ਘਰ ਦੇ ਪਿਛਲੇ ਕਮਰੇ ’ਚ ਚੱਲ ਰਹੀਆਂ ਸਨ ਆਖਰੀ ਸਾਹਾਂ, ਪਰਿਵਾਰ ਨੂੰ ਮਿਲੀ ਸਿਰਫ਼ ‘ਲਾਸ਼’!
ਨਸ਼ੇ ਦੇ ਦੌਦਾਗਰਾਂ ਨੇ ਉਜਾੜਿਆ ਇੱਕ ਹੋਰ ਹੱਸਦਾ-ਖੇਡਦਾ ਪਰਿਵਾਰ!
ਹਰਿੰਦਰ ਨਿੱਕਾ, ਪਟਿਆਲਾ 24 ਮਈ 2026
ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਕਿਸ ਕਦਰ ਡੂੰਘੀ ਹੋ ਚੁੱਕੀ ਹੈ, ਇਸਦੀ ਇੱਕ ਹੋਰ ਰੂਹ ਕੰਬਾਊ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢਣ ਵਾਲੀ ਮਿਸਾਲ ਥਾਣਾ ਸਦਰ ਸਮਾਣਾ ਦੇ ਅਧੀਨ ਆਉਂਦੇ ਪਿੰਡ ਮਰੋੜੀ ਤੋਂ ਸਾਹਮਣੇ ਆਈ ਹੈ। ਜਿੱਥੇ ਨਸ਼ੇ ਦੇ ਆਦੀ ਦੋ ਦੋਸ਼ੀਆਂ ਨੇ ਇੱਕ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ। ਪ੍ਰਸ਼ਾਸਨ ਭਾਵੇਂ ‘ਨਸ਼ਾ ਮੁਕਤ ਪੰਜਾਬ’ ਦੇ ਲੱਖਾਂ ਦਾਅਵੇ ਕਰੇ, ਪਰ ਸਮਾਣਾ ਦੀ ਇਹ ਘਟਨਾ ਸਾਬਤ ਕਰਦੀ ਹੈ ਕਿ ਮੌਤ ਦੇ ਸੌਦਾਗਰ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ। 
ਦੋਸਤੀ ਦੇ ਭੇਸ ਵਿੱਚ ਆਈ ‘ਮੌਤ’
ਮੁਦਈ ਮੁਕੱਦਮਾ ਕਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿਛਲੇ 12-13 ਸਾਲਾਂ ਤੋਂ ਆਪਣੇ ਪੇਕੇ ਪਿੰਡ ਮਰੋੜੀ ਰਹਿ ਰਹੀ ਸੀ। ਮਿਤੀ 22 ਮਈ ਦੀ ਸ਼ਾਮ ਨੂੰ ਪਿੰਡ ਦੇ ਹੀ ਦੋ ਨਸ਼ੇੜੀ ਨੌਜਵਾਨ, ਮਨਜੀਤ ਸਿੰਘ ਅਤੇ ਮਲਕੀਤ ਸਿੰਘ, ਉਸਦੇ ਘਰ ਆਏ। ਉਹ ਮੇਰੇ ਭਰਾ ਸਲਿੰਦਰ ਸਿੰਘ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਨਾਲ ਲੈ ਗਏ। ਪਰਿਵਾਰ ਨੂੰ ਕੀ ਪਤਾ ਸੀ ਕਿ ਸਲਿੰਦਰ ਆਪਣੇ ਪੈਰਾਂ ’ਤੇ ਨਹੀਂ, ਸਗੋਂ ਮੌਤ ਦੇ ਵਾਹਨ ’ਤੇ ਸਵਾਰ ਹੋ ਕੇ ਜਾ ਰਿਹਾ ਹੈ।
ਪਿਛਲੇ ਕਮਰੇ ਦਾ ਖ਼ੌਫ਼ਨਾਕ ਸੱਚ
ਉਨ੍ਹਾਂ ਦੱਸਿਆ ਕਿ ਜਦੋਂ ਰਾਤ ਦੇ 11 ਵੱਜ ਗਏ ਅਤੇ ਸਲਿੰਦਰ ਘਰ ਨਾ ਪਰਤਿਆ, ਤਾਂ ਚਿੰਤਤ ਪਰਿਵਾਰ ਮਨਜੀਤ ਸਿੰਘ ਦੇ ਘਰ ਪਹੁੰਚਿਆ। ਉੱਥੇ ਮਲਕੀਤ ਸਿੰਘ ਵੀ ਮੌਜੂਦ ਸੀ ਅਤੇ ਸਲਿੰਦਰ ਦਾ ਮੋਟਰਸਾਈਕਲ ਬਾਹਰ ਖੜ੍ਹਾ ਸੀ। ਜਦੋਂ ਦੋਸ਼ੀਆਂ ਨੇ ਸਲਿੰਦਰ ਬਾਰੇ ਪੁੱਛਣ ’ਤੇ ਟਾਲ-ਮਟੋਲ ਕਰਨੀ ਸ਼ੁਰੂ ਕੀਤੀ, ਤਾਂ ਪਰਿਵਾਰ ਨੂੰ ਸ਼ੱਕ ਹੋਇਆ। ਘਰ ਦੇ ਕਮਰਿਆਂ ਦੀ ਤਲਾਸ਼ੀ ਲੈਣ ’ਤੇ ਪਿਛਲੇ ਕਮਰੇ ਵਿੱਚ ਜੋ ਮੰਜ਼ਰ ਦੇਖਿਆ, ਉਸਨੇ ਪਰਿਵਾਰ ਦੇ ਹੋਸ਼ ਉਡਾ ਦਿੱਤੇ। ਸਲਿੰਦਰ ਉੱਥੇ ਬੇਸੁੱਧ ਪਿਆ ਸੀ ਅਤੇ ਉਸਦੀ ਧੜਕਣ ਬਹੁਤ ਹੌਲੀ ਚੱਲ ਰਹੀ ਸੀ।
ਹਸਪਤਾਲ ਪਹੁੰਚਦਿਆਂ ਹੀ ਟੁੱਟੀ ਆਸ
ਪਰਿਵਾਰ ਵੱਲੋਂ ਤੁਰੰਤ ਸਲਿੰਦਰ ਨੂੰ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ, ਪਰ ਅਫ਼ਸੋਸ! ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੋਸ਼ੀਆਂ ਵੱਲੋਂ ਦਿੱਤੀ ਗਈ ਨਸ਼ੇ ਦੀ ਵੱਧ ਡੋਜ਼ (ਓਵਰਡੋਜ਼) ਕਾਰਨ ਸਲਿੰਦਰ ਦੀ ਜਾਨ ਚਲੀ ਗਈ।
ਪ੍ਰਸ਼ਾਸਨ ’ਤੇ ਲਟਕਦੇ ਸਵਾਲ
ਇਸ ਘਟਨਾ ਤੋਂ ਬਾਅਦ ਥਾਣਾ ਸਦਰ ਸਮਾਣਾ ਪੁਲਿਸ ਨੇ ਮਨਜੀਤ ਸਿੰਘ, ਮਲਕੀਤ ਸਿੰਘ ਅਤੇ ਨੀਲਮ ਕੌਰ ਵਿਰੁੱਧ FIR ਨੰਬਰ 115 ਦੇ ਤਹਿਤ ਬੀ.ਐਨ.ਐਸ. (BNS) ਦੀਆਂ ਧਾਰਾਵਾਂ 105 ਅਤੇ 61(2) ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਹੈ।
ਪਰ ਸਵਾਲ ਇਹ ਉੱਠਦਾ ਹੈ ਕਿ ਇਹ ਕਾਗਜ਼ੀ ਕਾਰਵਾਈਆਂ ਕਦੋਂ ਤੱਕ ਚੱਲਣਗੀਆਂ?
ਪੁਲਿਸ ਦੀ ਮੁਸਤੈਦੀ ਸਿਰਫ਼ ਨਾਕਿਆਂ ’ਤੇ ਚਲਾਨ ਕੱਟਣ ਤੱਕ ਸੀਮਤ ਹੈ ਜਾਂ ਪਿੰਡਾਂ ਵਿੱਚ ਸ਼ਰੇਆਮ ਵਿਕ ਰਹੇ ਜ਼ਹਿਰ ’ਤੇ ਵੀ ਕੋਈ ਐਕਸ਼ਨ ਹੋਵੇਗਾ?
ਜਦੋਂ ਤੱਕ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗੇਗਾ, ਉਦੋਂ ਤੱਕ ਪਤਾ ਨਹੀਂ ਹੋਰ ਕਿੰਨੀਆਂ ਭੈਣਾਂ ਦੇ ਭਰਾ ਇਸ ‘ਚਿੱਟੇ’ ਦੀ ਭੇਟ ਚੜ੍ਹ ਜਾਣਗੇ।







