ਹਰਿੰਦਰ ਨਿੱਕਾ, ਬਰਨਾਲਾ 21 ਜਨਵਰੀ 2026
ਬੇਸ਼ੱਕ ਹਾਲੇ ਨਗਰ ਨਿਗਮ ਦੀ ਪਲੇਠੀ ਚੋਣ ਦਾ ਐਲਾਨ ਤਾਂ ਨਹੀਂ ਹੋਇਆ,ਪਰ ਵਾਰਡ ਬੰਦੀ ਦੇ ਅੰਤਿਮ ਨੋਟੀਫਿਕੇਸ਼ਨ ਤੋਂ ਬਾਅਦ ਹੀ ਉਮੀਦਵਾਰਾਂ ਨੇ ਚੋਣ ਮੈਦਾਨ ਲਈ ਪਰ ਤੋਲਨੇ ਸ਼ੁਰੂ ਕਰ ਦਿੱਤੇ ਹਨ। ਬਰਨਾਲਾ ਸ਼ਹਿਰ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਭੂਚਾਲ ਆ ਗਿਆ। ਜਦੋਂ ਦਿੱਗਜ ਕਾਂਗਰਸੀ ਲੀਡਰ ਤੇ ਚਾਰ ਵਾਰ ਕੌਂਸਲਰ ਰਹਿ ਚੁੱਕੇ, ਮਹੇਸ਼ ਲੋਟਾ ਨੇ, ਵਾਰਡ ਨੰਬਰ 30 ਚੋਂ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਦੇ ਬੇਹੱਦ ਕਰੀਬੀ ਅਤੇ ਬਰਨਾਲਾ ਕਲੱਬ ਦੇ ਸੈਕਟਰੀ ਇਸ਼ਵਿੰਦਰ ਸਿੰਘ ਜੰਡੂ ਦੇ ਮੁਕਾਬਲੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਲੋਟਾ ਅਤੇ ਜੰਡੂ ਦੇ ਆਹਮੋ -ਸਾਹਮਣੇ ਹੋ ਜਾਣ ਨਾਲ ਸ਼ਹਿਰੀਆਂ ਦੀਆਂ ਨਜ਼ਰਾਂ ਹੁਣ ਵਾਰਡ ਨੰਬਰ 30 ਤੇ ਹੀ ਟਿਕ ਗਈਆਂ ਹਨ। 
ਬਰਨਾਲਾ ਦੀ ਸਿਆਸੀ ਫ਼ਿਜ਼ਾ ਹੋਈ ਗਰਮ
ਬਰਨਾਲਾ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਸਿਆਸੀ ਪਿੜ ਪੂਰੀ ਤਰ੍ਹਾਂ ਭਖ ਗਿਆ ਹੈ। ਸਭ ਤੋਂ ਦਿਲਚਸਪ ਅਤੇ ਫਸਵਾਂ ਮੁਕਾਬਲਾ ਵਾਰਡ ਨੰਬਰ 30 ਵਿੱਚ ਦੇਖਣ ਨੂੰ ਮਿਲੇਗਾ। ਜਿੱਥੇ ਆਮ ਆਦਮੀ ਪਾਰਟੀ ਦੇ ਦਿੱਗਜ ਯੂਥ ਆਗੂ ਇਸ਼ਵਿੰਦਰ ਸਿੰਘ ਜੰਡੂ ਦੇ ਸੰਭਾਵਿਤ ਜੇਤੂ ਰੱਥ ਨੂੰ ਰੋਕਣ ਲਈ ਸ਼ਹਿਰੀ ਕਾਂਗਰਸ ਦੇ ਚਾਣਕਿਆ ਮੰਨੇ ਜਾਣ ਵਾਲੇ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਅੱਜ ਤੋਂ ਵਾਰਡ ਅੰਦਰ ਸਰਗਰਮੀ ਵਿੱਢ ਦਿੱਤੀ ਹੈ। ਲੋਟਾ ਦੀ ਆਮਦ, ਨੇ ਜੰਡੂ ਦੇ ਰਾਜਸੀ ਰਾਹ ‘ਚ ਕੰਡੇ ਹੀ ਨਹੀਂ, ਸਗੋਂ ਕੰਡਿਆਲੀ ਤਾਰ ਵਿਛਾ ਦਿੱਤੀ ਹੈ। 
ਇਤਿਹਾਸਕ ਵਾਰਡ ਦੀ ਵੱਡੀ ਜੰਗ
ਵਾਰਡ ਨੰਬਰ 30 ਕੋਈ ਆਮ ਵਾਰਡ ਨਹੀਂ ਹੈ। ਇਹ ਉਹ ‘ਵੀਆਈਪੀ’ ਸੀਟ ਹੈ ਜਿਸ ਨੇ ਸ਼ਹਿਰ ਦੀ ਸਿਆਸਤ ਨੂੰ ਕਈ ਵੱਡੇ ਮੋੜ ਦਿੱਤੇ ਹਨ:
* ਸੱਤਾ ਦਾ ਰਾਹ: ਇਹ ਉਹੀ ਵਾਰਡ ਹੈ ਜਿੱਥੋਂ ਜਿੱਤ ਪ੍ਰਾਪਤ ਕਰਕੇ ਕਾਂਗਰਸੀ ਆਗੂ ਮੱਖਣ ਸ਼ਰਮਾ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਤੱਕ ਪਹੁੰਚੇ ਸਨ।
* ਰਿਕਾਰਡ ਤੋੜ ਜਿੱਤ: ਪਿਛਲੀਆਂ ਚੋਣਾਂ ਵਿੱਚ ਮੱਖਣ ਸ਼ਰਮਾ ਦੀ ਪਤਨੀ ਦੀਪਿਕਾ ਸ਼ਰਮਾ ਨੇ ਇੱਥੋਂ ਸਭ ਤੋਂ ਵੱਡੇ ਫਰਕ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਸੀ।
ਮਹੇਸ਼ ਲੋਟਾ ਦੇ ਐਲਾਨ ਨੇ ਉਡਾਈ ‘ਆਪ’ ਦੀ ਨੀਂਦ
ਹੁਣ ਜਦੋਂ ਮਹੇਸ਼ ਲੋਟਾ ਨੇ ਚੋਣ ਦੰਗਲ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ ਹੈ, ਤਾਂ ‘ਆਪ’ ਕੈਂਪ ਵਿੱਚ ਹਲਚਲ ਤੇਜ਼ ਹੋ ਗਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਲੋਟਾ ਦਾ ਆਪਣਾ ਨਿੱਜੀ ਵੋਟ ਬੈਂਕ ਅਤੇ ਕਾਂਗਰਸ ਦੀ ਰਵਾਇਤੀ ਪਕੜ ਇਸ਼ਵਿੰਦਰ ਸਿੰਘ ਜੰਡੂ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਕਿਉਂਕਿ ਸ਼ਹਿਰ ਦੀ ਦਿਲ ਸਮਝੇ ਜਾਂਦੇ ਵਾਰਡ ਵਿੱਚ ਲੰਘੀਆਂ ਕੌਂਸਲ ਚੋਣਾਂ ਵਿੱਚ ਆਪ ਦੀ ਉਮੀਦਵਾਰ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 
> ਖ਼ਾਸ ਗੱਲ ਇਹ ਹੈ ਕਿ ਜਿੱਥੇ ‘ਆਪ’ ਸਰਕਾਰ ਦੀਆਂ ਉਪਲਬਧੀਆਂ ਦੇ ਦਮ ‘ਤੇ ਜੰਡੂ ਮੈਦਾਨ ਫਤਿਹ ਕਰਨ ਦੇ ਦਾਅਵੇ ਕਰ ਰਹੇ ਹਨ, ਉੱਥੇ ਹੀ ਮਹੇਸ਼ ਲੋਟਾ ਦਾ ਤਜਰਬਾ ਅਤੇ ਪੁਰਾਣੇ ਰਿਕਾਰਡ ਇਸ ਮੁਕਾਬਲੇ ਨੂੰ ਬੇਹੱਦ ਰੋਮਾਂਚਕ ਬਣਾ ਰਹੇ ਹਨ।
> ਹੁਣ ਦੇਖਣਾ ਇਹ ਹੋਵੇਗਾ ਕਿ ਕੀ ਜੰਡੂ ‘ਆਪ’ ਦੀ ਡਿੱਕੀ ਡੋਲੇ ਖਾਂਦੀ ਲਹਿਰ ‘ਤੇ ਸਵਾਰ ਹੋ ਕੇ ਇਸ ਕਿਲ੍ਹੇ ਨੂੰ ਹਰ ਕਰ ਪਾਉਣਗੇ ਜਾਂ ਫਿਰ ਮਹੇਸ਼ ਲੋਟਾ ਕਾਂਗਰਸ ਦੇ ਇਸ ਪੁਰਾਣੇ ਗੜ੍ਹ ‘ਤੇ ਮੁੜ ਕਾਂਗਰਸ ਦਾ ਕਬਜ਼ਾ ਜਮਾਉਣਗੇ।







