ਨਸ਼ੇ ਦੀ ਉਵਰਡੋਜ ਨੇ ਨਿਗਲਿਆ 1 ਹੋਰ ਨੌਜਵਾਨ , ਮੌਕੇ ਤੋਂ ਮਿਲੀਆਂ 2 ਸਰਿੰਜਾਂ

Advertisement
Spread information
ਵੀਡੀਓ ਖ਼ਬਰ ?

ਨੌਜਵਾਨ ਦੇ ਪਿਤਾ ਨੇ ਕਿਹਾ, ਪੁਲਿਸ ਸਭ ਜਾਣਦੀ ਹੈ, ਨਸ਼ਾ ਕਿੱਥੋਂ ਮਿਲਦੈ

ਡੀਐਸਪੀ ਟਿਵਾਣਾ ਨੇ ਕਿਹਾ, ਦੋਸ਼ੀ ਬਖਸ਼ੇ ਨਹੀਂ ਜਾਣਗੇ, ਪਰ ਪਰਿਵਾਰ ਨੂੰ ਵੀ ਦੇਣਾ ਚਾਹੀਦਾ ਸਹਿਯੋਗ


ਹਰਿੰਦਰ ਨਿੱਕਾ ਬਰਨਾਲਾ 2 ਅਗਸਤ 2020

                ਸ਼ਹਿਰ ਦੇ ਸੰਘੇੜਾ ਖੇਤਰ ਚ, ਰਹਿੰਦੇ ਇੱਕ ਨੌਜਵਾਨ ਧੰਨਪਾਲ ਸਿੰਘ ਦੀ ਨਸ਼ੇ ਦੀ ਉਵਰਡੋਜ ਨਾਲ ਮੌਤ ਹੋ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਬਜੁਰਗ ਬਲਵੀਰ ਸਿੰਘ ਨੇ ਦੱਸਿਆ ਕਿ ਉਸਦਾ 25 ਕੁ ਵਰ੍ਹਿਆਂ ਦਾ ਪੁੱਤਰ ਧੰਨਪਾਲ ਸਿੰਘ ਬੀ.ਏ. ਪਾਸ ਸੀ ਅਤੇ ਪੜਾਈ ਲਿਖਾਈ ਚ, ਵੀ ਚੰਗਾ ਸੀ। ਪਰ ਕਰੀਬ 4/5 ਸਾਲ ਪਹਿਲਾਂ ਉਹ ਪਿੰਡ ਦੀ ਮਾੜੀ ਮੰਡੀਹਰ ਦੀ ਸੰਗਤ ਚ, ਪੈ ਗਿਆ। ਹੌਲੀ ਹੌਲੀ ਨਸ਼ਾ ਕਰਨ ਲੱਗ ਪਿਆ, ਜਦੋਂ ਤੱਕ ਉਸ ਦੇ ਨਸ਼ਾ ਕਰਨ ਬਾਰੇ ਪਰਿਵਾਰ ਨੂੰ ਪਤਾ ਲੱਗਿਆ, ਉਦੋਂ ਤੱਕ ਉਹ ਪੱਕਾ ਨਸ਼ੇੜੀ ਬਣ ਚੁੱਕਾ ਸੀ। ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਬੇਰੁਜਗਾਰੀ ਦਾ ਬਹਾਨਾ ਲਾ ਕੇ ਆਪਣੀਆਂ ਹੀ ਪਰੇਸ਼ਾਨੀਆਂ ਗਿਣਾਉਣ ਲੱਗ ਪੈਂਦਾ। ਦੇਖਦਿਆਂ ਹੀ ਦੇਖਦਿਆਂ ਉਹ ਪਰਿਵਾਰ ਦੇ ਹੱਥਾਂ ਚੋਂ ਨਿੱਕਲ ਗਿਆ। ਇਹ ਸਾਰਾ ਕੁਝ ਪਤਾ ਨਹੀਂ ਕਿਵੇਂ ਵਾਪਰ ਗਿਆ, ਕੁਝ ਸਮਝ ਹੀ ਨਹੀਂ ਪਿਆ। ਉਨਾਂ ਕਿਹਾ ਕਿ ਅਸੀਂ ਉਸ ਨੂੰ ਕਦੇ ਵੀ ਨਸ਼ਾ ਕਰਨ ਲਈ ਇੱਕ ਦੁਆਨੀ ਨਹੀਂ ਦਿੱਤੀ ਸੀ । ਪਤਾ ਨਹੀਂ ਉਹ ਕਿੱਥੋਂ ਆਪਣੇ ਸੰਗੀ ਸਾਥੀਆਂ ਨਾਲ ਮਿਲ ਕੇ ਪੈਸਾ ਲਿਆਉਂਦਾ ਤੇ ਨਸ਼ਾ ਕਰਦਾ ਰਿਹਾ।

Advertisement

ਪੁਲਿਸ ਸਭ ਜਾਣਦੀ ਹੈ, ਨਸ਼ਾ ਕਿੱਥੋਂ ਮਿਲਦੈ, ਅਸੀਂ ਐਂਵੇ ਨਾਂ ਲੈ ਕੇ ਦੁਸ਼ਮਣੀ ਪਾਉਣੀ ਐ

ਜੁਆਨ ਪੁੱਤ ਦੀ ਲਾਸ਼ ਦੇਖ ਕੇ ਭੁੱਬਾਂ ਮਾਰ ਮਾਰ ਰੋਂਦੇ ਪਿਉ ਬਲਵੀਰ ਸਿੰਘ ਨੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਉਨਾਂ ਕਿਹਾ ਕਿ ਜਦੋਂ ਸਾਰੀ ਪੁਲਿਸ ਹੀ ਜਾਣਦੀ ਹੈ, ਬਈ ਸੰਘੇੜਿਆਂ ਚ, ਨਸ਼ਾ ਕੌਣ ਕੌਣ ਵੇਚਦਾ, ਸਾਰੇ ਪਿੰਡ ਨੂੰ ਪਤੈ, ਪਰ ਮੈਂ ਉਨਾਂ ਦਾ ਨਾਂ ਲੈ ਕੇ ਦੁਸ਼ਮਣੀ ਮੁੱਲ ਨਹੀਂ ਲੈਣੀ। ਮੇਰਾ ਪੁੱਤ ਤਾਂ ਚਲਾ ਹੀ ਗਿਆ, ਹੁਣ ਮੈਂ ਕਾਹਦੇ ਲਈ ਕਿਸੇ ਨਾਲ ਵੈਰ ਵਿੱਢਣਾ ਹੈ। ਉਨਾਂ ਗੱਲਾਂ ਗੱਲਾਂ ਚ, ਕਹਿ ਦਿੱਤਾ ਕਿ ਸਾਡੇ ਪਿੰਡ ਦੀ 4/5 ਮੁੰਡਿਆਂ ਦੀ ਢਾਣੀ ਹੈ। ਉਨਾਂ ਨੂੰ ਕਿਹੜਾ ਕਿਸੇ ਨੇ ਫੜ੍ਹਨਾ ਹੁੰਦਾ। ਜੇ ਕਿਤੇ ਲੜਾਈ ਝਗੜਿਆਂ ਚ, ਫੜ੍ਹੇ ਵੀ ਗਏ ਨੇ ਫਿਰ ਛੁੱਟ ਕੇ ਆ ਜਾਂਦੇ ਹਨ।

ਸੂਜਾ ਪੱਤੀ ਆਲੇ ਬਲਜੀਤ ਦੀ ਛੱਤ ਤੇ ਮਰਿਆ ਮਿਲਿਆ,,

ਬਲਵੀਰ ਸਿੰਘ ਨੇ ਕਿਹਾ ਕਿ ਧੰਨਪਾਲ ਸਿੰਘ ਕੱਲ੍ਹ ਰਾਤ ਦਾ ਘਰੇ ਨਹੀਂ ਸੀ ਆਇਆ, ਅਸੀਂ ਫੋਨ ਲਾਉਂਦੇ ਰਹੇ,ਪਰ ਉਹਦੇ ਨਾਲ ਗੱਲ ਹੀ ਨਹੀਂ ਹੋਈ। ਸਵੇਰੇ 9 ਕੁ ਵਜੇ ਪਿੰਡ ਦੇ ਬੰਦੇ ਤੋਂ ਹੀ ਪਤਾ ਲੱਗਿਆ ਕਿ ਬਈ ਧੰਨਪਾਲ ਤਾਂ ਸੂਜਾ ਪੱਤੀ ਚ, ਬਲਜੀਤ ਸਿੰਘ ਦੇ ਕੋਠੇ ਦੀ ਛੱਤ ਤੇ ਪਿਆ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ । ਮੌਕੇ ਤੇ ਪੁਲਿਸ ਪਾਰਟੀ ਸਣੇ ਪਹੁੰਚੇ ਥਾਣਾ ਸਿਟੀ 1 ਦੇ ਐਸਐਚਉ ਗੁਲਾਬ ਸਿੰਘ ਨੇ ਮੌਕਾ ਮੁਆਇਨਾ ਕਰਕੇ ਲਾਸ਼ ਕਬਜੇ ਚ, ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਚ, ਪੋਸਟਮਾਰਟਮ ਤੇ ਕਾਨੂੰਨੀ ਕਾਰਵਾਈ ਲਈ ਰੱਖ ਦਿੱਤੀ। ਬਲਵੀਰ ਸਿੰਘ ਨੇ ਦੋ ਟੁੱਕ ਸ਼ਬਦਾਂ ਚ, ਕਿਹਾ ਕਿ ਮੈਂ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਵੁੳਣੀ ਚਾਹੁੰਦਾ। ਹੁਣ ਗੇਂਦ ਪੁਲਿਸ ਦੇ ਪਾਲੇ ਚ, ਹੈ, ਕਿ ਉਹ ਮਹਿਲ ਕਲਾਂ ਵਾਲੇ ਗਾਇਕ ਗਗਨਦੀਪ ਸਿੰਘ ਰਾਂਝੇ ਦੀ ਉਵਰਡੋਜ਼ ਨਾਲ ਹੋਈ ਮੌਤ ਦੇ ਕੇਸ ਦੀ ਤਰਾਂ ਮੁਖਬਰ ਦੀ ਸੂਚਨਾ ਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਦੀ ਹੈ, ਜਾਂ ਫਿਰ ਦੋਸ਼ੀ ਸ਼ਕਾਇਤ ਦੀ ਅਣਹੋਂਦ ਚ, ਬਚੇ ਰਹਿਣਗੇ। ਇਸ ਮੌਕੇ ਸਾਬਕਾ ਐਮਸੀ ਮੁਖਤਿਆਰ ਸਿੰਘ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਨੇ ਇਲਾਕੇ ਦੀ ਜੁਆਨੀ ਖਾ ਲਈ ਹੈ। ਪੁਲਿਸ ਨਸ਼ਾ ਫੜ੍ਹੀ ਵੀ ਜਾਂਦੀ ਹੈ, ਤੇ ਨਸ਼ੇੜੀਆਂ ਨੂੰ ਲੌਕਡਾਉਣ ਚ, ਵੀ ਨਸ਼ੇ ਦੀ ਕੋਈ ਤੋਟ ਨਹੀਂ ਆਈ। ਉਨਾਂ ਕਿਹਾ ਕਿ ਪਰਿਵਾਰ ਸਦਮੇ ਚ, ਹੈ, ਪੁਲਿਸ ਨੂੰ ਆਪੇ ਹੀ ਯੋਗ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਹੋ ਕਿਸੇ ਨੌਜਵਾਨ ਦੀ ਮੌਤ ਨਾ ਹੋਵੇ।

ਤਹਿਕੀਕਾਤ ਜਾਰੀ, ਕਰਾਂਗੇ ਉਚਿਤ ਕਾਰਵਾਈ-ਡੀਐਸਪੀ ਟਿਵਾਣਾ

ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਪੁਲਿਸ ਪਰਿਵਾਰ ਦੇ ਮੈਂਬਰਾਂ ਤੋਂ ਬਿਆਨ ਲੈ ਕੇ ਅਤੇ ਮਾਮਲੇ ਦੀ ਆਪਣੇ ਪੱਧਰ ਦੇ ਤਹਿਕੀਕਾਤ ਕਰਕੇ ਉਚਿਤ ਕਾਨੂੰਨੀ ਕਾਰਵਾਈ ਅਮਲ ਚ, ਲੈ ਕੇ ਆਵੇਗੀ। ਉਨਾਂ ਮ੍ਰਿਤਕ ਦੇ ਪਿਤਾ ਦੁਆਰਾ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਸਪ ਪਤਾ ਹੋਣ ਦੇ ਜੁਆਬ ਚ, ਕਿਹਾ ਕਿ ਪਰਿਵਾਰ ਨੂੰ ਬਿਨਾਂ ਝਿਜਕ ਨਸ਼ਾ ਵੇਚਣ ਵਾਲਿਆਂ ਤੇ ਉਸ ਦੀ ਮੌਤ ਲਈ ਜਿੰਮੇਵਾਰ ਦੋਸ਼ੀਆਂ ਦੇ ਨਾਮ ਦੱਸਣੇ ਚਾਹੀਦੇ ਹਨ। ਬਾਕੀ ਕਾਰਵਾਈ ਪੁਲਿਸ ਆਪ ਕਰੇਗੀ। ਪਰਿਵਾਰ ਨੂੰ ਵੀ ਪੁਲਿਸ ਕਾਰਵਾਈ ਚ, ਸਹਿਯੋਗ ਦੇਣਾ ਚਾਹੀਦਾ ਹੈ।

 

 

Advertisement
Advertisement
Advertisement
Advertisement
Advertisement
error: Content is protected !!