾ ਪਤੀ ਹਰਪ੍ਰੀਤ ਸਿੰਘ ਰਾਏਕੋਟ ਵਿਖੇ ਵੇਰਕਾ ਮਿਲਕ ਪਲਾਂਟ ਚ, 7500 ਰੁਪੱਈਏ ਤੇ ਨੌਕਰੀ ਕਰਦਾ ਸੀ। ਜਦੋਂ ਕਿ ਮੈਂ ਕੰਨਟ੍ਰੈਕਟ ਤੇ ਬਤੌਰ ਈਜੀਐਸ ਅਧਿਆਪਕ 6 ਕੁ ਹਜਾਰ ਚ, ਨੌਕਰੀ ਕਰਦੀ ਹਾਂ । ਦੋਵਾਂ ਜੀਆਂ ਦਾ ਗੁਜਾਰਾ ਇਸ ਤਰਾਂ ਮਿਹਨਤ ਮਜਦੂਰੀ ਨਾਲ ਚੱਲਦਾ ਰਿਹਾ । ਪਰ ਪੁਲਿਸ 30 ਜੂਨ ਦੀ ਰਾਤ ਨੂੰ ਕਰੀਬ 11 ਵਜੇ ਹਰਪ੍ਰੀਤ ਨੂੰ ਘਰੋਂ ਚੁੱਕ ਕੇ ਲੈ ਗਈ ਸੀ । ਜਦੋਂ ਕਿ ਪੁਲਿਸ ਨੇ ਦਰਜ਼ ਕੇਸ ਚ, ਕਿਹਾ ਹੈ ਕਿ ਉਸ ਨੂੰ Verna ਕਾਰ ਚੋਂ ਹੋਰ ਸਾਥੀਆਂ ਸਣੇ ਚਿੱਟੇ ਸਮੇਤ ਗਿਰਫਤਾਰ ਕੀਤਾ ਗਿਆ ਹੈ । ਇੱਥੇ ਹੀ ਬੱਸ ਨਹੀਂ, ਪੁਲਿਸ ਨੇ ਹਰਪ੍ਰੀਤ ਨੂੰ ਚਿੱਟੇ ਦੀ ੳਵਰਡੋਜ ਨਾਲ ਮਰਨ ਵਾਲੇ ਪੰਜਾਬੀ ਗਾਇਕ ਗਗਨਦੀਪ ਦੀ ਮੌਤ ਦੇ ਕੇਸ ਚ, ਵੀ ਨਾਮਜ਼ਦ ਕਰ ਦਿੱਤਾ ਹੈ । ਉਨਾਂ ਕਿਹਾ ਕਿ ਮਾਮਲਾ ਆਲ੍ਹਾ ਅਧਿਕਾਰੀਆਂ ਦੇ ਧਿਆਨ ਚ, ਆਉਣ ਤੋਂ ਬਾਅਦ ਏਸੀਪੀ ਪ੍ਰੱਗਿਆ ਜੈਨ ਨੇ ਮੈਂਨੂੰ ਖੁਦ ਆਪਣੇ ਦਫਤਰ ਬੁਲਾ ਕੇ ਮੇਰੀ ਸ਼ਕਾਇਤ ਲੈ ਕੇ ਜਾਂਚ ਉਪਰੰਤ ਇਨਸਾਫ ਦਾ ਭਰੋਸਾ ਦਿੱਤਾ ਸੀ । ਪਰ 1 ਮਹੀਨਾ ਬੀਤਣ ਵਾਲਾ ਹੈ, ਜਾਂਚ ਜਾਰੀ ਹੈ ਤੋਂ ਗੱਲ ਹਾਲੇ ਤੱਕ ਅਗਾਂਹ ਨਹੀਂ ਵਧੀ। ਉਨਾਂ ਕਿਹਾ ਕਿ ਬਰਨਾਲਾ ਪੁਲਿਸ ਨੂੰ ਨਾ ਰੱਬ ਦਾ ਖੌਫ ਹੈ ਤੇ ਨਾ ਹੀ ਕਾਨੂੰਨ ਦਾ ਕੋਈ ਡਰ ਭੈਅ ! ਆਲ੍ਹਾ ਅਧਿਕਾਰੀਆਂ ਤੋਂ ਸ਼ਾਬਾਸ਼ ਲੈਣ ਅਤੇ ਲੋਕਾਂ ਚ, ਵਾਹ ਵਾਹ ਖੱਟਣ ਲਈ ਪੁਲਿਸ ਕੁਝ ਨਿਰਦੋਸ਼ ਵਿਅਕਤੀਆਂ ਨੂੰ ਵੀ ਕੇਸਾਂ ਚ, ਫਿੱਟ ਕਰ ਰਹੀ ਹੈ।
ਜੇ S T F ਜਾਂਚ ਕਰੇ , ਫਿਰ ਦੇਖਿਉ ਨਸ਼ਾ ਤਸਕਰਾਂ ਤੇ ਪੁਲਿਸ ਦਾ ਗਠਜੋੜ ਬੇਨਕਾਬ ਹੋਊ
ਬਰਿੰਦਰਪਾਲ ਕੌਰ ਨੇ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ ਚ, ਐਸਟੀਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਕੋਲ ਜਾ ਕੇ ਬਰਨਾਲਾ ਪੁਲਿਸ ਵੱਲੋਂ ਦਰਜ਼ ਨਸ਼ਾ ਤਸਕਰੀ ਦੇ ਕੇਸਾਂ ਦੀ ਨਵੇਂ ਸਿਰਿਉਂ ਪੜਤਾਲ ਕਰਨ ਦੀ ਅਪੀਲ ਕਰਾਂਗੀ ਤਾਂਕਿ ਦਰਜ਼ ਕੀਤੇ ਝੂਠੇ ਕੇਸਾਂ ਦਾ ਸੱਚ ਲੋਕਾਂ ਦੇ ਸਾਹਮਣੇ ਆ ਸਕੇ । ਉਨਾਂ ਕਿਹਾ ਕਿ ਕਈ ਪੁਲਿਸ ਅਧਿਕਾਰੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੀ ਅਤੇ ਪਿਛਲੇ ਸਮੇਂ ਦੌਰਾਨ ਪੁਲਿਸ ਅਧਿਕਾਰੀਆਂ ਦੁਆਰਾ ਬਣਾਈ ਬੇਤਹਾਸ਼ਾ ਜਾਇਦਾਦ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਚੰਗੇ ਢੰਗ ਨਾਲ ਜਾਂਚ ਹੋ ਗਈ ਤਾਂ ਫਿਰ ਦੇਖਿਉ ਲੰਬੇ ਸਮੇਂ ਤੋਂ ਬਰਨਾਲਾ ਜਿਲ੍ਹੇ ਅੰਦਰ ਨਸ਼ਾ ਤਸਕਰਾਂ ਤੇ ਪੁਲਿਸ ਦਾ ਬਣਿਆ ਗਠਜੋੜ ਕਿਵੇਂ ਬੇਨਕਾਬ ਹੋਵੇਗਾ।
ਕੇਸ ਹਿਸਟਰੀ-3
ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਉ ਚ, ਕਿਹਾ ਜਾ ਰਿਹਾ ਹੈ ਕਿ 30 ਜੂਨ 2020 ਦੀ ਸ਼ਾਮ ਕਰੀਬ 5:20 ਵਜੇ ਜ਼ਿਲ੍ਹੇ ਦੇ ਪਿੰਡ ਮੂੰਮ ਦੇ ਰਹਿਣ ਵਾਲਾ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਆਪਣੇ ਘਰ ਵਰਕਸ਼ਾਪ ਵਿੱਚ ਆਪਣੇ 2 ਮੁੰਡਿਆ ਨਾਲ ਕੰਮ ਕਰ ਰਿਹਾ ਸੀ। ਅਚਾਨਕ ਹੀ ਵਰਕਸਾਪ ਦੇ ਬਾਹਰ 2 ਕਾਰਾ ਰੁਕੀਆਂ । ਜਿਸ ਵਿੱਚ ਐਸ.ਐਚ.ਓ ਬਲਜੀਤ ਸਿੰਘ ਦੇ ਨਾਲ 6 / 7 ਹੋਰ ਮੁਲਾਜ਼ਮ ਵਰਕਸ਼ਾਪ ਵਿੱਚ ਆਏ ਤੇ ਐਸ.ਐਚ. ਓ ਨੇ ਆਉਦੇ ਸਾਰ ਪੁੱਛਿਆਂ ਤੁਹਾਡੇ ਤਿੰਨਾ ਵਿੱਚੋ ਰਣਜੀਤ ਸਿੰਘ ਕੋਣ ਹੈ ? ਜਦੋਂ ਹੀ ਰਣਜੀਤ ਬਾਰੇ ਪਤਾ ਲੱਗਾ ਤਾਂ ਸੀ.ਆਈ.ਏ ਸਟਾਫ ਅਤੇ ਦੂਸਰੇ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕਰਦਿਆਂ ਰਣਜੀਤ ਸਿੰਘ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ। ਇੱਥੇ ਹੀ ਬੱਸ ਨਹੀਂ ਪੁਲਿਸ ਕਰਮਚਾਰੀ ਘਰ ਵਿੱਚ ਖੜੀ ਗੱਡੀ ਪੀ ਬੀ 19 ਆਰ 1817 ਮਾਰਕਾ ਕੇ ਯੂ ਵੀ 100 ਮਹਿੰਦਰਾ ਨੂੰ ਵੀ ਆਪਣੇ ਨਾਲ ਲੈ ਗਏ।
ਜਦੋਂ ਬਾਅਦ ਵਿੱਚ ਘਰ ਅਤੇ ਪਿੰਡ ਵਾਲਿਆ ਨੇ ਥਾਣੇ ਜਾ ਕੇ ਪੁੱਛਿਆ ਕੇ ਤੁਸੀਂ ਰਣਜੀਤ ਅਤੇ ਉਸ ਦੀ ਕਾਰ ਕਿਉ ਲੈ ਕੇ ਆਏ ਹੋ ? ਤਾਂ ਐਸ.ਐਚ.ਓ ਨੇ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਪਿੰਡ ਠੀਕਰੀਵਾਲ ਤੋਂ ਬਰਨਾਲਾ ਰੋਡ ਵੱਲ ਆਉਦੀ ਡਰੇਨ ਦੀ ਪਟੜੀ ਕੋਲ ਨਾਕਾ ਲਾਇਆ ਹੋਇਆ ਸੀ। ਤਾਂ ਰਣਜੀਤ ਸਿੰਘ ਆਪਣੀ ਕਾਰ ਪੀ ਬੀ 19 ਆਰ 1817 ਮਾਰਕਾ ਕੇ ਯੂ ਵੀ 100 ਮਹਿੰਦਰਾ ,ਚ ਸਵਾਰ ਹੋ ਕੇ ਆ ਰਿਹਾ ਸੀ । ਜਿਸ ਨੂੰ ਰੋਕ ਕੇ ਤਲਾਸ਼ੀ ਲੈਣ ਤੇ ਰਣਜੀਤ ਕੋਲੋਂ 1500 ਨਸ਼ੀਲੀਆਂ ਗੋਲ਼ੀਆਂ ਫੜੀਆਂ ਗਈਆ ਸਨ। ਪਰ ਇਹ ਸਾਰੀ ਘਟਨਾ ਰਣਜੀਤ ਸਿੰਘ ਨੂੰ ਪੁਲਿਸ ਪਾਰਟੀ ਦੁਆਰਾ ਘਰੋਂ ਲੇ ਕੇ ਜਾਣ ਵਾਲੀ ਪੂਰੀ ਘਟਨਾ ਗੁਆਢੀਆ ਦੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ । ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਆਪਣੀ ਅੱਖੀਂ ਦੇਖੀ ਘਟਨਾ ਤੇ ਵਿਸ਼ਵਾਸ਼ ਕਰਨ ਜਾਂ ਫਿਰ ਪੁਲਿਸ ਦੁਆਰਾ ਬਾਅਦ ਚ, ਬਣਾ ਕੇ ਪੇਸ਼ ਕੀਤੀ ਕਹਾਣੀ ਨੂੰ ਹੀ ਤਥਾ ਅਸਤੂ ਕਹਿ ਕੇ ਮੰਨ ਲੈਣ । ਇਹ 5 ਕੇਸਾਂ ਚ, ਦੋਸ਼ੀ ਭਾਂਵੇ ਤਿੰਨ ਵੱਖ ਵੱਖ ਵਿਅਕਤੀ ਹਨ, ਪਰੰਤੂ ਤਿੰਨੋਂ ਘਟਨਾਵਾਂ ਚ, ਦੋਸ਼ੀਆਂ ਦੀ ਗਿਰਫਤਾਰੀ ਪੁਲਿਸ ਦੀ ਕਹਾਣੀ ਨਾਲ ਮੇਲ ਨਹੀਂ ਖਾ ਰਹੀ। ਹੁਣ ਲੋਕਾਂ ਦੀਆਂ ਨਜ਼ਰਾਂ ਆਲ੍ਹਾ ਪੁਲਿਸ ਅਧਿਕਾਰੀਆਂ ਦੇ ਜ਼ਾਂਚ ਲਈ ਦਿੱਤੇ ਗਏ ਹੁਕਮਾਂ ਨਾਲ ਸ਼ੁਰੂ ਹੋਈ ਪੜਤਾਲ ਦੀ ਸਿੱਟਾ ਰਿਪੋਰਟ ਤੇ ਟਿਕੀਆਂ ਹੋਈਆਂ ਹਨ। ਘਟਨਾ ਸਬੰਧੀ ਐਸਐਚਉ ਬਲਜੀਤ ਸਿੰਘ ਦਾ ਪੱਖ ਜਾਣਨ ਲਈ ਫੋਨ ਕੀਤਾ, ਪਰ ਉਹਨਾਂ ਫੋਨ ਰਿਸੀਵ ਨਹੀਂ ਕੀਤਾ।