ਆਪ’ ਸਰਕਾਰ ਖਿਲਾਫ਼ ਇੱਕ ਮੰਚ ‘ਤੇ ਆਈਆਂ ਸਾਰੀਆਂ ਸਿਆਸੀ ਧਿਰਾਂ..!

Advertisement
Spread information

ਬਰਨਾਲਾ ‘ਚ ਸਿਆਸੀ ਭੂਚਾਲ, ਹੁਣ ਆਰ-ਪਾਰ ਦੀ ਲੜਾਈ ਸ਼ੁਰੂ!
ਹਰਿੰਦਰ ਨਿੱਕਾ, ਬਰਨਾਲਾ, 19 ਮਈ 2026
​     ਸੱਤਾਧਾਰੀਆਂ ਦੇ ਕਥਿਤ ਦਬਾਅ ਦੇ ਚਲਦਿਆਂ ਚੋਣ ਅਧਿਕਾਰੀਆਂ ਵੱਲੋਂ ਕੁੱਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਤੋਂ ਬਾਅਦ, ਇੱਕ ਦੂਜੇ ਦੀਆਂ ਧੁਰ ਵਿਰੋਧੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ। ਵਿਰੋਧੀ ਧਿਰਾਂ ਨੇ ਰੋਸ ਵਜੋਂ ਭਲਕੇ ਸ਼ਹਿਰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਵਿਰੋਧੀ ਧਿਰਾਂ ਦੀ ਇੱਕਜੁਟਤਾ ਨੇ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।           

     ਧੱਕੇਸ਼ਾਹੀ ਦੀ ਹੱਦ: ਵੱਡਾ ਦੋਸ਼-ਰਾਤੋ-ਰਾਤ ਬਦਲੇ ਫਾਰਮ, !
    ਸਾਰਾ ਘਟਨਾਕ੍ਰਮ ਬਰਨਾਲਾ ਦੇ ਵਾਰਡ ਨੰਬਰ 31 ਤੋਂ ਚੋਣ ਲੜ ਰਹੀ ਭਾਜਪਾ ਉਮੀਦਵਾਰ ਰਜਨੀ ਰਾਣੀ ਦੇ ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰਨ ਨਾਲ ਸ਼ੁਰੂ ਹੋਇਆ। ਪ੍ਰਦਰਸ਼ਨਕਾਰੀ ਧਿਰਾਂ ਦਾ ਦੋਸ਼ ਹੈ ਕਿ ਸੋਮਵਾਰ ਨੂੰ ਜਿਸ ਪ੍ਰਸ਼ਾਸਨ ਨੇ ਵਿਰੋਧੀਆਂ ਦੇ ਇਤਰਾਜ਼ਾਂ ਨੂੰ ਦਰਕਿਨਾਰ ਕਰਕੇ ਭਾਜਪਾ ਉਮੀਦਵਾਰ ਦੇ ਕਾਗਜ਼ਾਂ ਨੂੰ ਸਹੀ ਅਤੇ ਪ੍ਰਵਾਨਿਤ ਐਲਾਨਿਆ ਸੀ, ਉਸੇ ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ ਸੱਤਾ ਦੇ ਦਬਾਅ ਅੱਗੇ ਗੋਡੇ ਟੇਕਦਿਆਂ ਬਦਨੀਤੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।         

   ਨਾਮਜ਼ਦਗੀ ਫਾਰਮ ਉੱਤੇ ਬਾਅਦ ਵਿੱਚ ’ ਪ੍ਰਵਾਨ ਹੈ, ਦੇ ਅੱਗੇ “ਨਹੀਂ” ਸ਼ਬਦ ਲਿਖ ਕੇ ਕਾਗਜ਼ ਰੱਦ ਕਰ ਦਿੱਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ‘ਨਹੀਂ’ ਸ਼ਬਦ ਦੀ ਲਿਖਾਈ ਸਾਫ਼ ਦਿਖਾਈ ਦੇ ਰਹੀ ਹੈ ਕਿ ਇਹ ਬਾਅਦ ਵਿੱਚ ਨਹੀਂ ਸ਼ਬਦ ਸੱਤਾਧਾਰੀਆਂ ਦੀ ਸ਼ਹਿ ’ਤੇ ਕੀਤੀ ਗਈ ਕੋਝੀ ਸਾਜ਼ਿਸ਼ ਹੈ, ਕਿਉਂਕਿ ਉਹ ਲਿਖਾਈ ਅਸਲ ਫਾਰਮ ਨਾਲ ਮੇਲ ਹੀ ਵੀ ਨਹੀਂ ਖਾਂਦੀ!
ਪੁਲਿਸ ਦਾ ਜਬਰ,  ਗੁੱਸਾ ਹੋਇਆ ਦੁੱਗਣਾ..!
   ਜਦੋਂ ਇਸ ਗੈਰ ਲੋਕਤੰਤਰਿਕ ਕਾਰਵਾਈ ਖ਼ਿਲਾਫ਼ ਭਾਜਪਾ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ, ਤਾਂ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਦੀ ਸੁਣਵਾਈ ਕਰਨ ਦੀ ਬਜਾਏ ਪੁਲਿਸ ਦੀ ਬਰਬਰਤਾ ਦਾ ਸਹਾਰਾ ਲਿਆ। ਪੁਲਿਸ ਨੇ ਲੋਕਾਂ ਉੱਤੇ ਅੰਨ੍ਹੇਵਾਹ ਬਲ ਪ੍ਰਯੋਗ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਸੜਕਾਂ ਤੋਂ ਚੁੱਕਿਆ। ਇਸ ਪੁਲਿਸ ਕਾਰਵਾਈ ਤੋਂ ਬਾਅਦ ਲੋਕਾਂ ਦਾ ਰੋਹ ਦੁੱਗਣਾ ਹੋ ਗਿਆ।
ਸਾਰੀਆਂ ਪਾਰਟੀਆਂ ਇਕੱਸੁਰ ਹੋਈਆਂ

   ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਅਗਰਵਾਲ ਧਰਮਸ਼ਾਲਾ ਵਿਖੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਗੁੱਸਾ ਅਸਮਾਨੀਂ ਚੜ੍ਹ ਗਿਆ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਵਪਾਰ ਮੰਡਲ ਦੇ ਪ੍ਰਧਾਨ ਅਨਿੱਲ ਬਾਂਸਲ ਨਾਣਾ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਇੱਕਸੁਰ ਵਿੱਚ ਆਖਿਆ ਕਿ ‘ਆਪ’ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ।
​    ਇੱਕ ਬੰਦ ਕਮਰਾ ਮੀਟਿੰਗ ਤੋਂ ਬਾਅਦ ਆਗੂਆਂ ਨੇ ਗਰਜਦਿਆਂ ਐਲਾਨ ਕੀਤਾ ਕਿ ਬੁੱਧਵਾਰ ਨੂੰ ਬਰਨਾਲਾ ਦੇ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ ਰਹਿਣਗੇ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਆਪਣੀ ਗਲਤੀ ਨਾ ਸੁਧਾਰੀ ਅਤੇ ਇਸ ਸਿਆਸੀ ਧੱਕੇਸ਼ਾਹੀ ਨੂੰ ਨਾ ਰੋਕਿਆ, ਤਾਂ ਸਰਕਾਰ ਖ਼ਿਲਾਫ਼ ਅਜਿਹਾ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਨੂੰ ਸੰਭਾਲਣਾ ਸ਼ਾਸਨ-ਪ੍ਰਸ਼ਾਸਨ ਦੇ ਵੱਸ ਦੀ ਗੱਲ ਨਹੀਂ ਰਹੇਗੀ।

Advertisement
Advertisement
Advertisement
Advertisement
error: Content is protected !!