ਦੋਸਤੀ ਦੇ ਭੇਸ ‘ਚ ਆਇਆ ‘ਕਾਲ’! PG ‘ਚ ਮੈਡੀਕਲ ਵਿਦਿਆਰਥੀ ਦਾ ਕਤਲ

Advertisement
Spread information

ਹਰਿੰਦਰ ਨਿੱਕਾ, ਪਟਿਆਲਾ 19 ਮਈ 2026 

     ਸ਼ਹਿਰ ਦੀ ਨਿਊ ਲਾਲ ਬਾਗ ਕਲੋਨੀ ‘ ਚ ਇੱਕ ਅਜਿਹਾ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦੋਸਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਹੋਇਆ, ਇੰਝ ਕਿ ਮੈਡੀਕਲ ਕਾਲਜ ਵਿੱਚ MBBS (ਜਾਂ ਮੈਡੀਕਲ ਲਾਈਨ) ਦੀ ਪੜ੍ਹਾਈ ਕਰ ਰਹੇ 24 ਵਰ੍ਹਿਆਂ ਦੇ ਕਮਲਦੀਪ ਦਾ ਉਸ ਦੇ ਹੀ ਇੱਕ ਕਥਿਤ ਦੋਸਤ ਮੋਹਿਤ ਵਰਮਾ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਮਾਪੇ ਆਪਣੇ ਜਿਗਰ ਦੇ ਟੁਕੜੇ ਦੇ ਪੀ.ਜੀ. (PG) ਵਿੱਚ ਪਹੁੰਚੇ, ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ। ਕਮਲਦੀਪ ਦੀ ਲਾਸ਼ ਖੂਨ ਨਾਲ ਲੱਥਪੱਥ ਫਰਸ਼ ‘ਤੇ ਪਈ ਸੀ। ਪੁਲਿਸ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰ ਲਿਆ ਹੈ।

ਇਹ ਫੋਟੋ ਅਸਲੀ ਨਹੀਂ, ਸਿਰਫ ਦ੍ਰਿਸ਼ ਚਿੱਤਰਣ ਹੈ

”  ਆਖਰੀ ਫੋਨ ਕਾਲ ਅਤੇ ਖੂਨੀ ਸਾਜ਼ਿਸ਼

     ਪੁਲਿਸ ਨੂੰ ਦਿੱਤੇ ਬਿਆਨ ‘ਚ ਮਾਨਸਾ ਜਿਲ੍ਹੇ ਦੀ ਬਰੇਟਾ ਮੰਡੀ ਦੇ ਰਹਿਣ ਵਾਲੇ ਮਹਿੰਦਰਪਾਲ ਨੇ ਦੱਸਿਆ ਕਿ ਕਮਲਦੀਪ ਪਿਛਲੇ ਦੋ ਹਫ਼ਤਿਆਂ ਤੋਂ ਹੀ ਨਿਊ ਲਾਲ ਬਾਗ ਕਲੋਨੀ ਦੇ ਮਕਾਨ ਨੰਬਰ 105 ਵਿੱਚ ਰਹਿ ਰਿਹਾ ਸੀ। 17 ਮਈ ਦੀ ਰਾਤ ਨੂੰ ਕਰੀਬ 9:45 ਵਜੇ ਕਮਲਦੀਪ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਦੋਸਤ ਮੋਹਿਤ ਵਰਮਾ ਉਸ ਕੋਲ ਆਇਆ ਹੈ ਅਤੇ ਰਾਤ ਨੂੰ ਉੱਥੇ ਹੀ ਰੁਕੇਗਾ। ਅਗਲੀ ਸਵੇਰ 18 ਮਈ 6:15 ਵਜੇ ਵੀ ਕਮਲਦੀਪ ਨੇ ਫੋਨ ਕਰਕੇ ਕਿਹਾ ਕਿ ਉਹ ਉੱਠ ਗਿਆ ਹੈ ਅਤੇ ਕਾਲਜ ਜਾਣ ਲਈ ਤਿਆਰ ਹੋ ਰਿਹਾ ਹੈ। ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਕਮਲਦੀਪ ਦੀ ਆਖਰੀ ਸਵੇਰ ਸੀ!

ਹੱਥਾਂ-ਪੈਰਾਂ ‘ਤੇ ਬੰਨ੍ਹੀਆਂ ਪੱਟੀਆਂ ਅਤੇ ਝੂਠੀ ਕਹਾਣੀ

     ਜਦੋਂ ਦਿਨ ਭਰ ਕਮਲਦੀਪ ਨੇ ਫੋਨ ਨਹੀਂ ਚੁੱਕਿਆ, ਤਾਂ ਚਿੰਤਤ ਪਿਤਾ, ਜਦੋਂ ਨਾਮਜਦ ਦੋਸ਼ੀ ਮੋਹਿਤ ਵਰਮਾ ਦੇ ਘਰ (ਬਰੇਟਾ) ਪਹੁੰਚਿਆ ਤਾਂ ਉੱਥੇ ਮੋਹਿਤ ਦੇ ਹੱਥਾਂ-ਪੈਰਾਂ ‘ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਜਦੋਂ ਪੁੱਛਿਆ ਗਿਆ ਤਾਂ ਮੋਹਿਤ ਨੇ ਬੜੀ ਚਲਾਕੀ ਨਾਲ ਝੂਠੀ ਕਹਾਣੀ ਘੜੀ ਕਿ, “ਮੇਰਾ ਮੋਟਰਸਾਈਕਲ ਵਾਲਿਆਂ ਨਾਲ ਐਕਸੀਡੈਂਟ ਹੋ ਗਿਆ ਸੀ, ਉਹਨਾਂ ਕੋਲ ਕੋਈ ਤਿੱਖੀ ਚੀਜ਼ ਸੀ, ਜਿਸ ਨਾਲ ਉਸ ਨੂੰ ਸੱਟਾਂ ਲੱਗੀਆਂ। ਉਹ ਤਾਂ ਸਵੇਰੇ ਹੀ ਪਟਿਆਲੇ ਤੋਂ ਵਾਪਸ ਆ ਗਿਆ ਸੀ।”

ਜਦੋਂ ਪੀ.ਜੀ. ਪਹੁੰਚੇ ਮਾਪੇ, ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

      ਮੋਹਿਤ ਦੀਆਂ ਗੱਲਾਂ ‘ਤੇ ਸ਼ੱਕ ਹੋਣ ‘ਤੇ ਜਦੋਂ ਕਮਲਦੀਪ ਦੇ ਮਾਤਾ-ਪਿਤਾ ਤੁਰੰਤ ਪਟਿਆਲਾ ਸਥਿਤ ਉਸ ਦੇ ਪੀ.ਜੀ. ਪਹੁੰਚੇ, ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ। ਕਮਲਦੀਪ ਦੀ ਖੂਨ ਨਾਲ ਲੱਥਪੱਥ ਲਾਸ਼ ਫਰਸ਼ ਤੇ ਪਈ ਸੀ। ਉਸ ਦੇ ਗਲੇ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਵਾਰ ਕੀਤੇ ਗਏ ਸਨ। ਕਮਲਦੀਪ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ, ਮੋਹਿਤ ਵਰਮਾ ਖੁਦ ਨੂੰ ਬਚਾਉਣ ਲਈ ਆਪਣੇ ਪਿੰਡ ਭੱਜ ਗਿਆ ਸੀ ਅਤੇ ਲੜਾਈ ਦੌਰਾਨ ਲੱਗੀਆਂ ਸੱਟਾਂ ਨੂੰ ਐਕਸੀਡੈਂਟ ਦਾ ਰੂਪ ਦੇ ਰਿਹਾ ਸੀ।

ਕਤਲ ਦੀ ਖੌਫਨਾਕ ਵਜ੍ਹਾ

     ਮੁਦਈ ਮਹਿੰਦਰਪਾਲ ਮੁਤਾਬਕ, ਦੋਸ਼ੀ ਮੋਹਿਤ ਵਰਮਾ ਅਕਸਰ ਹੀ ਕਮਲਦੀਪ ਕੋਲੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਕਮਲਦੀਪ ਵੱਲੋਂ ਪੈਸੇ ਦੇਣ ਤੋਂ ਮਨ੍ਹਾ ਕਰਨ ‘ਤੇ, ਨਾਮਜ਼ਦ ਦੋਸ਼ੀ ਨੇ ਰੰਜਿਸ਼ ਰੱਖਦਿਆਂ ਰਾਤ ਦੇ ਹਨ੍ਹੇਰੇ ਵਿੱਚ ਇਸ ਖੌਫਨਾਕ ਕਾਂਡ ਨੂੰ ਅੰਜਾਮ ਦੇ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
Advertisement
Advertisement
error: Content is protected !!