ਹਸਪਤਾਲ ਭਰਤੀ ਅਨਿਲ ਦਾ ਦੋਸ਼- ਸ਼ਰਾਬ ਠੇਕੇਦਾਰ ਦੇ ਕਾਰਿੰਦਿਆਂ ਨੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਕੁੱਟਮਾਰ ਕਰਕੇ ਪੁਲ ਤੋਂ ਦਿੱਤਾ ਧੱਕਾ
ਫਿਲਮੀ ਦ੍ਰਿਸ਼ ਦੀ ਤਰਾਂ ਪੁਲ ਤੋਂ ਸੁੱਟੇ ਅਨਿਲ ਨੂੰ ਫੜ੍ਹਨ ਲਈ ਕਾਰਿੰਦਿਆਂ ਨੇ ਵੀ ਮਾਰੀਆਂ ਛਾਲਾਂ , ਗੰਭੀਰ ਹਾਲਤ ਚ, ਉਹ ਵੀ ਪਟਿਆਲਾ ਰੈਫਰ
ਅਨਿਲ ਦੀ ਗੱਡੀ ਵਿੱਚੋਂ 40 ਡਿੱਬੇ ਹਰਿਆਣਾ ਦੀ ਸ਼ਰਾਬ ਹੋਈ ਬਰਾਮਦ
ਪੁਲਿਸ ਕਾਰਵਾਈ ਚ, ਦਿਨ ਭਰ ਫਸਿਆ ਰਿਹਾ , ਥਾਣਾ ਖੇਤਰ ਦੀ ਹੱਦ ਦਾ ਪੇਚ
ਹਰਿੰਦਰ ਨਿੱਕਾ ਬਰਨਾਲਾ 2 ਅਗਸਤ 2020
ਸ਼ਰਾਬ ਠੇਕੇਦਾਰਾਂ ਦੇ ਕਾਰਿੰਦਿਆਂ ਵੱਲੋਂ ਬਰਨਾਲਾ ਖੇਤਰ ਚੋਂ ਲੰਘਦੇ ਮੋਗਾ-ਅਮ੍ਰਿਤਸਰ ਬਾਈਪਾਸ ਤੇ ਅਣਅਧਿਕਾਰਿਤ ਤੌਰ ਤੇ ਹਰਿਆਣਾ ਦੇ ਇੱਕ ਸ਼ਰਾਬ ਸਮੱਗਲਰ ਨੂੰ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾਂ ਹੀ ਫੜ੍ਹਨ ਲਈ ਐਤਵਾਰ ਸਵੇਰੇ ਕਰੀਬ 9 ਵਜੇ ਗੁੰਡਾਗਰਦੀ ਦਾ ਖੂਬ ਨੰਗਾ ਨਾਚ ਖੇਡਿਆ ਗਿਆ। ਹਸਪਤਾਲ ਚ, ਭਰਤੀ ਸ਼ਰਾਬ ਸਮੱਗਲਰ ਅਨਿਲ ਕੁਮਾਰ ਨਿਵਾਸੀ ਟੋਹਾਣਾ, ਹਰਿਆਣਾ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਦੇ ਉਸ ਦੇ 6 / 7 ਕਾਰਿੰਦਿਆਂ ਨੇ ਉਸ ਦੀ ਸਿਵਫਟ ਗੱਡੀ ਨੂੰ ਘੇਰ ਕੇ ਉਸ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਉਸ ਨੂੰ ਉਵਰਬ੍ਰਿਜ ਤੋਂ ਧੱਕਾ ਦੇ ਦਿੱਤਾ। ਸੱਟ ਲੱਗਣ ਤੋਂ ਬਾਅਦ ਵੀ ਜਦੋਂ ਉਸ ਨੇ ਜਾਨ ਬਚਾਉਣ ਲਈ ਉੱਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕਰਿੰਦਿਆਂ ਨੇ ਵੀ ਪੁਲ ਤੋਂ ਹੇਠਾਂ ਛਾਲਾਂ ਮਾਰ ਦਿੱਤੀਆਂ। ਡਿੱਗ ਪੈਣ ਅਤੇ ਜਖਮੀ ਹਾਲਤ ਚ, ਵੀ ਕਾਰਿੰਦੇ ਤੇ ਠੇਕਦਾਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਰਹੇ। ਫਿਰ ਆਸ ਪਾਸ ਦੇ ਇਕੱਠੇ ਹੋਏ ਲੋਕਾਂ ਨੂੰ ਉਸ ਨੂੰ ਛੁਡਵਾਇਆ ਅਤੇ ਸਿਵਲ ਹਸਪਤਾਲ ਚ, ਦਾਖਿਲ ਕਰਵਾਇਆ।
ਬਰਨਾਲਾ ਐਂਟਰੀ ਵੇਲੇ ਹੀ ਪਿੱਛਾ ਕਰਨ ਲੱਗੀਆਂ ਗੱਡੀਆਂ
ਹਸਪਤਾਲ ਚ, ਦਰਦ ਨਾਲ ਕਰਾਹ ਰਹੇ ਅਨਿਲ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣੀ ਸਿਵਫਟ ਕਾਰ ਨੰਬਰ-ਯੂ.ਪੀ-14 ਐਚ.ਟੀ-2317 ਚ, ਬਰਨਾਲਾ ਟੀ-ਪੁਆਇੰਟ ਤੋਂ ਮੋਗਾ-ਅਮ੍ਰਿਤਸਰ ਬਾਈਪਾਸ ਤੇ ਚੜ੍ਹਿਆ, ਉਦੋਂ ਹੀ ਸ਼ਰਾਬ ਠੇਕੇਦਾਰ ਤੇ ਉਸ ਦੇ 6/7 ਕਾਰਿੰਦਿਆਂ ਨੇ ਮੇਰੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਾਰਿਆਂ ਨੇ ਉਸ ਨੂੰ ਬਾਈਪਾਸ ਤੇ ਬਰਨਾਲਾ-ਬਠਿੰਡਾ ਰੇਲਵੇ ਲਾਈਨ ਤੇ ਘੇਰ ਲਿਆ ਅਤੇ ਸੋਟੀਆਂ ਨਾਲ ਕੁੱਟਮਾਰ ਕਰਕੇ ਗੱਡੀ ਦੀ ਤਲਾਸ਼ੀ ਕਰਨ ਲੱਗ ਪਏ। ਉਸ ਨੇ ਕਿਹਾ ਕਿ ਇਸ ਮੌਕੇ ਨਾ ਕੋਈ ਪੁਲਿਸ ਕਰਮਚਾਰੀ ਸੀ ਅਤੇ ਨਾ ਹੀ ਕੋਈ ਆਬਕਾਰੀ ਵਿਭਾਗ ਦਾ ਅਧਿਕਾਰੀ ਮੌਜੂਦ ਸੀ । ਉਨਾਂ ਕਿਹਾ ਕਿ ਤਲਾਸ਼ੀ ਅਤੇ ਕੁੱਟਮਾਰ ਦੇ ਵਿਰੋਧ ਕਰਨ ਤੋਂ ਭੜਕੇ ਠੇਕੇਦਾਰ ਤੇ ਉਸ ਦੇ ਕਾਰਿੰਦਿਆਂ ਨੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਪੁਲ ਤੋਂ ਧੱਕਾ ਦੇ ਦਿੱਤਾ। ਪਰੰਤੂ ਚੰਗੇ ਭਾਗਾਂ ਨਾਲ ਉਹ ਬਚ ਗਿਆ। ਉਨਾਂ ਦੱਸਿਆ ਕਿ ਠੇਕੇਦਾਰ ਦੇ ਕਾਰਿੰਦਿਆਂ ਨੇ ਹਸਪਤਾਲ ਭਰਤੀ ਕਰਵਾਉਣ ਤੋਂ ਪਹਿਲਾਂ ਉਸ ਨੂੰ ਆਪਣੇ ਦਫਤਰ ਚ, ਲਿਜਾ ਕੇ ਵੀ ਮਾਰਕੁੱਟ ਕੀਤੀ।
ਜੇ ਨਾ ਛੁਡਾਉਂਦੇ ਤਾਂ ਜਾਨੋ ਮਾਰ ਦਿੰਦੇ,,,
ਘਟਨਾ ਵਾਲੀ ਥਾਂ ਨੇੜੇ ਮੌਜੂਦ ਪ੍ਰਤੱਖ ਦਰਸ਼ਕਾਂ ਜਗਜੀਤ ਸਿੰਘ ਅਤੇ ਹਰਮਿੰਦਰ ਸਿੰਘ ਹੰਡਿਆਇਆ ਨੇ ਦੱਸਿਆ ਕਿ ਜਦੋਂ ਸ਼ਰਾਬ ਠੇਕੇਦਾਰ ਦੇ ਕਾਰਿੰਦੇ ਸਮੱਗਲਰ ਦੀ ਮਾਰਕੁੱਟ ਕਰ ਰਹੇ ਸਨ ਤਾਂ ਉਨਾਂ ਨੇ ਅੱਗੇ ਵੱਧ ਕੇ ਰੋਕਿਆ। ਜੇਕਰ ਉਹ ਨਾ ਰੋਕਦੇ ਤਾਂ ਕਾਰਿੰਦੇ ਇੱਨਾਂ ਗੁੱਸੇ ਚ, ਸੀ ਕਿ ਸਮੱਗਲਰ ਦੀ ਜਾਨ ਵੀ ਲੈ ਸਕਦੇ ਸਨ। ਉਨਾਂ ਦੱਸਿਆ ਕਿ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਕੁੱਟਮਾਰ ਦਾ ਮੰਜਰ ਕਰੀਬ 20/25 ਮਿੰਟ ਚੱਲਦਾ ਰਿਹਾ। ਜਦੋਂ ਪੁਲਿਸ ਪਹੁੰਚੀ , ਉਦੋਂ ਤੱਕ ਸ਼ਰਾਬ ਠੇਕੇਦਾਰ ਤੇ ਕਾਰਿੰਦੇ ਪੁਲ ਤੋਂ ਡਿੱਗ ਕੇ ਜਖਮੀ ਹੋਏ 3 ਵਿਅਕਤੀਆਂ ਨੂੰ ਆਪਣੀਆਂ ਗੱਡੀਆਂ ਚ, ਲੈ ਕੇ ਚਲੇ ਗਏ।
2 ਨੂੰ ਰੈਫਰ ਕੀਤਾ ਪਟਿਆਲਾ, ਹਾਲਤ ਗੰਭੀਰ
ਸਿਵਲ ਹਸਪਤਾਲ ਦੇ ਡਿਊਟੀ ਤੇ ਤਾਇਨਾਤ ਸਟਾਫ ਅਨੁਸਾਰ ਅਨਿਲ ਕੁਮਾਰ ਟੋਹਾਣਾ , ਕਾਲਾ ਮੂਣਕ ਅਤੇ ਸੁਨੀਲ ਕੁਮਾਰ ਬਰਨਾਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪਰੰਤੂ ਕਾਲਾ ਅਤੇ ਸੁਨੀਲ ਨੂੰ ਗੰਭੀਰ ਹਾਲਤ ਚ, ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਉਨਾਂ ਦੱਸਿਆ ਕਿ ਅਨਿਲ ਕੁਮਾਰ ਦੀਆਂ ਸੱਟਾਂ ਵੀ ਐਕਸਰੇ ਲਈ ਰੱਖੀਆਂ ਗਈਆਂ ਹਨ ਅਤੇ ਪੁਲਿਸ ਨੂੰ ਘਟਨਾ ਸਬੰਧੀ ਰੁੱਕਾ ਭੇਜ ਦਿੱਤਾ ਹੈ।
ਕਾਲਾ ਮੂਣਕ ਕੌਣ, ਸਮੱਗਲਰ ਜਾਂ ਕੋਈ ਰਾਹਗੀਰ
ਸਿਵਲ ਹਸਪਤਾਲ ਚ, ਭਰਤੀ 3 ਜਣਿਆਂ ਚੋਂ ਅਨਿਲ ਕੁਮਾਰ ਦੀ ਪਹਿਚਾਣ ਸਮੱਗਲਰ ਦੇ ਤੌਰ ਤੇ ਹੋਈ ਹੈ, ਜਦੋਂ ਕਿ ਸੁਨੀਲ ਕੁਮਾਰ ਸ਼ਰਾਬ ਠੇਕੇਦਾਰਾਂ ਦਾ ਕਾਰਿੰਦਾ ਹੈ। ਪਰੰਤੂ ਕਾਲਾ ਮੂਣਕ ਕੌਣ ਹੈ, ਇਸ ਦਾ ਖੁਲਾਸਾ ਨਾ ਤਾਂ ਅਨਿਲ ਕੁਮਾਰ ਆਪਣੇ ਸਾਥੀ ਦੇ ਤੌਰ ਤੇ ਕਰ ਰਿਹਾ ਹੈ ਅਤੇ ਨਾ ਹੀ ਸੁਨੀਲ ਕੁਮਾਰ ਆਪਣੇ ਸਾਥੀ ਦੇ ਤੌਰ ਤੇ ਕਰ ਰਿਹਾ ਹੈ। ਅਨਿਲ ਕੁਮਾਰ ਅਨੁਸਾਰ ਜਦੋਂ ਉਹ ਬਰਨਾਲਾ ਪੁਲ ਤੇ ਚੜ੍ਹ ਰਿਹਾ ਸੀ ਤਾਂ ਇੱਕ ਵਿਅਕਤੀ ਉਸ ਤੋਂ ਲਿਫਟ ਲੈ ਕੇ ਨਾਲ ਬੈਠ ਗਿਆ। ਉਹ ਕੌਣ ਹੈ, ਉਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਹੁਣ ਕਾਲਾ ਮੂਣਕ ਦੀ ਭੂਮਿਕਾ ਦੀ ਜਾਂਚ ਵੀ ਪੁਲਿਸ ਦੇ ਹਿੱਸੇ ਆ ਗਈ ਹੈ।
ਸਿਵਲ ਹਸਪਤਾਲ ਪਹੁੰਚੇ ਡੀਐਸਪੀ ਟਿਵਾਣਾ
ਸ਼ਰਾਬ ਠੇਕੇਦਾਰ ਅਤੇ ਕਾਰਿੰਦਿਆਂ ਤੇ ਸਮੱਗਲਰ ਚ, ਹੋਏ ਕਥਿਤ ਝਗੜੇ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਲਖਵੀਰ ਸਿੰਘ ਟਿਵਾਣਾ ਅਤੇ ਐਸਐਚਉ ਸਿਟੀ 1 ਗੁਲਾਬ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਚ, ਪਹੁੰਚ ਗਏ। ਉਨਾਂ ਹਸਪਤਾਲ ਚ, ਭਰਤੀ ਕਥਿਤ ਸਮੱਗਲਰ ਅਨਿਲ ਕੁਮਾਰ ਤੋਂ ਘਟਨਾ ਦੀ ਜਾਣਕਾਰੀ ਤੇ ਉਸ ਦੀ ਗੱਡੀ ਚੋਂ ਬਰਾਮਦ ਹੋਈ ਸ਼ਰਾਬ ਬਾਰੇ ਪੁੱਛਗਿੱਛ ਵੀ ਕੀਤੀ। ਡੀਐਸਪੀ ਟਿਵਾਣਾ ਨੇ ਮੀਡੀਆ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਪੂਰੇ ਮਾਮਲੇ ਦੀ ਪੜਤਾਲ ਤੋਂ ਬਾਅਦ ਹੀ ਦੋਵਾਂ ਧਿਰਾਂ ਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ। ਉਨਾਂ ਠੇਕੇਦਾਰਾਂ ਤੇ ਕਾਰਿੰਦਿਆਂ ਵੱਲੋਂ ਬਿਨਾਂ ਪੁਲਿਸ ਅਤੇ ਆਬਕਾਰੀ ਅਧਿਕਾਰੀਆਂ ਤੋਂ ਹੀ ਰਾਹ ਜਾਂਦੀਆਂ ਗੱਡੀਆਂ ਦੀ ਘੇਰ ਦੇ ਤਲਾਸ਼ੀ ਲੈਣ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਚ, ਲੈਣ ਦੀ ਆਗਿਆ ਨਹੀਂ ਹੈ। ਜੇਕਰ ਇਹ ਗੱਲ ਪੜਤਾਲ ਦੌਰਾਨ ਸਹੀ ਪਾਈ ਗਈ ਤਾਂ ਉਹ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਤੋਂ ਗੁਰੇਜ ਨਹੀਂ ਕਰਨਗੇ। ਪਰੰਤੂ ਤਫਤੀਸ਼ ਤੋਂ ਪਹਿਲਾਂ ਹੀ ਕਿਸੇ ਇੱਕ ਧਿਰ ਨੂੰ ਦੋਸ਼ੀ ਜਾਂ ਨਿਰਦੋਸ਼ ਕਰਾਰ ਦੇਣਾ ਵੀ ਠੀਕ ਨਹੀਂ ਹੈ।
ਸਮੱਗਲਰ ਤੇ ਨਜਾਇਜ਼ ਸ਼ਰਾਬ ਦੇ ਕੇਸ ਦਰਜ਼-ਡੀਐਸਪੀ
ਡੀਐਸਪੀ ਟਿਵਾਣਾ ਨੇ ਕਿਹਾ ਕਿ ਸਮੱਗਲਰ ਦੀ ਸਿਵਫਟ ਕਾਰ ਚੋਂ 40 ਡਿੱਬੇ ਹਰਿਆਣਾ ਦੇ ਬਰਾਮਦ ਹੋਏ ਹਨ। ਜਿਸ ਸਬੰਧੀ ਸ਼ਰਾਬ ਸਮੱਗਲਰਾਂ ਤੇ ਕੇਸ ਦਰਜ਼ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੁਲਿਸ ਇਹ ਵੀ ਪੁੱਛਗਿੱਛ ਕਰੇਗੀ, ਕਿ ਇਹ ਸ਼ਰਾਬ ਕਿੱਥੇ ਲੈ ਕੇ ਜਾ ਰਹੇ ਸਨ। ਖਬਰ ਲਿਖੇ ਜਾਣ ਤੱਕ ਕਿਸੇ ਵੀ ਧਿਰ ਖਿਲਾਫ ਕੋਈ ਕੇਸ ਦਰਜ਼ ਨਾ ਕਰਨ ਚ, ਘਟਨਾ ਸਥਾਨ ਦੀ ਜੁਰੀਡਿਕਸ਼ਨ ਦਾ ਪੇਚ ਫਸਿਆ ਹੋਇਆ ਸੀ, ਕਿਉਂਕਿ ਸਭ ਤੋਂ ਪਹਿਲਾਂ ਉੱਥੇ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ਼ ਐਸਆਈ ਗੁਰਵਿੰਦਰ ਸਿੰਘ ਸੰਧੂ ਪਹੁੰਚੇ, ਫਿਰ ਥਾਣਾ ਸਿਟੀ 1 ਦੇ ਐਸਐਚਉ ਗੁਲਾਬ ਸਿੰਘ ਅਤੇ ਬਾਅਦ ਚ, ਪਤਾ ਲੱਗਿਆ ਕਿ ਘਟਨਾ ਦਾ ਵਕੂਆ ਥਾਣਾ ਸਿਟੀ – 2 ਦੀ ਹੱਦ ਚ, ਪੈਂਦਾ ਹੈ। ਡੀਐਸਪੀ ਟਿਵਾਣਾ ਨੇ ਕਿਹਾ ਕਿ ਫਿਲਹਾਲ ਬਰਨਾਲਾ ਹਸਪਤਾਲ ਚ, ਭਰਤੀ ਅਨਿਲ ਕੁਮਾਰ ਟੋਹਾਣਾ ਦੇ ਬਿਆਨ ਲੈਣ ਲਈ ਥਾਣਾ ਸਿਟੀ 2 ਦੇ ਐਸਐਚਉ ਇਕਬਾਲ ਸਿੰਘ ਨੂੰ ਭੇਜਿਆ ਗਿਆ ਹੈ।
ਸ਼ਰਾਬ ਠੇਕੇਦਾਰਾਂ ਤੇ ਕਾਰਿੰਦਿਆਂ ਦੁਆਰਾ ਲੋਕਾਂ ਦੇ ਘਰਾਂ ਤੇ ਗੱਡੀਆਂ ਦੀ ਤਲਾਸ਼ੀ ਕਰਨਾ ਗੁੰਡਾਗਰਦੀ- ਚੇਅਰਮੈਨ ਸ਼ਰਮਾ
ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਬਰਨਾਲਾ ਦੇ ਸ਼ਰਾਬ ਠੇਕੇਦਾਰ ਆਪਣੇ ਕਾਰਿੰਦਿਆਂ ਸਮੇਤ ਇੱਕ ਵਪਾਰੀ ਦੇ ਘਰ ਅੰਦਰ ਤਲਾਸ਼ੀ ਲੈਣ ਲਈ ਗੈਰਕਾਨੂੰਨੀ ਢੰਗ ਨਾਲ ਦਾਖਿਲ ਹੋ ਗਏ ਸਨ। ਜਿਸ ਸਬੰਧੀ ਸ਼ਕਾਇਤ ਦੀ ਪੜਤਾਲ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਵੱਖ ਵੱਖ ਅਧਿਕਾਰੀ ਕਰ ਰਹੇ ਹਨ। ਸੀਨੀਅਰ ਕਾਂਗਰਸੀ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਸ਼ਰਾਬ ਠੇਕੇਦਾਰਾਂ ਤੇ ਕਾਰਿੰਦਿਆਂ ਨੂੰ ਕਿਸੇ ਵੀ ਗੱਡੀ ਜਾਂ ਘਰ ਦੀ ਤਲਾਸ਼ੀ ਆਪਣੇ ਤੌਰ ਤੇ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਉਨਾਂ ਨੂੰ ਕਿਸੇ ਤੇ ਸ਼ੱਕ ਹੈ ਤਾਂ ਉਹ ਪੁਲਿਸ ਤੇ ਆਬਕਾਰੀ ਅਧਿਕਾਰੀਆਂ ਨੂੰ ਇਤਲਾਹ ਦੇ ਸਕਦੇ ਹਨ। ਸਿੱਧੇ ਤੌਰ ਦੇ ਠੇਕੇਦਾਰਾਂ ਤੇ ਉਨਾਂ ਦੇ ਕਾਰਿੰਦਿਆਂ ਦਾ ਲੋਕਾਂ ਦੇ ਘਰਾਂ ਅਤੇ ਗੱਡੀਆਂ ਦੀਆਂ ਤਲਾਸ਼ੀਆਂ ਕਰਨਾ ਸ਼ਰੇਆਮ ਗੁੰਡਾਗਰਦੀ ਹੈ। ਜਿਸ ਨੂੰ ਰੋਕਣ ਲਈ ਪ੍ਰਸ਼ਾਸ਼ਨ ਨੂੰ ਸਖਤ ਰੁੱਖ ਅਪਣਾਉਣ ਦੀ ਲੋੜ ਹੈ।