ਭਾਜਪਾ ਸਮਰਥੱਕਾਂ ਨੇ ਆਪ ਦਾ ਸਾਬਕਾ ਸਰਪੰਚ ਕੁੱਟ ਕੇ ਭਜਾਇਆ…
ਹਰਿੰਦਰ ਨਿੱਕਾ, ਬਰਨਾਲਾ, 26 ਮਈ 2026
ਨਗਰ ਨਿਗਮ ਦੀ ਪਲੇਠੀ ਚੋਣ ਭਾਰੀ ਹੰਗਾਮੇ, ਕੁੱਝ ਵਾਰਡਾਂ ਵਿੱਚ ਜਾਲ੍ਹੀ ਵੋਟਾਂ ਨੂੰ ਲੈ ਕੇ ਹੋਈਆਂ ਮਾਮੂਲੀ ਹਿੰਸਕ ਝੜਪਾਂ ਅਤੇ ਦੋਸ਼-ਪ੍ਰਤੀਦੋਸ਼ ਦੇ ਸਾਏ ਹੇਠ ਨੇਪਰੇ ਚੜ੍ਹ ਗਈ। ਅੰਬਰੋਂ ਵਰ੍ਹਦੀ ਅੱਗ ਦੇ ਬਾਵਜੂਦ ਵੋਟਰਾਂ ਵਿੱਚ ਸਿਆਸੀ ਪਾਰਾ ਤੰਦੂਰ ਤੀ ਤਰਾਂ ਤਪਿਆ ਰਿਹਾ। ਨਗਰ ਨਿਗਮ ਦੇ ਕੁੱਲ 50 ਵਿੱਚੋਂ ਦੋ ਵਾਰਡਾਂ ਵਿੱਚ ਬਿਨ੍ਹਾਂ ਮੁਕਾਬਲਾਂ ਹੋਈ ਜਿੱਤ ਤੋਂ ਬਾਅਦ 48 ਵਾਰਡਾਂ ਵਿੱਚ ਸਵੇਰੇ 8 ਵਜੇ ਵੋਟਿੰਗ ਦਾ ਕੰਮ ਪੂਰੇ ਉਤਸ਼ਾਹ ਨਾਲ ਸ਼ੁਰੂ ਹੋਇਆ, ਜੋ ਦੁਪਹਿਰ ਵੇਲੇ ਗਰਮੀ ਕਾਰਨ ਕੁਝ ਮੱਠਾ ਜਰੂਰ ਪਿਆ, ਪਰ ਪਿਛਲੇ ਪਹਿਰ ਪੋਲਿੰਗ ਬੂਥਾਂ ਤੇ ਮੁੜ ਰੌਣਕ ਪਰਤ ਆਈ। ਭਾਵੇਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਚੌਕਸੀ ਦੇ ਦਾਅਵੇ ਕਰ ਰਿਹਾ ਸੀ, ਪਰ ਸ਼ਹਿਰ ਦੇ ਕਈ ਵਾਰਡਾਂ ਵਿੱਚ ਸਥਿਤੀ ਤਣਾਅਪੂਰਨ ਬਣੀ ਰਹੀ ਅਤੇ ਸੂਰਜ ਸਿਰ ‘ਤੇ ਆਉਂਦਿਆਂ ਹੀ ਸਿਆਸੀ ਪਾਰਾ ਵੀ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ।
ਪੁਲਿਸ ਦੇ ਸਾਹਮਣੇ ਖੂਨੀ ਝੜਪ, ਭਾਜਪਾ ਉਮੀਦਵਾਰ ਦਾ ਪਤੀ ਜ਼ਖ਼ਮੀ
ਥਾਣਾ ਸਿਟੀ 2 ਬਰਨਾਲਾ ਦੇ ਅਧੀਨ ਪੈਂਦੇ ਵਾਰਡ ਨੰਬਰ 15 ਵਿੱਚ ਸਭ ਤੋਂ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਆਈ.ਟੀ.ਆਈ. ਚੌਂਕ ਨੇੜੇ ਬੀ.ਜੀ.ਐੱਸ. ਸਕੂਲ ਅੰਦਰ ਵੋਟਿੰਗ ਸ਼ਾਂਤੀਪੂਰਵਕ ਚੱਲ ਰਹੀ ਸੀ, ਪਰ ਬਾਹਰ ਸੜਕ ‘ਤੇ ਸਥਿਤੀ ਜੰਗ ਦੇ ਮੈਦਾਨ ਵਿੱਚ ਬਦਲ ਗਈ। ਇੱਥੇ ਸੱਤਾ ਧਿਰ (ਆਪ) ਦੇ ਬਾਹਰੀ ਸਮਰਥਕ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾਂ ਅਤੇ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਦੇ ਪਤੀ ਜਸਬੀਰ ਸਿੰਘ ਗੱਖੀ ਵਿਚਾਲੇ ਤਿੱਖੀ ਬਹਿਸ ਹੋ ਗਈ, ਜੋ ਦੇਖਦੇ ਹੀ ਦੇਖਦੇ ਖੂਨੀ ਝੜਪ ਵਿੱਚ ਬਦਲ ਗਈ। ਇਸ ਝਗੜੇ ਦੌਰਾਨ ਗੱਖੀ ਅਤੇ ਸਾਬਕਾ ਸਰਪੰਚ ਨਿੰਮਾ ਦੀਆਂ ਪੱਗਾਂ ਲੱਥ ਗਈਆਂ। ਜਦੋਂਕਿ ਜਸਬੀਰ ਸਿੰਘ ਗੱਖੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੇ ਸਿਰ ‘ਤੇ ਤਿੰਨ ਟਾਂਕੇ ਲੱਗੇ ਹਨ। ਹਸਪਤਾਲ ਤੋਂ ਗੱਖੀ ਨੇ ਦੋਸ਼ ਲਾਇਆ:
“ਨਿਰਮਲ ਸਿੰਘ ਨਿੰਮਾਂ ਸਣੇ ‘ਆਪ’ ਦੇ ਕਈ ਬਾਹਰੀ ਬੰਦੇ ਸਵੇਰ ਤੋਂ ਹੀ ਜ਼ਾਅਲੀ ਵੋਟਾਂ ਭੁਗਤਾ ਰਹੇ ਸਨ। ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਦੋਂ ਮੈਂ ਖੁਦ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਦੀ ਮੌਜੂਦਗੀ ਵਿੱਚ ਹੀ ਮੇਰੇ ‘ਤੇ ਹਮਲਾ ਕਰ ਦਿੱਤਾ ਗਿਆ।”ਜਦੋਂਕਿ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਦਾ ਝਗੜੇ ਸਬੰਧੀ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਦਾ ਫੋਨ ਬੰਦ ਆ ਰਿਹਾ ਹੈ।
ਵਾਰਡ ਨੰ- 33: ਫਰਵਾਹੀ ਬਜ਼ਾਰ ‘ਚ ਥੱਪੜਾਂ ਦੀ ਬਰਸਾਤ ਅਤੇ ਨਾਅਰੇਬਾਜ਼ੀ
ਹੰਗਾਮੇ ਦੀ ਦੂਜੀ ਵੱਡੀ ਤਸਵੀਰ ਫਰਵਾਹੀ ਬਜ਼ਾਰ (ਵਾਰਡ ਨੰਬਰ 33) ਤੋਂ ਸਾਹਮਣੇ ਆਈ। ਇੱਥੇ ਇੱਕ ਆਜ਼ਾਦ ਉਮੀਦਵਾਰ ਤੇ ਕਈ ਵਾਰ ਦੇ ਐਮਸੀ ਹੇਮਰਾਜ ਗਰਗ ਨੇ ਸੱਤਾਧਿਰ ‘ਤੇ ਧੱਕੇਸ਼ਾਹੀ ਅਤੇ ਜ਼ਾਅਲੀ ਵੋਟਾਂ ਪਵਾਉਣ ਦੇ ਗੰਭੀਰ ਦੋਸ਼ ਲਾਏ। ਬਹਿਸਬਾਜ਼ੀ ਇੰਨੀ ਵਧ ਗਈ ਕਿ ਭਾਜਪਾਈ ਤੋਂ ‘ਆਮ ਆਦਮੀ ਬਣੇ ‘ ਧੀਰਜ ਦੱਧਾਹੂਰ ਅਤੇ ਆਜ਼ਾਦ ਉਮੀਦਵਾਰ ਦੇ ਭਤੀਜੇ ਵਿਚਾਲੇ ਥੱਪੜਾਂ ਤੇ ਘਸੁੰਨ-ਮੁੱਕਿਆਂ ਦੀ ਬਰਸਾਤ ਸ਼ੁਰੂ ਹੋ ਗਈ। ਹਾਲਾਂਕਿ ਮੌਕੇ ‘ਤੇ ਮੌਜੂਦ ਪੁਲਿਸ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਸ਼ ਹੈ ਕਿ ‘ਆਪ’ ਆਗੂ ਸ਼ਰੇਆਮ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਦੀ ਕੁੱਟਮਾਰ ਕਰਦੇ ਰਹੇ। ਜਿਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਧੱਕੇਸ਼ਾਹੀ ਖ਼ਿਲਾਫ਼ ਆਜ਼ਾਦ ਉਮੀਦਵਾਰ ਦੇ ਪਤੀ ਡਾ. ਹੇਮਰਾਜ ਗਰਗ ਨੇ ਆਪਣੇ ਸਮਰਥੱਕਾਂ ਸਣੇ ਬਾਜ਼ਾਰ ਵਿੱਚ ਖੜ੍ਹੇ ਹੋ ਕੇ ‘ਆਪ’ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਡੀ.ਐੱਸ.ਪੀ. ਨਾਲ ਤਕਰਾਰ ਅਤੇ ਥਾਣੇ ‘ਚ ਕੁੱਟਮਾਰ ਦੇ ਦੋਸ਼
ਚੋਣਾਂ ਦੌਰਾਨ ਹੰਗਾਮੇ ਇੱਥੇ ਹੀ ਨਹੀਂ ਰੁਕੇ:
-
ਵਾਰਡ ਨੰਬਰ 8 ਅਤੇ 9: ਇੱਥੇ ‘ਆਪ’ ਉਮੀਦਵਾਰ ਅਤੇ ਮੌਕੇ ‘ਤੇ ਤਾਇਨਾਤ ਇੱਕ ਡੀ.ਐੱਸ.ਪੀ. (DSP) ਵਿਚਾਲੇ ਤਿੱਖੀ ਕਹਾ-ਸੁਣੀ ਹੋਣ ਦੀ ਖ਼ਬਰ ਹੈ।
-
ਵਾਰਡ ਨੰਬਰ 38: ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਸਿਵਾਨੀ ਦੇ ਪਤੀ ਅਤੇ ਭਾਜਪਾ ਯੁਵਾ ਮੋਰਚੇ ਦੇ ਆਗੂ ਰਜਿੰਦਰ ਉੱਪਲ ਨੇ ਪੁਲਿਸ ਪ੍ਰਸ਼ਾਸਨ ‘ਤੇ ਬੇਹੱਦ ਗੰਭੀਰ ਦੋਸ਼ ਲਾਏ ਹਨ। ਉੱਪਲ ਅਨੁਸਾਰ ਪੁਲਿਸ ਨੇ ਸੱਤਾਧਿਰ ਦੇ ਦਬਾਅ ਹੇਠ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਬਜ਼ੁਰਗ ਮਾਤਾ ਨੂੰ ਜ਼ਬਰਦਸਤੀ ਥਾਣੇ ਲਿਜਾ ਕੇ ਮਾਨਸਿਕ ਤੇ ਸਰੀਰਕ ਤੌਰ ‘ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ। ਵਾਰਡ ਨੰਬਰ 30 ਵਿੱਚ ਕਾਂਗਰਸੀ ਆਗੂਆਂ ਨੇ ਸੱਤਾਧਿਰ ਦੇ ਖਿਲਾਫ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਵਾਰਡ ਨੰਬਰ 30 ਵਿੱਚ ਵੋਟਿੰਗ ਖਤਮ ਹੋਣ ਤੋਂ ਮਸਾਂ 10 ਕੁ ਮਿੰਟ ਪਹਿਲਾਂ ਕੁੱਝ ਸ਼ੱਕੀ ਨੌਜਵਾਨ ਪੋਲਿੰਗ ਕੇਂਦਰ ਵਿੱਚ ਜਾ ਵੜੇ, ਜਿੰਨ੍ਹਾਂ ਨੂੰ ਬਾਹਰ ਨਿਕਲਦਿਆਂ ਹੀ ਕਾਂਗਰਸੀ ਅਤੇ ਭਾਜਪਾ ਸਮਰਥਕਾਂ ਨੇ ਘੇਰ ਲਿਆ। ਜਦੋਂ ਭੜਕੇ ਲੋਕਾਂ ਨੇ ਉਨਾਂ ਨਾਲ ਧੱਕਾਮੁੱਕੀ ਸ਼ੁਰੂ ਕੀਤੀ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਹੌਲ ਨੂੰ ਵਿਗੜਨ ਤੋਂ ਬਚਾਅ ਲਿਆ, ਜੇਕਰ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉੱਧਰ ਕਾਂਗਰਸੀ ਆਗੂ ਮੱਖਣ ਸ਼ਰਮਾ ਅਤੇ ਮਹੇਸ਼ ਲੋਟਾ ਨੇ ਕਿਹਾ ਕਿ ਆਪ ਦੀ ਧੱਕੇਸ਼ਾਹੀ , ਇਸ ਗੱਲ ਦਾ ਸਬੂਤ ਹੈ ਕਿ ਉਨਾਂ ਦੇ ਉਮੀਦਵਾਰ ਚੋਣਾਂ ਵਿੱਚ ਹੁੰਦੀ ਹਾਰ ਨੂੰ ਵੇਖ ਕੇ ਬੌਖਲਾਹਟ ਵਿੱਚ ਆ ਕੇ, ਜਾਲ੍ਹੀ ਵੋਟਾਂ ਪਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਆਪ ਦੀ ਧੱਕੇਸ਼ਾਹੀ ਦਾ ਜੁਆਬ ਵੋਟਰ 29 ਮਈ ਨੂੰ ਜਰੂਰ ਦੇ ਦੇਣਗੇ।
ਕੁੱਲ ਮਿਲਾ ਕੇ, ਬਰਨਾਲਾ ਨਗਰ ਨਿਗਮ ਦੀਆਂ ਇਹ ਪਹਿਲੀਆਂ ਚੋਣਾਂ ਲੋਕਤੰਤਰ ਦੇ ਜਸ਼ਨ ਦੇ ਨਾਲ-ਨਾਲ ਸਿਆਸੀ ਟਕਰਾਅ, ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਅਤੇ ਸੱਤਾਧਿਰ ਦੀ ਕਥਿਤ ਧੱਕੇਸ਼ਾਹੀ ਦੇ ਵਿਵਾਦਾਂ ਵਿੱਚ ਘਿਰੀਆਂ ਨਜ਼ਰ ਆਈਆਂ।







