ਏ ਡੀ ਜੀ ਪੀ ਜੇਲ੍ਹਾਂ ਤੋਂ ਪਰਿਵਾਰ ਦੇ ਮੈਂਬਰਾਂ ਨੇ ਮੰਗੀ ਜਾਂਚ,ਵੱਡਾ ਸਵਾਲ ਜੇਲ੍ਹ ਚ, ਨਸ਼ਾ ਕਿੱਥੋਂ ਆਇਆ ?
ਪਰਿਵਾਰਕ ਮੈਂਬਰਾਂ ਦਾ ਦੋਸ਼, ਲੱਖੇ ਦੇ ਬਿਮਾਰ ਹੋਣ ਬਾਰੇ ਜੇਲ੍ਹ ਵਾਲਿਆਂ ਨੇ ਕਦੇ ਵੀ ਨਹੀਂ ਸੀ ਦੱਸਿਆ
ਰਾਜੇਸ਼ ਗੌਤਮ / ਲੋਕੇਸ਼ ਕੌਸ਼ਲ ਪਟਿਆਲਾ, 31 ਜੁਲਾਈ, 2020
ਸ਼ਾਹੀ ਸ਼ਹਿਰ ਦੇ ਅਬਲੋਵਾਲ ਖੇਤਰ ਚ, ਰਹਿਣ ਵਾਲੇ ਨੌਜਵਾਨ ਲਖਵਿੰਦਰ ਸਿੰਘ ਲੱਖੀ ਦੀ ਬਰਨਾਲਾ ਜੇਲ੍ਹ ਵਿਚ ਕਰੀਬ 27 ਦਿਨ ਪਹਿਲਾਂ ਸ਼ੱਕੀ ਹਾਲਤਾਂ ਚ, ਹੋਈ ਮੌਤ ਦੇ ਮਾਮਲੇ ਨੇ ਹੁਣ ਕਾਫੀ ਤੂਲ ਫੜ੍ਹ ਲਿਆ। ਜਦੋਂ ਲੱਖੇ ਦੇ ਪਰਿਵਾਰਿਕ ਮੈਂਬਰਾਂ ਨੇ ਜੇਲ੍ਹ ਬੰਦੀ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਮੀਡੀਆ ਅੱਗੇ ਪੇਸ਼ ਕਰਕੇ ਦੱਸਿਆ ਕਿ ਪ੍ਰਾਪਤ ਰਿਪੋਰਟ ਅਨੁਸਾਰ ਲੱਖੇ ਦੀ ਮੌਤ ਨਸ਼ੇ ਦੀ ਉਵਰਡੋਜ਼ ਨਾਲ ਹੋਈ ਹੈ। ਵੱਡਾ ਸਵਾਲ ਹਿਹ ਖੜ੍ਹਾ ਹੋ ਗਿਆ ਕਿ ਆਖਿਰ ਸਖਤ ਸੁਰੱਖਿਆ ਪਹਿਰੇ ਥੱਲੇ ਰਹਿ ਰਹੇ ਲੱਖੇ ਕੋਲ ਆਖਿਰ ਨਸ਼ਾ ਕਿਵੇਂ ਪਹੁੰਚ ਗਿਆ। ਪਰਿਵਾਰ ਦੇ ਮੈਂਬਰਾਂ ਨੇ ਬਰਨਾਲਾ ਜੇਲ੍ਹ ਪ੍ਰਸ਼ਾਸ਼ਨ ਤੇ ਲਾਪਰਵਾਹੀ ਵਰਤਣ ਅਤੇ ਲੱਖੀ ਦੀ ਜੇਲ੍ਹ ਦੇ ਅੰਦਰ ਵੀ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਾਕੇ ਪੂਰੇ ਮਾਮਲੇ ਦੀ ਜਾਂਚ ਲਈ ਏਡੀਜੀਪੀ ਜੇਲ੍ਹਾਂ ਨੂੰ ਗੁਹਾਰ ਲਗਾਈ ਹੈ।
ਪਟਿਆਲਾ ਮੀਡੀਆ ਕਲੱਬ ਵਿਚ ਸ਼ੁਕਰਵਾਰ ਨੂੰ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੇਲ੍ਹ ਬੰਦੀ ਮ੍ਰਿਤਕ ਲਖਵਿੰਦਰ ਸਿੰਘ ਲੱਖਾ ਪੁੱਤਰ ਬਲਦੇਵ ਸਿੰਘ ਨਿਵਾਸੀ ਅਬਲੋਵਾਲ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਲਖਵਿੰਦਰ ਸਿੰਘ ਨਾਲ ਜੇਲ੍ਹ ਵਿਚ ਕੁੱਟਮਾਰ ਕੀਤੀ ਗਈ । ਜਿਸ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਲੱਖੀ ਦੇ ਬਿਮਾਰ ਹੋਣ ਤੇ ਨਹੀਂ ਬਲਕਿ ਮੌਤ ਹੋਣ ਮਗਰੋਂ ਹੀ ਪਰਿਵਾਰ ਨੂੰ ਸੂਚਿਤ ਕੀਤਾ। ਉਹਨਾ ਦੱਸਿਆ ਕਿ ਲਖਵਿੰਦਰ ਸਿੰਘ ਨੂੰ 23 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2 ਦਿਨ ਦੇ ਪੁਲਿਸ ਰਿਮਾਂਡ ਮਗਰੋਂ ਉਸਨੂੰ 27 ਜੂਨ ਨੂੰ ਬਰਨਾਲਾ ਦੀ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ । ਫਿਰ ਪਰਿਵਾਰ ਨੂੰ 4 ਜੁਲਾਈ ਨੂੰ ਸਵੇਰੇ ਸਿਵਲ ਹਸਪਤਾਲ ਬਰਨਾਲਾ ਤੋਂ ਫੋਨ ਆਇਆ ਕਿ ਲਖਵਿੰਦਰ ਸਿੰਘ ਲੱਖੀ ਦੀ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ 25 ਸਾਲ ਭਰ ਜੁਆਨ ਗੱਭਰੂ ਸੀ, ਜਿਹੜਾ ਕਿਸੇ ਵੀ ਬਿਮਾਰੀ ਤੋਂ ਪੀੜਤ ਨਹੀਂ ਸੀ। ਉਸ ਦੀ ਅਚਾਣਕ ਆਖਿਰ ਮੌਤ ਕਿਵੇਂ ਹੋ ਗਈ ? ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਜੋ ਪੋਸਟਮਾਰਟਮ ਰਿਪੋਰਟ ਦਿੱਤੀ ਗਈ ਹੈ, ਉਸ ਵਿਚ ਲੱਖੀ ਦੀ ਮੌਤ ਲਈ ਨਸ਼ੇ ਦੀ ਓਵਰਡੋਜ਼ ਹੀ ਜ਼ਿੰਮੇਵਾਰ ਦੱਸੀ ਗਈ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ 23 ਤਾਰੀਕ ਤੋਂ ਪੁਲਿਸ ਦੀ ਹਿਰਾਸਤ ਵਿਚ ਅਤੇ ਫਿਰ 27 ਜੂਨ ਤੋਂ ਬਰਨਾਲਾ ਜੇਲ੍ਹ ਵਿਚ ਬੰਦ ਰਹਿੰਦਿਆਂ ਉਹ ਨਸ਼ਾ ਕਿਵੇਂ ਕਰ ਸਕਦਾ ਹੈ ? ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਲਈ ਏ ਡੀ ਜੀ ਪੀ ਜੇਲ੍ਹਾਂ ਨੂੰ ਵੀ ਦਰਖ਼ਾਸਤ ਦਿੱਤੀ ਹੈ ਅਤੇ ਐਸ ਐਸ ਪੀ ਬਰਨਾਲਾ ਨੂੰ ਵੀ ਲਿਖਤੀ ਦਰਖ਼ਾਸਤ ਦਿੱਤੀ ਹੈ । ਪਰ ਮੌਤ ਹੋਣ ਤੋਂ ਤਕਰੀਬਨ ਇਕ ਮਹੀਨਾ ਬਾਅਦ ਵੀ ਹਾਲੇ ਤੱਕ ਹਿਰਾਸਤੀ ਮੌਤ ਦੀ ਕੋਈ ਸੁਣਵਾਈ ਹੀ ਨਹੀਂ ਹੋਈ। ਪ੍ਰੈਸ ਕਾਨਫਰੰਸ ਵਿਚ ਮ੍ਰਿਤਕ ਦੀ ਮਾਂ ਛਿੰਦਰਪਾਲ ਕੌਰ, ਨਾਨੀ ਦਲੀਪ ਕੌਰ, ਮਾਮੀ ਪਰਮਜੀਤ ਕੌਰ, ਭਰਾ ਕੁਲਦੀਪ ਸਿੰਘ ਤੇ ਗੁਰਜੀਤ ਸਿੰਘ, ਚਚੇਰੇ ਭਰਾ ਵੀਰਪਾਲ ਸਿੰਘ ਅਤੇ ਧਰਮਿੰਦਰ ਸਿੰਘ ਅਤੇ ਹੋਰ ਕਰੀਬੀ ਰਿਸ਼ਤੇਦਾਰ ਵੀ ਹਾਜ਼ਰ ਸਨ।
ਨਾ ਇਲਾਜ ਕੋਈ ਕੋਤਾਹੀ ਕੀਤੀ, ਨਾ ਹੀ ਕਿਸੇ ਨੇ ਕੀਤੀ ਕੁੱਟਮਾਰ- ਜੇਲ੍ਹ ਸੁਪਰਡੈਂਟ
ਜਿਲ੍ਹਾ ਜੇਲ੍ਹ ਦੇ ਸੁਪਰਡੈਂਟ ਬਲਵੀਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਲਖਵਿੰਦਰ ਸਿੰਘ ਲੱਖੀ ਨਸ਼ੇ ਦਾ ਆਦੀ ਸੀ, ਨਸ਼ੇ ਦੀ ਤੋਟ ਕਾਰਣ ਜਦੋਂ ਉਹ ਜਿਆਦਾ ਤੰਗ ਕਰਨ ਲੱਗਿਆ ਤਾਂ, ਜੇਲ੍ਹ ਦੇ ਡਾਕਟਰ ਨੇ ਉਸ ਦਾ ਪ੍ਰੋਪਰ ਢੰਗ ਨਾਲ ਇਲਾਜ਼ ਕੀਤਾ। ਜਦੋਂ ਹਾਲਤ ਚ, ਕੋਈ ਸੁਧਾਰ ਨਾ ਹੋਇਆ ਤਾਂ ਉਸ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਗਵਾਹ ਹੈ ਕਿ ਉਹ ਖੁਦ ਪੈਦਲ ਚੱਲਦਾ ਜੇਲ੍ਹ ਚੋਂ ਨਿੱਕਲਿਆ ਸੀ, ਜੇਲ੍ਹ ਅੰਦਰ ਨਸ਼ੇ ਜਾਂ ਕੁੱਟਮਾਰ ਦੇ ਦੋਸ਼ ਬੇਬੁਨਿਆਦ ਹਨ। ਹਸਪਤਾਲ ਚ, ਇਲਾਜ਼ ਦੌਰਾਨ ਹੀ ਉਸਦੀ ਮੌਤ ਹੋਈ ਹੈ। ਉਨਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਹਾਲੇ ਤੱਕ ਉਨਾਂ ਕੋਲ ਨਹੀਂ ਪਹੁੰਚੀ, ਉਦੋਂ ਤੱਕ ਪੋਸਟਮਾਰਟਮ ਰਿਪੋਰਟ ਤੇ ਕੋਈ ਪ੍ਰਤੀਕ੍ਰਿਆ ਦੇਣਾ ਠੀਕ ਨਹੀਂ ਹੈ।