ਸਭਿਆਚਾਰ ਤੇ ਵਿਰਾਸਤ ਦੀ ਗਲਵੱਕੜੀ ਦਾ ਤਿਉਹਾਰ ਤੀਆਂ,,,,ਬੋਰ ਝਾਂਜਰਾਂ ਦੇ ਪਾਉਣ ਦੁਹਾਈ ਮੁੰਡਿਆ,

Advertisement
Spread information
Full Video ?

ਰਲ ਮਿਲ ਕੁੜੀਆਂ ,ਕੱਠੀਆਂ ਹੋ ਕੇ ,ਪੀਘਾਂ ਝੂਟਣ ਆਈਆਂ, ਦੂਹਰੀਆਂ ਹੋ ਹੋ, ਨੱਚਣ ਟੱਪਣ, ਨਣਦਾਂ ਤੇ ਭਰਜਾਈਆਂ,

ਜੰਡਾ ਵਾਲਾ ਰੋਡ ਇਲਾਕੇ ਚ, ਗੁਆਚੇ ਸੱਭਿਆਚਾਰ ਦੀ ਯਾਦ ਫਿਰ ਹੋਈ ਤਾਜ਼ਾ


ਹਰਿੰਦਰ ਨਿੱਕਾ / ਰਘਵੀਰ ਹੈਪੀ ਬਰਨਾਲਾ 1 ਅਗਸਤ 2020

ਦਿਨ ਤੀਆਂ ਦੇ, ਰੁੱਤ ਸਾਉਣ ਦੀ,

Advertisement

ਪਿੱਪਲੀ ਪੀਘਾਂ ਪਾਈਆਂ,

ਰਲ ਮਿਲ ਕੁੜੀਆਂ ,ਕੱਠੀਆਂ ਹੋ ਕੇ,

ਪੀਘਾਂ ਝੂਟਣ ਆਈਆਂ,

ਦੂਹਰੀਆਂ ਹੋ ਹੋ, ਨੱਚਣ ਟੱਪਣ,

ਨਣਦਾਂ ਤੇ ਭਰਜਾਈਆਂ,

ਭਾਬੋ ਨੱਚ ਲੈ ਨੀ,

ਤੈਂ ਕਿਉਂ ਨੀਵੀਆਂ ਪਾਈਆਂ,

ਭਾਬੋ ਨੱਚ ਲੈ ਨੀ,,,

ਤੀਆਂ ਦੇ ਦਿਨ ਹਨ, ਸਾਉਣ ਦੀ ਰੁੱਤ ਵੀ ਹੈ, ਪਰ ਪੀਘਾਂ ਪਾਉਣ ਲਈ ਪਿੱਪਲ ਦੂਰ ਦੂਰ ਤੱਕ ਕਿੱਧਰੇ ਵੀ ਨਜਰ ਨਹੀਂ ਆਉਂਦੇ, ਕੁੜੀਆਂ ਦੇ  ਇਕੱਠੀਆਂ ਹੋਣ ਲਈ, ਕਿੱਧਰੇ ਸੱਥਾਂ ਵੀ ਨਜਰ ਨਹੀਂ ਆ ਰਹੀਆਂ , ਪੁਰਾਣੀਆਂ ਖੁਰਾਕਾਂ ਨਾ ਖਾਧੀਆਂ ਨਾ ਹੋਣ ਕਾਰਣ, ਦੂਹਰੀਆਂ ਹੋ ਹੋ ਕੇ ਨੱਚਣ ਦੀ ਤਾਕਤ ਨਣਦਾਂ ਤੇ ਭਰਜਾਈਆਂ ਦੋਵੇਂ ਹੀ ਗੁਆ ਚੁੱਕੀਆਂਂ ਹਨ। ਨਣਦਾਂ ਤੇ ਭਰਜਾਈਆਂ ਦੇ ਮਿੱਠੀ ਮਿੱਠੀ ਨੋਕ ਝੋਕ ਵਾਲੇ ਪਿਆਰ ਦੀ ਥਾਂ ,ਹੁਣ ਹੌਲੀ-ਹੌਲੀ ਨਫਰਤ ਚ, ਬਦਲ ਚੁੱਕੀ ਹੈ। ਜਿਸ ਦੀ ਵਜ੍ਹਾ ਨਾਲ ਕਿਸੇ ਨਣਦ ਦਾ ਹੌਂਸਲਾ , ਨੀਵੀਂ ਪਾਈ ਬੈਠੀ ਭਾਬੋ ਨੂੰ , ਤੈਂ ਕਿਉਂ ਨੀਵੀਆਂ ਪਾਈਆਂ ਪੁੱਛਣ  ਦੀ ਆਗਿਆ ਵੀ ਨਹੀਂ ਦਿੰਦਾ। ਇਉਂ ਸਮਝੋ ਕਿ ਹਾਲਾਤ ਮੁੱਢੋਂ ਹੀ ਬਦਲ ਗਏ ਹਨ। ਹਾਂ ਜੇਕਰ ਕੁਝ ਨਹੀਂ ਬਦਲਿਆ ਤਾਂ ਉਹ ਐ, ਤੀਆਂ ਦਾ ਨਾਂ ਸੁਣਕੇ ਮੁਟਿਆਰਾਂ ਦੇ ਚਿਹਰਿਆਂ ਤੋਂ ਆਪ ਮੁਹਾਰੇ ਉਮੜਦਾ ਲੋਹੜੇ ਦਾ ਚਾਅ ਅਤੇ ਵਿਆਂਹਦੜ ਕੁੜੀਆਂ ਦੀ ਸੌਹਰਿਆਂ ਤੋਂਂ  ਪੇਕੇ ਘਰ ਆ ਕੇ ਇੱਕ ਦੂਜੀ ਨੂੰ ਮਿਲਣ ਦੀ ਤਾਂਘ ਦਿਲਾਂ ਚ, ਅਧੁਨਿਕਤਾ ਦੇ ਯੁੱਗ ਚ, ਵੀ ਉਂਵੇ ਹੀ ਬਰਕਰਾਰ ਹੈ ।

         

       ਤੀਆਂ ਦਾ ਚਾਅ ਅਤੇ ਵਿਆਹ ਤੋਂ ਬਾਅਦ ਇੱਕ ਦੂਜੀ ਤੋਂ ਵੱਖ ਹੋਈਆਂ ਮੁਟਿਆਰਾਂ ਨੂੰ ਸਾਉਣ ਦੇ ਮਹੀਨੇ ਪੇਕੇ ਘਰ ਆਉਣ ਦੀ ਖਿੱਚ  ਵੀ ਕਾਇਮ ਹੈ। ਇਹੋ ਕਾਰਣ ਹੈ ਕਿ ਸ਼ਹਿਰੀ ਤੇ ਪੇਂਡੂ ਮੁਟਿਆਰਾਂ ਇੱਕ ਥਾਂ ਇਕੱਠੀਆਂ ਹੋ ਕੇ  ਤੀਆਂ ਦਾ ਤਿਉਹਾਰ ਮਨਾਉਣ ਲਈ ਕੋਈ ਨਾ ਕੋਈ ਯਤਨ ਜਾਂ ਜੁਗਾੜ ਕਰ ਹੀ ਲੈਂਦੀਆਂ ਹਨ। ਅੰਤਰ ਬੱਸ ਇੱਨ੍ਹਾਂ ਕੁ ਹੈ ਕਿ ਸ਼ਹਿਰੀ ਕੁੜੀਆਂ ਪੈਲਸ ਜਾਂਂ ਹੋਟਲ ਅਤੇ ਪੇਂਡੂ ਕੁੜੀਆਂ ਪਿੰਡਾਂ ਚ, ਕੋਈ ਖੁੱਲ੍ਹਾ ਡੁੱਲ੍ਹਾ ਘਰ ਲੱਭ ਕੇ ਤੀਆਂ ਦਾ ਤਿਉਹਾਰ ਮਨਾਉਣ ਲਈ ਯਤਨ ਕਰ ਹੀ ਲੈਂਦੀਆਂ ਹਨ। ਇਹੋ ਜਿਹਾ ਹੀ ਯਤਨ ਬਰਨਾਲਾ ਦੇ ਜੰਡਾਂ ਵਾਲਾ ਰੋਡ ਖੇਤਰ ਚ, ਮੌੜਾਂ ਵਾਲੀ ਗਲੀ ਦੇ ਇੱਕ ਘਰ ਅੰਦਰ ਕੋਰੋਨਾ ਦੀ ਕਰੋਪੀ ਤੋਂ ਬੇਖੌਫ ਮੁਟਿਆਰਾਂ ਨੇ ਉੱਦਮ ਕਰਕੇ ਕਰ ਵੀ ਲਿਆ। ਜਿੱਥੇ ਇਲਾਕੇ ਦੀਆਂ ਨੂੰਹਾਂ ਧੀਆਂ ਨੇ ਥੋੜ੍ਹੀ ਜਿਹੀ ਗਿਣਤੀ ਚ, ਇਕੱਠੀਆਂ ਹੋ ਕੇ ਤੀਆਂ ਦੀ ਰੀਝ ਪੂਰੀ ਕਰ ਹੀ ਲਈ। ਪੁਰਾਤਨ ਸੱਭਿਆਚਾਰ ਅਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦੀ ਵਿਲੱਖਣ ਪਹਿਲ ਕਰਦਿਆਂ ਖੇਤਰ ਦੀਆਂ ਨੂੰਹਾਂ ਤੇ ਧੀਆਂ ਨੇ ਮਿਲ ਕੇ ਤੀਆਂ ਦਾ ਤਿਉਹਾਰ ਬਹੁਤ ਹੀ ਚਾਅ ਨਾਲ ਮਨਾਇਆ। 

ਵਿਰਸੇ ਦੀ ਝਲਕ- ਖਿੱਚ ਦਾ ਕੇਂਦਰ ਰਿਹਾ ਚਰਖਾ, ਚੱਕੀ ਤੇ ਮਧਾਣੀ

ਇਸ ਮੌਕੇ ਪੁਰਾਤਨ ਸੱਭਿਆਚਾਰ ਦੀ ਯਾਦ ਤੇ ਵਿਰਸੇ ਤੋਂ ਨਵੀਂ ਪੀੜ੍ਹੀ ਨੂੰ ਵਾਕਿਫ ਕਰਵਾਉਣ ਲਈ ਕਿਸੇ ਸਮੇਂ ਵੱਸਦੇ ਘਰਾਂ ਦਾ ਸ਼ਿਕਾਰ ਰਹੇ ਤੇ ਮੌਜੂਦਾ ਦੌਰ ਚ, ਅਲੋਪ ਹੋ ਚੁੱਕੇ  ,ਚਰਖੇ, ਚੱਕੀ, ਚਾਟੀ ਤੇ ਮਧਾਣੀ, ਘੂੰਗਰੂਆਂ ਵਾਲੀਆਂ ਹੱਥ ਪੱਖੀਆਂ, ਛੱਜ, ਉੱਖਲੀ ਅਤੇ ਮੂਹਲੇ ਆਦਿ ਸਮਾਨ ਦੀ ਪ੍ਰਦਰਸ਼ਨੀ ਵੀ ਲਾਈ ਗਈ। ਫੁੱਲਾਂ ਦੀ ਤਰਾਂ ਖੁਸ਼ੀ ਚ, ਖਿੜ੍ਹ ਖਿੜ੍ਹ ਕਰਦੀਆਂ ਇੱਕ ਥਾਂ ਇਕੱਠੀਆਂ ਹੋਈਆਂ ਮੁਟਿਆਰਾਂ ਨੇ ਨੱਚ ਨੱਚ ਕੇ ਧਰਤੀ ਹਿਲਾ ਦਿੱਤੀ। ਤੀਆਂ ਦੇ ਮੁੱਖ ਰੰਗ ਮੁਟਿਆਰਾਂ ਦੇ ਜਜਬਾਤਾਂ ਦੀ ਤਰਜਮਾਨੀ ਕਰਦੀਆਂ ਬੋਲੀਆਂ ਨੇ ਵੀ ਸਮੇਂ ਨੂੰ ਬਾਖੂਬੀ ਬੰਨ੍ਹ ਕੇ ਰੱਖਿਆ, ਜਿਸਦੀ ਵੰਨਗੀ ਦੇਖੋ,,  ਮੇਰੇ ਜੇਠ ਦਾ ਮੁੰਡਾ ਨੀ ਬੜਾ,,  ਨਾਲੇ ਮਾਰੇ ਅੱਖੀਆਂ ਨਾਲੇ,,, ਨੱਚਦੀ ਮੇਲਣ ਦਾ, ਲੌਂਗ ਬੋਲੀਆਂ ਪਾਵੇ, ਬੋਰ ਝਾਂਜਰਾਂ ਦੇ ਪਾਉਣ ਦੁਹਾਈ ਮੁੰਡਿਆ, ਨੱਚਦਾ ਜੋੜਾ- ਜੋੜਾ ਵੇ ਨਛੱਤਰਾ, ਨੱਚਦਾ ਜੋੜਾ ਜੋੜਾ, ਜੋੜੀਆਂ ਹੁਣ ਬਣੀਆਂ, ਹੁਣ ਬਣੀਆਂ, ਆਪਾਂ ਦੋਵੇਂ ਨੱਚੀਏ , ਚਾਚੇ ਤਾਏ ਦੀ ਕੁੜੀ, ਆਦਿ ਅਨੇਕਾਂ ਬੋਲੀਆਂ ਪਾ ਕੇ ਮੁਟਿਆਰਾਂ ਨੇ ਮਨ ਪ੍ਰਚਾਵਾ ਕੀਤਾ। ਜਿਸ ਨੂੰ ਨਵੀਂ ਉਮਰ ਦੀਆਂ ਕੁੜੀਆਂ ਨੇ ਬੜੀ ਨੀਝ ਲਾ ਕੇ ਤੱਕਿਆ। ਇੱਨਾਂ ਹੀ ਨਹੀਂ ਬਜੁਰਗ ਔਰਤਾਂ ਨੂੰ ਵੀ ਤੀਆਂ ਦੇ ਅੱਜ ਭਰੇ ਮੇਲੇ ਨੇ ਉਨਾਂ ਦੀ ਜੁਆਨੀ ਦੇ ਦਿਨਾਂ ਦੀ ਯਾਦ ਵੀ ਤਾਜ਼ਾ ਕਰਵਾ ਦਿੱਤੀ।

ਛੋਟੇ ਤੇ ਪ੍ਰਭਾਵਸ਼ਾਲੀ ਉੱਦਮ ਦਾ ਵੱਡਾ ਸੁਨੇਹਾ

ਉੱਦਮੀ ਤੇ ਵਿਰਸੇ ਨੂੰ ਪਿਆਰ ਕਰਨ ਵਾਲੀਆਂ ਮੁਟਿਆਰਾਂ ਦੀ ਇਸ ਪੇਸ਼ਕਾਰੀ ਦੀ ਚੌਫੇਰਿਉਂ ਸ਼ਲਾਘਾ ਵੀ ਹੋਈ। ਬਰਨਾਲਾ ਟੂਡੇ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੀਮਾ, ਰਜਨੀ, ਮਨਜੀਤ ਕੌਰ , ਜਸਵੀਰ ਕੌਰ, ਕਮਲਜੀਤ ਕੌਰ, ਮਨਜੀਤ, ਬੱਚੇ-ਪਵਨੀਤ, ਅਮਨ ਅਤੇ ਮਨਪ੍ਰੀਤ ਨੇ ਕਿਹਾ ਕਿ ਮੌਜੂਦਾ ਦੌਰ ਭਾਂਵੇ ਮੋਬਾਇਲ, ਟੈਲੀਵਿਜ਼ਨ ਤੇ ਮਨੋਰੰਜਨ ਦੇ ਹੋਰ ਸਾਧਨਾ ਦਾ ਯੁੱਗ ਹੈ, ਪਰ ਜੋ ਖੁਸ਼ੀ ਆਪਣੇ ਵਿਰਸੇ ਨਾਲ ਜੁੜ ਕੇ ਮੁਟਿਆਰਾਂ ਨੂੰ ਮਿਲਦੀ ਹੈ, ਉਸ ਦਾ ਭਾਂਵੇ ਮੂੰਹੋਂ ਬਿਆਨ ਕਰਨ ਲਈ ਢੁੱਕਵੇ ਸ਼ਬਦ ਵੀ ਨਹੀਂ, ਪਰ ਤੀਆਂ ਚ, ਆਈ ਹਰ ਮੁਟਿਆਰ ਦੇ ਚਿਹਰੇ ਦਾ ਡੁੱਲ੍ਹ ਡੁੱਲ੍ਹ ਪੈਂਦਾ ਨੂਰ ਅੰਦਰੂਨੀ ਖੁਸ਼ੀ ਦਾ ਇਜ਼ਹਾਰ ਸਾਫ ਤੌਰ ਦੇ ਦਿਖਾਈ ਦਿੰਦਾ ਹੈ। ਉਨਾਂ ਕਿਹਾ ਕਿ ਤੀਆਂ ਦੇ ਬਹਾਨੇ ਕੁੜੀਆਂ ਇੱਕ ਦੂਜੀ ਨਾਲ ਦਿਲ ਦਾ ਦਰਦ ਵੀ ਸਾਂਝਾ ਕਰ ਲੈਂਦੀਆਂ ਹਨ।

ਉਨਾਂ ਤੀਆਂ ਦੀ ਕਵਰੇਜ਼ ਕਰਨ ਪਹੁੰਚੇ ਮੀਡੀਆ ਦਾ ਵੀ ਤਹਿਦਿਲ ਤੋਂ ਸ਼ੁਕਰੀਆਂ ਅਦਾ ਕੀਤਾ। ਕੋਰੋਨਾ ਦੇ  ਸਹਿਮ ਅਤੇ ਕਰੜੀਆਂ ਸ਼ਰਤਾਂ ਦੇ ਮੱਦੇਨਜ਼ਰ ਅੱਜ ਦਾ ਪ੍ਰੋਗਰਾਮ ਭਾਂਂਵੇ ਛੋਟਾ ਸੀ, ਪਰ ਉੱਦਮ ਪ੍ਰਭਾਵਸ਼ਾਲੀ ਤੇ ਵਿਰਾਸਤ ਨੂੰ ਸਾਂਭਣ ਦਾ ਸੁਨੇਹਾ ਜਰੂਰ ਵੱਡਾ ਸੀ। ਸ਼ਾਲਾ ! ਸਭਿਆਚਾਰ ਤੇ ਵਿਰਾਸਤ ਦੀ ਗਲਵੱਕੜੀ ਦਾ ਇਹ ਅਨੂਠਾ ਤਿਉਹਾਰ ਆਪਣੀ ਸੰਧਲੀ ਖੁਸ਼ਬੋਈ ਦੀ ਮਹਿਕ ਬਿਖੇਰਦਾ ਰਵ੍ਹੇ।

Advertisement
Advertisement
Advertisement
Advertisement
Advertisement
error: Content is protected !!